ਤਿੰਨ ਭਗੌੜੇ ਡੇਰਾ ਪ੍ਰੇਮੀਆਂ ਦਾ ਗਿ੍ਫ਼ਤਾਰੀ ਵਾਰੰਟ ਲੈ ਕੇ ਸਿਰਸਾ ਪੁੱਜੀ ‘ਸਿਟ’, ਡੇਰੇ ’ਚ ਚਲਾਇਆ ਸਰਚ ਅਭਿਆਨ

Tuesday, Dec 07, 2021 - 03:05 PM (IST)

ਤਿੰਨ ਭਗੌੜੇ ਡੇਰਾ ਪ੍ਰੇਮੀਆਂ ਦਾ ਗਿ੍ਫ਼ਤਾਰੀ ਵਾਰੰਟ ਲੈ ਕੇ ਸਿਰਸਾ ਪੁੱਜੀ ‘ਸਿਟ’, ਡੇਰੇ ’ਚ ਚਲਾਇਆ ਸਰਚ ਅਭਿਆਨ

ਫ਼ਰੀਦਕੋਟ, (ਰਾਜਨ) - ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਆਈ.ਜੀ. ਐੱਸ.ਪੀ.ਐੱਸ ਪਰਮਾਰ ਦੀ ਅਗਵਾਈ ਹੇਠਲੀ ਸਿਟ ਬੀਤੀ 6 ਦਸੰਬਰ ਨੂੰ ਡੇਰਾ ਸਿਰਸਾ ਵਿਖੇ ਡੇਰੇ ਦੇ ਦੋ ਪ੍ਰਬੰਧਕਾਂ ਪਾਸੋਂ ਪੁੱਛਗਿਛ ਲਈ ਗਈ ਸੀ। ਬੇਅਦਬੀ ਦੇ ਤਿੰਨੇ ਮਾਮਲਿਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ, ਪਵਿੱਤਰ ਅੰਗਾਂ ਨੂੰ ਬਰਗਾੜੀ ਦੀਆਂ ਗਲੀਆਂ ’ਚ ਖਿਲਾਰਣ ਅਤੇ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਦੇ ਬਾਹਰ ਇਤਰਾਜਯੋਗ ਭਾਸ਼ਾ ਵਾਲੇ ਪੋਸਟਰ ਲਗਾਉਣ ਦੀਆਂ ਘਟਨਾਵਾਂ ’ ਦਰਜ ਮੁਕੱਦਮਾ ਨੰਬਰ 117, 128 ਅਤੇ 63 ਵਿੱਚ ਨਾਮਜ਼ਦ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰਾਂ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਦੇ ਗਿ੍ਫ਼ਤਾਰੀ ਵਾਰੰਟ ਨਾਲ ਲਿਜਾਣ ਦੀ ਸੂਰਤ ਵਿੱਚ ਡੇਰੇ ਵਿੱਚ ਸਰਚ ਅਭਿਆਨ ਚਲਾਇਆ ਗਿਆ । ਇਨ੍ਹਾਂ ਦੇ ਡੇਰੇ ਵਿੱਚ ਨਾ ਮਿਲਣ ਦੀ ਸੂਰਤ ਵਿੱਚ ਡੇਰੇ ਦੇ ਪ੍ਰਬੰਧਕਾਂ ਪਾਸੋਂ ਪੁੱਛ-ਗਿੱਛ ਵੀ ਕੀਤੀ ਗਈ। 

ਜ਼ਿਕਰਯੋਗ ਹੈ ਕਿ ਸਿਟ ਵੱਲੋਂ ਗਠਿਤ ਕੀਤੀਆਂ ਪੁਲਸ ਟੀਮਾਂ ਵੱਲੋਂ ਇਨ੍ਹਾਂ ਤਿੰਨਾਂ ਦੀ ਗਿ੍ਫ਼ਤਾਰੀ ਲਈ ਸੂਬੇ ਤੋਂ ਇਲਾਵਾ ਬਾਹਰੀ ਰਾਜਾਂ ਵਿੱਚ ਵੀ ਜੰਗੀ ਪੱਧਰ ’ਤੇ ਛਾਪੇਮਾਰੀ ਜਾਰੀ ਹੈ। ਇਨ੍ਹਾਂ ਤਿੰਨਾਂ ਦੀ ਗਿ੍ਫ਼ਤਾਰੀ ਬੇਅਦਬੀ ਮਾਮਲੇ ਦੇ ਮੁਕੱਦਮਾ ਨੰਬਰ 63 ਜਿਸ ਵਿੱਚ ਸੁਨਾਰੀਆ ਜੇਲ੍ਹ ’ਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਵੀ ਸਾਲ 2018 ਵਿੱਚ  ਨਾਮਜ਼ਦ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਉਕਤ ਤਿੰਨੇ ਭਗੌੜੇ ਮੁਲਜ਼ਮਾਂ ਨੂੰ ਫ਼ਰੀਦਕੋਟ ਅਦਾਲਤ ਵੱਲੋਂ ਬੀਤੀ 21 ਜਨਵਰੀ ਨੂੰ ਭਗੌੜੇ ਐਲਾਨਿਆਂ ਗਿਆ ਸੀ । ਇਸ ਉਪਰੰਤ ਇਨ੍ਹਾਂ ਦੇ ਬਾਰ-ਬਾਰ ਗਿ੍ਫ਼ਤਾਰੀ ਵਾਰੰਟ ਜਾਰੀ ਕੀਤੇ ਜਾਣ ਉਪਰੰਤ ਐੱਸ.ਐੱਸ. ਪੀ ਫ਼ਰੀਦਕੋਟ ਵੱਲੋਂ ਇਨ੍ਹਾਂ ਦੇ ਲੁੱਕ ਲਾਊਟ ਨੋਟਿਸ ਵੀ ਜਾਰੀ ਕੀਤੇ ਜਾ ਚੁੱਕੇ ਹਨ।
 
ਸਿਟ ਮੁਖੀ ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਨੇ ਇਹ ਵੀ ਸਪਸ਼ਟ ਕੀਤਾ ਕਿ ਡੇਰੇ ਦੇ ਪ੍ਰਬੰਧਕ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਵਾਈਸ ਚੇਅਰਪਰਸਨ ਡਾ. ਪੀ.ਆਰ.ਨੈਂਨ ਡੇਰੇ ਵਿੱਚ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਸਿਟ ਵੱਲੋਂ ਤਿੰਨ ਵਾਰ ਇਨ੍ਹਾਂ ਨੂੰ ਸੰਮਨ ਭੇਜਿਆ ਗਿਆ।  ਇਹ ਨਿਰਧਾਰਿਤ ਮਿਤੀਆਂ ’ਚ ਸਿਟ ਮੁਹਰੇ ਮੈਡੀਕਲੀ ਫਿੱਟ ਨਾ ਹੋਂਣ ਦੀ ਸੂਰਤ ਪੇਸ਼ ਨਹੀਂ ਹੋਏ ਜਿਸ ’ਤੇ ਹੁਣ ਸਾਰੀ ਸਿਟ ਚੱਲ ਕੇ ਇਨ੍ਹਾਂ ਕੋਲ ਡੇਰਾ ਸਿਰਸਾ ਪੁੱਜੀ ਹੈ । ਇਹ ਫਿਰ ਵੀ ਡੇਰੇ ਵਿੱਚ ਨਹੀਂ ਮਿਲੇ ਜਿਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਦੋਨੋਂ ਪ੍ਰਬੰਧਕ ਮੈਡੀਕਲੀ ਫਿੱਟ ਹਨ। ਇਸੇ ਲਈ ਡੇਰੇ ’ਚੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਡੇਰਾ ਪ੍ਰਬੰਧਕਾਂ ਨੇ 5 ਦਿਨਾਂ ਦੇ ਅੰਦਰ-ਅੰਦਰ ਇਨ੍ਹਾਂ ਨੂੰ ਸਿਟ ਦੇ ਸਨਮੁੱਖ ਕਰਨ ਦਾ ਇਕਰਾਰ ਕੀਤਾ ਹੈ। ਜੇਕਰ ਫਿਰ ਵੀ ਇਹ ਸਿਟ ਮੁਹਰੇ ਪੇਸ਼ ਨਾ ਹੋਏ ਤਾਂ ਸਿਟ ਮੁੜ ਡੇਰਾ ਸਿਰਸਾ ਵਿਖੇ ਕਿਸੇ ਵੀ ਸਮੇਂ ਪੁੱਛਗਿੱਛ ਕਰਨ ਲਈ ਪੁੱਜ ਸਕਦੀ ਹੈ। ਉਨ੍ਹਾਂ ਸਿਟ ਵੱਲੋਂ ਬੇਅਦਬੀ ਮਾਮਲਿਆਂ ਵਿੱਚ ਹੁਣ ਤੱਕ ਕੀਤੀ ਗਈ ਜਾਂਚ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਕਿਸੇ ਦੀ ਵੀ ਇਸ ਵਿੱਚ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਤੋਂ ਹਰ ਹਾਲਤ ਵਿੱਚ ਪੁੱਛ-ਗਿੱਛ ਕੀਤੀ ਜਾਵੇਗੀ। 


author

rajwinder kaur

Content Editor

Related News