ਅਮਰੀਕਾ ਭੇਜਣ ਦੇ ਨਾਂ ''ਤੇ ਠੱਗੇ ਲੱਖਾਂ ਰੁਪਏ

02/19/2020 1:14:42 AM

ਟਾਂਡਾ ਉਡ਼ਮੁਡ਼, (ਪੰਡਿਤ)- ਟਾਂਡਾ ਪੁਲਸ ਨੇ ਪਿੰਡ ਕੰਧਾਲਾ ਸ਼ੇਖਾਂ ਵਾਸੀ ਨੌਜਵਾਨ ਨੂੰ ਅਮਰੀਕਾ ਭੇਜਣ ਦੇ ਨਾਂ ’ਤੇ 8 ਲੱਖ 70 ਹਜ਼ਾਰ ਰੁਪਏ ਠੱਗਣ ਵਾਲੇ ਟਰੈਵਲ ਏਜੰਟ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਕੁਲਵਿੰਦਰਪਾਲ ਸਿੰਘ ਪੁੱਤਰ ਫੌਜਾ ਰਾਮ ਵਾਸੀ ਕੰਧਾਲਾ ਸ਼ੇਖਾਂ ਦੇ ਬਿਆਨ ਦੇ ਆਧਾਰ ’ਤੇ ਸੁਖਵਿੰਦਰ ਸਿੰਘ ਸੁੱਖਾ ਪੁੱਤਰ ਦਰਸ਼ਨ ਸਿੰਘ ਵਾਸੀ ਘੋਡ਼ੇਸ਼ਾਹ ਅਵਾਣ ਖਿਲਾਫ਼ ਦਰਜ ਕੀਤਾ ਹੈ। ਆਪਣੇ ਬਿਆਨ ਵਿਚ ਕੁਲਵਿੰਦਰ ਪਾਲ ਨੇ ਦੱਸਿਆ ਕਿ ਉਸ ਦੀ ਉਕਤ ਮੁਲਜ਼ਮ ਨਾਲ ਉਸ ਦੇ ਬੇਟੇ ਮਨਦੀਪ ਨੂੰ ਅਮਰੀਕਾ ਭੇਜਣ ਲਈ 18 ਲੱਖ ਰੁਪਏ ਵਿਚ ਗੱਲਬਾਤ ਤੈਅ ਹੋਈ ਸੀ। ਉਸ ਨੇ ਸਾਡੇ ਕੋਲੋਂ 8 ਲੱਖ ਰੁਪਏ ਅਤੇ ਪਾਸਪੋਰਟ ਲਏ। ਕੁਝ ਦਿਨਾਂ ਬਾਅਦ ਉਹ ਮੇਰੇ ਬੇਟੇ ਨੂੰ ਦਿੱਲੀ ਲੈ ਗਿਆ ਅਤੇ ਕਿਹਾ ਕਿ 2500 ਡਾਲਰ ਨਾਲ ਲੈ ਲਵੇ, ਉਸ ਨੂੰ ਅਮਰੀਕਾ ਭੇਜਣਾ ਹੈ। ਅਸੀਂ ਉਸ ਨੂੰ 2500 ਡਾਲਰ ਦੇ ਕੇ ਉਨ੍ਹਾਂ ਨਾਲ ਭੇਜ ਦਿੱਤਾ। ਦੋਸ਼ੀ ਨੇ ਮੇਰੇ ਲਡ਼ਕੇ ਨੂੰ ਅਮਰੀਕਾ ਭੇਜਣ ਦੀ ਬਜਾਏ ਇਕਵਾਡੋਰ ਭੇਜ ਦਿੱਤਾ ਅਤੇ ਉੱਥੇ ਇਕ ਹੋਟਲ ਵਿਚ ਠਹਿਰਾਇਆ। ਕੁਝ ਦਿਨਾਂ ਬਾਅਦ ਉੱਥੋਂ ਦੇ ਏਜੰਟ ਨੇ ਮੇਰੇ ਬੇਟੇ ਨੂੰ ਅਗਵਾ ਕਰ ਲਿਆ ਅਤੇ ਫੋਨ ’ਤੇ 8 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਕਿਹਾ ਕਿ ਜੇਕਰ ਪੈਸੇ ਨਾ ਭੇਜੇ ਤਾਂ ਲਡ਼ਕੇ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਜਦੋਂ ਮੈਂ ਦੋਵਾਂ ਏਜੰਟਾਂ ਨਾਲ ਗੱਲ ਕੀਤੀ ਤਾਂ ਉਹ ਟਾਲ-ਮਟੋਲ ਕਰਨ ਲੱਗੇ। ਏਜੰਟਾਂ ਦਾ ਸਾਥੀ ਜੋ ਇਕਵਾਡੋਰ ਵਿਚ ਸੀ, ਉਸ ਨੇ ਵ੍ਹਟਸਐਪ ਜ਼ਰੀਏ ਲਡ਼ਕੇ ਨਾਲ ਵੀਡੀਓ ਕਾਲ ਕਰਵਾਈ, ਜਿੱਥੇ ਉਸ ਨੂੰ ਰੱਸੀਆਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ ਅਤੇ ਕੁੱਟ-ਮਾਰ ਕੀਤੀ ਗਈ ਸੀ। ਅਸੀਂ ਆਪਣੇ ਬੇਟੇ ਦੀ ਜਾਨ ਬਚਾਉਣ ਲਈ 6 ਲੱਖ ਰੁਪਏ ਉਨ੍ਹਾਂ ਨੂੰ ਭੇਜ ਦਿੱਤੇ ਅਤੇ ਉਨ੍ਹਾਂ ਨੇ ਮੇਰੇ ਬੇਟੇ ਨੂੰ ਛੱਡ ਦਿੱਤਾ। ਮੈਂ ਕਿਸੇ ਹੋਰ ਏਜੰਟ ਰਾਹੀਂ ਆਪਣੇ ਲਡ਼ਕੇ ਨੂੰ ਕਿਸੇ ਹੋਰ ਦੇਸ਼ ਭੇਜ ਦਿੱਤਾ। ਜਦੋਂ ਮੈਂ ਆਪਣੀ ਰਕਮ ਏਜੰਟ ਤੋਂ ਮੰਗੀ ਤਾਂ ਉਸ ਨੇ ਵਾਪਸ ਨਾ ਕੀਤੀ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News