ਮਾਨਸਾ ਹਸਪਤਾਲ ਪੁੱਜੇ ਵਿਧਾਇਕ ਡਾ. ਵਿਜੇ ਸਿੰਗਲਾ ਦਾ ਵਿਰੋਧ, ਪੜ੍ਹੋ ਪੂਰਾ ਮਾਮਲਾ
Saturday, Oct 17, 2026 - 02:07 PM (IST)
ਮਾਨਸਾ : ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਕਾਰਕੁਨ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਨੂੰ ਲੈ ਕੇ ਮਾਨਸਾ 'ਚ ਮਾਹੌਲ ਕਾਫ਼ੀ ਤਣਾਅ ਪੂਰਨ ਬਣਿਆ ਹੋਇਆ ਹੈ। ਇਸੇ ਦੌਰਾਨ ਇਸ ਕੇਸ 'ਚ ਜ਼ਖ਼ਮੀ ਹੋਏ ਨੌਜਵਾਨ ਦਾ ਹਾਲ-ਚਾਲ ਜਾਣਨ ਲਈ ਮਾਨਸਾ ਤੋਂ ਵਿਧਾਇਕ ਡਾ. ਵਿਜੇ ਸਿੰਗਲਾ ਸਰਕਾਰੀ ਹਸਪਤਾਲ ਪਹੁੰਚੇ। ਹਸਪਤਾਲ 'ਚ ਜ਼ਖ਼ਮੀਆਂ ਨਾਲ ਮਿਲਦਿਆਂ ਹੀ ਵਿਧਾਇਕ ਡਾ. ਵਿਜੇ ਸਿੰਗਲਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜ਼ਖ਼ਮੀਆਂ ਦੇ ਇਲਾਜ ਦਾ ਪੂਰਾ ਖ਼ਰਚਾ ਸਰਕਾਰ ਚੁੱਕੇਗੀ ਪਰ ਇਸੇ ਦੌਰਾਨ ਹਸਪਤਾਲ 'ਚ ਮੌਜੂਦ ਨਿਹੰਗ ਸਿੰਘਾਂ ਨੇ ਵਿਧਾਇਕ ਡਾ. ਵਿਜੇ ਸਿੰਗਲਾ ਦਾ ਵਿਰੋਧ ਕੀਤਾ।
ਵਿਰੋਧ ਦੌਰਾਨ ਨਿਹੰਗ ਸਿੰਘਾਂ ਨੇ 'ਮੁਰਦਾਬਾਦ' ਦੇ ਨਾਅਰੇ ਵੀ ਲਗਾਏ, ਜਿਸ ਨਾਲ ਉੱਥੋਂ ਦਾ ਮਾਹੌਲ ਹੋਰ ਵੀ ਤਣਾਅ ਪੂਰਨ ਹੋ ਗਿਆ। ਹਾਲਾਤ ਨੂੰ ਦੇਖਦਿਆਂ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਨਜ਼ਰ ਆਇਆ। ਪੁਲਸ ਮੁਲਾਜ਼ਮਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਵਿਧਾਇਕ ਡਾ. ਵਿਜੇ ਸਿੰਗਲਾ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢ ਲਿਆ। ਪਰਵਿੰਦਰ ਸਿੰਘ ਝੋਟਾ ਕਤਲਕਾਂਡ ਤੋਂ ਬਾਅਦ ਮਾਨਸਾ 'ਚ ਤਣਾਅ ਪੂਰਨ ਹਾਲਾਤ ਬਣੇ ਹੋਏ ਹਨ।
