ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੀਆਂ ਧਮਕੀਆਂ ਦਾ ‘ਆਪ’ ’ਤੇ ਕੋਈ ਅਸਰ ਨਹੀਂ : ਭਗਵੰਤ ਮਾਨ
Sunday, Nov 05, 2023 - 09:35 AM (IST)
ਜਲੰਧਰ/ਛੱਤੀਸਗੜ੍ਹ (ਧਵਨ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਦੀਆਂ ਧਮਕੀਆਂ ਦੇਣੀਆਂ ਬੰਦ ਕਰੇ ਕਿਉਂਕਿ ਇਨ੍ਹਾਂ ਧਮਕੀਆਂ ਦਾ ਅਾਮ ਆਦਮੀ ਪਾਰਟੀ ’ਤੇ ਕੋਈ ਅਸਰ ਨਹੀਂ।
ਮੁੱਖ ਮੰਤਰੀ ਭਗਵੰਤ ਮਾਨ ਨੇ ਛੱਤੀਸਗੜ੍ਹ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ‘ਆਪ’ ਦੇ ਉਮੀਦਵਾਰਾਂ ਦੇ ਹੱਕ ’ਚ ਸ਼ਨੀਵਾਰ ਰੋਡ ਸ਼ੋਅ ਕੀਤਾ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉਨ੍ਹਾਂ ਨਾਲ ਸਨ।
ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਵਾਲੇ ਹਰ ਰੋਜ਼ ਕਹਿ ਰਹੇ ਹਨ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਵੇ। ਈ. ਡੀ. ਵਲੋਂ ਨੋਟਿਸ ਭੇਜ ਕੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅਜਿਹੇ ਦਬਾਅ ਨਾਲ ਕੇਜਰੀਵਾਲ ਦੀ ਲਹਿਰ ਨੂੰ ਰੋਕਣਾ ਅਸੰਭਵ ਹੈ ਕਿਉਂਕਿ ਲੋਕ ਚੋਣਾਂ ’ਚ ਭਾਜਪਾ ਦਾ ਬਿਸਤਰਾ ਗੋਲ ਕਰ ਦੇਣਗੇ। ਭਾਜਪਾ ਵਾਲੇ ਇਕ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲੈਣਗੇ ਪਰ ਪਿਛਲੇ 10 ਸਾਲਾਂ ਵਿਚ ਦੇਸ਼ ਵਿਚ ਜਿਹੜੇ ਲੱਖਾਂ ‘ਕੇਜਰੀਵਾਲ’ ਪੈਦਾ ਹੋਏ ਹਨ, ਨੂੰ ਉਹ ਕਿਵੇਂ ਗ੍ਰਿਫਤਾਰ ਕਰਨਗੇ?
ਇਹ ਵੀ ਪੜ੍ਹੋ : ਪਾਕਿਸਤਾਨ ਦੇ ਬਲੋਚਿਸਤਾਨ 'ਚ ਅੱਤਵਾਦੀਆਂ ਨੇ ਫਿਰ ਕੀਤਾ ਫੌਜ ਦੇ ਵਾਹਨਾਂ 'ਤੇ ਹਮਲਾ, 14 ਜਵਾਨ ਸ਼ਹੀਦ
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਇਸ ਵਿਚ ਪਰਿਵਾਰਵਾਦ ਨੂੰ ਹੱਲਾਸ਼ੇਰੀ ਨਹੀਂ ਦਿੱਤੀ ਜਾਂਦੀ ਜਿਵੇਂ ਭਾਜਪਾ ਅਤੇ ਕਾਂਗਰਸ ਵਾਲੇ ਦਿੰਦੇ ਹਨ। ਆਮ ਆਦਮੀ ਪਾਰਟੀ ਨੇ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਸਿਅਾਸਤ ਵਿਚ ਅੱਗੇ ਆਉਣ ਦਾ ਮੌਕਾ ਦਿੱਤਾ ਹੈ, ਜਦਕਿ ਬਾਕੀ ਪਾਰਟੀਆਂ ਵਿਚ ਸਿਰਫ਼ ਭਾਈ-ਭਤੀਜਾਵਾਦ ਹੀ ਭਾਰੂ ਰਹਿੰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਰਗੀਆਂ ਪਾਰਟੀਆਂ ਗਰੀਬਾਂ ਨੂੰ ਤੰਗ-ਪ੍ਰੇਸ਼ਾਨ ਕਰਦੀਆਂ ਹਨ ਤਾਂ ਜੋ ਉਨ੍ਹਾਂ ਦੇ ਬੱਚੇ ਸਿੱਖਿਆ ਪ੍ਰਾਪਤ ਨਾ ਕਰ ਸਕਣ। ਉਹ ਜਾਣਦੀਆਂ ਹਨ ਕਿ ਜੇ ਗਰੀਬਾਂ ਦੇ ਬੱਚੇ ਪੜ੍ਹੇ-ਲਿਖੇ ਹੋਣਗੇ ਤਾਂ ਸਿਆਸਤਦਾਨਾਂ ਦੇ ਪਿੱਛੇ ਕੌਣ ਤੁਰੇਗਾ?
ਇਹ ਵੀ ਪੜ੍ਹੋ : ਜੰਗ 'ਚ ਅਮਰੀਕੀ ਦਬਾਅ ਅੱਗੇ ਝੁਕਣ ਲਈ ਤਿਆਰ ਨਹੀਂ ਇਜ਼ਰਾਈਲ, ਅਸਥਾਈ ਜੰਗਬੰਦੀ ਲਈ ਰੱਖੀ ਸ਼ਰਤ
ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਇਹ ਸੰਦੇਸ਼ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਭ੍ਰਿਸ਼ਟਾਚਾਰ ਰਾਹੀਂ ਜਿੰਨਾ ਚਾਹੁਣ ਪੈਸਾ ਇਕੱਠਾ ਕਰ ਸਕਦੇ ਹਨ ਪਰ ਇਹ ਪੈਸਾ ਇੱਥੇ ਹੀ ਰਹਿ ਜਾਣਾ ਹੈ।
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬਣੇ ਨੂੰ ਅਜੇ ਸਿਰਫ਼ 10 ਸਾਲ ਹੋਏ ਹਨ। 2 ਸੂਬਿਆਂ ਵਿਚ ਇਸ ਦੀਆਂ ਸਰਕਾਰਾਂ ਹਨ। ਦਿੱਲੀ ਤੋਂ ਬਾਅਦ ਪਿਛਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ‘ਆਪ’ ਨੂੰ ਵੱਡੀ ਜਿੱਤ ਮਿਲੀ ਸੀ ਅਤੇ ਇਸ ਦੇ 92 ਵਿਧਾਇਕ ਚੁਣੇ ਗਏ ਸਨ। ਇਸ ਸਮੇਂ ਗੋਆ ਵਿਚ ਸਾਡੇ 2 ਅਤੇ ਗੁਜਰਾਤ ਵਿਚ 5 ਵਿਧਾਇਕ ਹਨ।
ਕੇਜਰੀਵਾਲ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਹੀ ਹੈ, ਜੋ ਗਰੀਬਾਂ ਲਈ ਚੰਗੇ ਸਕੂਲ ਅਤੇ ਚੰਗੇ ਹਸਪਤਾਲ ਬਣਾ ਰਹੀ ਹੈ। ਜੇ ਆਜ਼ਾਦੀ ਤੋਂ ਤੁਰੰਤ ਬਾਅਦ ਦੇਸ਼ ਵਿਚ ਚੰਗੇ ਸਕੂਲ ਅਤੇ ਹਸਪਤਾਲ ਬਣਾਏ ਗਏ ਹੁੰਦੇ ਤਾਂ ਦੇਸ਼ ਵਿਚ ਕੋਈ ਵੀ ਗਰੀਬ ਨਾ ਹੁੰਦਾ। ਆਮ ਆਦਮੀ ਪਾਰਟੀ ਦੇਸ਼ ਦੀ ਸਭ ਤੋਂ ਇਮਾਨਦਾਰ ਪਾਰਟੀ ਹੈ। ਦੇਸ਼ ਦੇ ਲੋਕ ਸਾਡੇ ’ਤੇ ਭਰੋਸਾ ਕਰ ਰਹੇ ਹਨ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ ਸਾਲ ਭਗਵੰਤ ਮਾਨ ਨੂੰ ਜਿਤਾਇਆ ਸੀ। ਹੁਣ ਆਮ ਆਦਮੀ ਪਾਰਟੀ ਦਾ ਹੋਰ ਸੂਬਿਆਂ ਵਿਚ ਵੀ ਤੇਜ਼ੀ ਨਾਲ ਪਸਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸੀ. ਐੱਮ. ਵੋਟਾਂ ਮੰਗਣ ਨਹੀਂ ਆਉਂਦਾ ਪਰ ਆਮ ਆਦਮੀ ਪਾਰਟੀ ਦੇ 2 ਸੀ. ਐੱਮ. ਵੋਟਾਂ ਮੰਗਣ ਆਏ ਹਨ। ਦੂਜੀਆਂ ਪਾਰਟੀਆਂ ਕੋਲ ਚੋਣਾਂ ਲੜਨ ਲਈ ਬਹੁਤ ਪੈਸਾ ਹੈ ਪਰ ਆਮ ਆਦਮੀ ਪਾਰਟੀ ਕੋਲ ਪੈਸੇ ਦੀ ਕਮੀ ਹੈ। ਅਸੀਂ ਲੋਕਾਂ ਤੋਂ ਪੈਸੇ ਲੈ ਕੇ ਚੋਣ ਲੜਦੇ ਹਾਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8