ਜਾਣੋ ਪਰਵਿੰਦਰ ਝੋਟਾ ਮਾਮਲੇ ''ਚ ਅੱਜ ਕੀ-ਕੀ ਹੋਇਆ: CBI ਐਕਸ਼ਨ ਸ਼ੁਰੂ; 2 ਅਫ਼ਸਰ ਸਸਪੈਂਡ, ਪੜ੍ਹੋ ਪੂਰੀ ਅਪਡੇਟ
Wednesday, Oct 21, 2026 - 07:17 PM (IST)
ਮਾਨਸਾ (ਵੈੱਬ ਡੈਸਕ): ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਾਨਸਾ ਦੌਰੇ ਮਗਰੋਂ ਅੱਜ ਦਾ ਦਿਨ ਪਰਵਿੰਦਰ ਸਿੰਘ ਝੋਟੇ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਕਾਫ਼ੀ ਅਹਿਮ ਰਿਹਾ। ਬੀਤੀ ਦੇਰ ਰਾਤ ਨੂੰ ਹੀ CBI ਦੀਆਂ ਟੀਮਾਂ ਮਾਨਸਾ ਦੇ ਸਿਟੀ-2 ਥਾਣੇ ਵਿਚ ਪਹੁੰਚ ਗਈਆਂ ਤੇ ਮਾਮਲੇ ਸਬੰਧੀ ਸਾਰਾ ਰਿਕਾਰਡ ਹਾਸਲ ਕੀਤਾ। CBI ਨੇ ਕੇਸ ਟੇਕਓਵਰ ਕਰ ਲਿਆ ਤੇ ਅੱਜ ਦਿਨ ਚੜ੍ਹਦਿਆਂ ਹੀ CBI ਚੰਡੀਗੜ੍ਹ ਦੇ ਦਫ਼ਤਰ ਵਿਚ ਇਕ ਨਵੀਂ ਐੱਫ. ਆਈ. ਆਰ. ਦਰਜ ਕਰ ਲਈ ਗਈ। ਇਸ ਐੱਫ.ਆਈ.ਆਰ. ਨੂੰ ਪੁਰਾਣੀ ਐੱਫ.ਆਈ.ਆਰ. ਦਾ ਅਧਾਰ ਬਣਾ ਕੇ ਦਰਜ ਕੀਤਾ ਗਿਆ ਹੈ।
ਇਸ ਤੋਂ ਬਾਅਦ ਸੀ.ਬੀ.ਆਈ. ਦੀਆਂ ਟੀਮਾਂ ਸਵੇਰੇ 11 ਵਜੇ ਦੇ ਕਰੀਬ ਪਰਵਿੰਦਰ ਸਿੰਘ ਝੋਟੇ ਦੇ ਘਰ ਪਹੁੰਚੀਆਂ ਤੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੀ. ਬੀ. ਆਈ. ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕਰ ਲਏ ਹਨ। ਹਾਲਾਂਕਿ ਇਸ ਦੌਰਾਨ ਸੀ.ਬੀ.ਆਈ. ਦੀਆਂ ਟੀਮਾਂ ਮੀਡੀਆ ਅੱਗੇ ਕੁਝ ਵੀ ਬੋਲਣ ਤੋਂ ਬਚਦੀਆਂ ਰਹੀਆਂ। ਟੀਮਾਂ ਦੀ ਅਗਵਾਈ ਸੀ.ਬੀ.ਆਈ. ਦੇ ਡੀ.ਆਈ.ਜੀ. ਨਵਦੀਪ ਬਰਾੜ ਕਰ ਰਹੇ ਹਨ ਤੇ ਉਹ ਖ਼ੁਦ ਝੋਟੇ ਦੇ ਘਰ ਗਏ ਤੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਇਸ ਮਗਰੋਂ ਸੈਂਟਰਲ ਫੋਰੈਂਸਿਕ ਸਾਇੰਸ ਲੈਬੋਰਟਰੀ (CFSL) ਦੀਆਂ ਟੀਮਾਂ ਅਸ਼ਵਨੀ ਕੁਮਾਰ ਦੀ ਦੁਕਾਨ 'ਤੇ ਪਹੁੰਚੀਆਂ, ਜਿਸ ਨੇ ਪਰਵਿੰਦਰ ਸਿੰਘ ਝੋਟੇ ਦਾ ਗੋਲ਼ੀਆਂ ਮਾਰ ਕੇ ਕਤਲ ਕੀਤਾ ਸੀ। ਫੋਰੈਂਸਿਕ ਟੀਮਾਂ ਵੱਲੋਂ ਉਸ ਥਾਂ 'ਤੇ ਜਾਂਚ ਕੀਤੀ ਗਈ ਤੇ ਤਕਰੀਬਨ 8 ਥਾਵਾਂ 'ਤੇ ਨਿਸ਼ਾਨ ਲਗਾ ਕੇ ਨਿਸ਼ਾਨਦੇਹੀ ਕੀਤੀ ਗਈ। ਟੀਮਾਂ ਵੱਲੋਂ ਦੁਕਾਨ ਦੇ ਮਲਬੇ ਦੀ ਵੀ ਜਾਂਚ ਕੀਤੀ ਗਈ ਤੇ ਨਜ਼ਦੀਕ ਖਿੱਲਰੀਆਂ ਦਵਾਈਆਂ ਤੇ ਹੋਰ ਸਬੂਤਾਂ ਦੀ ਜਾਂਚ ਕਰਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਸੀ.ਬੀ.ਆਈ. ਦੀਆਂ ਟੀਮਾਂ ਵੱਲੋਂ ਬਾਜ਼ਾਰ 'ਚ ਜਾ ਅਸ਼ਵਨੀ ਕੁਮਾਰ ਦੀ ਦੁਕਾਨ ਦੇ ਨੇੜਲੀਆਂ ਦੁਕਾਨਾਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਡੀ.ਵੀ.ਆਰ. ਕਬਜ਼ੇ ਵਿਚ ਲੈ ਲਏ ਗਏ ਹਨ।
ਟੀਮਾਂ ਨਾਲ ਮੁਲਾਕਾਤ ਮਗਰੋਂ ਪਰਵਿੰਦਰ ਸਿੰਘ ਝੋਟੇ ਦੀ ਪਤਨੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਦੱਸਿਆ ਕਿ ਸੀ.ਬੀ.ਆਈ. ਵੱਲੋਂ ਪਰਵਿੰਦਰ ਸਿੰਘ ਝੋਟੇ ਦਾ ਪੋਸਟਮਰਾਟਮ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਜੋ ਅਹਿਮ ਸਬੂਤ ਖ਼ਤਮ ਨਾ ਹੋਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਫ਼ਿਲਹਾਲ ਇਹ ਕਹਿ ਕੇ ਪੋਸਟਮਾਰਟਮ ਟਾਲ਼ ਦਿੱਤਾ ਹੈ ਕਿ ਅਸੀਂ ਐਕਸ਼ਨ ਕਮੇਟੀ ਤੇ ਸੰਗਤ ਦੇ ਫ਼ੈਸਲੇ ਬਿਨਾਂ ਕੋਈ ਰਾਏ ਨਹੀਂ ਦੇ ਸਕਦੇ ਤੇ ਉਹ ਅੱਜ ਮੰਚ 'ਤੇ ਸੰਗਤ ਦੀ ਰਾਏ ਲੈਣ ਹੀ ਆਏ ਹਨ। ਉਨ੍ਹਾਂ ਕਿਹਾ ਕਿ ਜੋ ਵੀ ਸੰਗਤ ਤੇ ਐਕਸ਼ਨ ਕਮੇਟੀ ਦੀ ਰਾਏ ਹੋਵੇਗੀ, ਉਸ ਤੋਂ ਬਾਅਦ ਹੀ ਪੋਸਟਮਾਰਟਮ ਬਾਰੇ ਹਾਂ ਜਾਂ ਨਾਂਹ ਕੀਤੀ ਜਾਵੇਗੀ।
ਇਸ ਤੋਂ ਬਾਅਦ ਐਕਸ਼ਨ ਕਮੇਟੀ ਵੱਲੋਂ ਆਪਸ ਵਿਚ ਮੀਟਿੰਗ ਕੀਤੀ ਗਈ ਤੇ ਫ਼ਿਰ ਦੇਰ ਸ਼ਾਮ ਸਵਾ 4 ਵਜੇ ਦੇ ਕਰੀਬ ਸਥਾਨਕ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ, ਜਿਸ ਵਿਚ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਵਿਸ਼ੇਸ਼ ਸਕੱਤਰ ਅਪਨੀਤ ਰਿਆਤ, ਫਰੀਦਕੋਟ ਦੇ ਡਿਵੀਜ਼ਨਲ ਕਮਿਸ਼ਨਰ ਕੰਵਲਪ੍ਰੀਤ ਬਰਾੜ, ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ ਮੌਜੂਦ ਰਹੇ। ਇਹ ਮੀਟਿੰਗ ਪੌਣੇ 7 ਵਜੇ ਤਕ ਚੱਲਦੀ ਰਹੀ, ਜਿਸ ਮਗਰੋਂ ਪਰਿਵਾਰ ਤੇ ਐਕਸ਼ਨ ਕਮੇਟੀ ਦੇ ਮੈਂਬਰ ਬਾਹਰ ਆਏ ਤੇ ਅੱਜ ਦੀ ਮੀਟਿੰਗ ਬਾਰੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਤੇ ਆਖ਼ਿਆ ਕਿ ਇਸ ਬਾਰੇ ਕੋਈ ਵੀ ਬਿਆਨ ਅਧਿਕਾਰੀ ਹੀ ਦੇਣਗੇ।
ਮੀਟਿੰਗ ਮਗਰੋਂ ਅਧਿਕਾਰੀਆਂ ਦੇ ਵੱਲੋਂ ਮੀਡੀਆ ਤੋਂ ਬਿਨਾਂ ਕੋਈ ਸਵਾਲ ਲਏ ਆਪਣਾ ਬਿਆਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ 19 ਤਾਰੀਖ਼ ਦੀ ਮੀਟਿੰਗ ਵਿਚ ਕੁੱਲ 14 ਮੰਗਾਂ ਰੱਖੀਆਂ ਗਈਆਂ ਸਨ। ਅੱਜ ਦੀ ਮੀਟਿੰਗ ਵਿਚ ਐਕਸ਼ਨ ਕਮੇਟੀ ਤੇ ਪਰਿਵਾਰ ਨੂੰ ਇਨ੍ਹਾਂ ਮੰਗਾਂ ਬਾਰੇ ਸਰਕਾਰ ਦੇ ਫ਼ੈਸਲੇ ਬਾਰੇ ਜਾਣੂੰ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੀ.ਬੀ.ਆਈ. ਜਾਂਚ ਸਮੇਤ ਮੁੱਖ ਮੰਗਾਂ 'ਤੇ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਕਿਹਾ ਹੈ ਕਿ ਉਹ ਇਸ ਬਾਰੇ ਕਮੇਟੀ ਨਾਲ ਮੀਟਿੰਗ ਕਰ ਕੇ ਦੁਬਾਰਾ ਉਨ੍ਹਾਂ ਨਾਲ ਮੀਟਿੰਗ ਕਰਨਗੇ।
ਮੀਟਿੰਗ ਖ਼ਤਮ ਹੋਣ ਤੋਂ ਬਾਅਦ ਦੇਰ ਸ਼ਾਮ ਐੱਸ.ਐੱਸ.ਪੀ. ਮਾਨਸਾ ਤੋਂ ਪਤਾ ਲੱਗਿਆ ਕਿ ਡੀ.ਐੱਸ.ਪੀ. ਮਾਨਸਾ ਹਰਜਿੰਦਰ ਸਿੰਘ ਗਿੱਲ ਅਤੇ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇੱਥੇ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਮਾਨਸਾ ਸਿਟੀ-2 ਦੀ ਐੱਸ.ਐੱਚ.ਓ. ਇੰਸਪੈਕਟਰ ਬੇਅੰਤ ਕੌਰ ਨੂੰ ਵੀ ਮੁਅੱਤਲ ਕੀਤਾ ਜਾ ਚੁੱਕਿਆ ਹੈ।
