ਵਰ੍ਹਦੇ ਮੀਂਹ ’ਚ ਪੰਜਾਬ ਦੇ ਕੋਨੇ-ਕੋਨੇ ’ਚੋਂ ਚੰਡੀਗੜ੍ਹ ਪੁੱਜੇ ਹਜ਼ਾਰਾਂ ਮੁਲਾਜ਼ਮ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Sunday, Sep 12, 2021 - 12:34 PM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਬੈਨਰ ਹੇਠ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾ ਦੇ ਮੁਲਾਜ਼ਮਾਂ ਨੇ ਚੰਡੀਗੜ੍ਹ ਦੇ ਸੈਕਟਰ-39 ਸਥਿਤ ਅਨਾਜ ਮੰਡੀ ਵਿਖੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਰੈਲੀ ਕੀਤੀ। ਹਾਲਾਂਕਿ ਮੁਲਾਜ਼ਮਾਂ ਦਾ ਪ੍ਰੋਗਰਾਮ ਰੈਲੀ ਤੋਂ ਬਾਅਦ ਮਾਰਚ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਤੱਕ ਜਾਣ ਦਾ ਸੀ ਪਰ ਰੈਲੀ ਦੀ ਸਟੇਜ ’ਤੇ ਹੀ ਪੁੱਜੇ ਮੁੱਖ ਮੰਤਰੀ ਦੇ ਓ. ਐੱਸ. ਡੀ. ਸੰਦੀਪ ਸਿੰਘ ਬਰਾੜ ਵਲੋਂ ਮੁਲਾਜ਼ਮ ਆਗੂਆਂ ਦੀ ਮੁੱਖ ਮੰਤਰੀ ਨਾਲ ਬੈਠਕ 20 ਸਤੰਬਰ ਨੂੰ ਕਰਵਾਉਣ ਦੀ ਗੱਲ ਕਹੇ ਜਾਣ ’ਤੇ ਇਸ ਰੋਸ ਮਾਰਚ ਨੂੰ ਟਾਲ ਦਿੱਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਕਨਵੀਨਰਾਂ ਸਤੀਸ਼ ਰਾਣਾ, ਜਗਦੀਸ਼ ਚਾਹਲ, ਜਰਮਨਜੀਤ ਸਿੰਘ, ਸੁਖਦੇਵ ਸੈਣੀ, ਠਾਕੁਰ ਸਿੰਘ, ਅਵਿਨਾਸ਼ ਚੰਦਰ ਸ਼ਰਮਾਂ, ਕਰਮ ਸਿੰਘ ਧਨੋਆ, ਸੁਖਚੈਨ ਖਹਿਰਾ, ਵਾਸਵੀਰ ਸਿੰਘ ਭੁੱਲਰ, ਸਤਨਾਮ ਸਿੰਘ, ਸੁਖਜੀਤ ਸਿੰਘ, ਪ੍ਰੇਮ ਸਾਗਰ ਸ਼ਰਮਾ, ਕੁਲਵਰਨ ਸਿੰਘ, ਪਰਵਿੰਦਰ ਖੰਗੂੜਾ, ਜਸਵੀਰ ਤਲਵਾੜਾ, ਦਵਿੰਦਰ ਸਿੰਘ ਬੈਨੀਪਾਲ ਅਤੇ ਰਣਵੀਰ ਸਿੰਘ ਢਿਲੋਂ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਤਨਖਾਹ ਕਮਿਸ਼ਨ ਸਬੰਧੀ 113% ਮਹਿੰਗਾਈ ਭੱਤੇ ਨੂੰ ਆਧਾਰ ਮੰਨ ਕੇ ਕੀਤੇ ਜਾ ਰਹੇ 15% ਤਨਖਾਹ ਵਾਧੇ ਦੇ ਫੈਸਲੇ ਨੂੰ ਕਿਸੇ ਵੀ ਕੀਮਤ ਵਿਚ ਮਨਜ਼ੂਰ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਆਖਿਆ ਕਿ ਸਾਂਝਾ ਫਰੰਟ 125% ਮਹਿੰਗਾਈ ਭੱਤੇ ਨੂੰ ਆਧਾਰ ਮੰਨ ਕੇ ਘੱਟੋ-ਘੱਟੋ 20% ਤਨਖਾਹ ਵਾਧਾ ਦਿੰਦਿਆਂ ਰਿਵਾਈਜ਼ਡ ਕੈਟਾਗਰੀਆਂ ਲਈ 2.72, ਪਾਰਸ਼ਲੀ ਰਿਵਾਇਜ਼ਡ ਕੈਟਾਗਰੀਆਂ ਲਈ 2.89 ਅਤੇ ਅਨ-ਰਿਵਾਇਜ਼ਡ ਕੈਟਾਗਰੀਆਂ ਲਈ 3.06 ਦੇ ਗੁਣਾਂਕ ਅਨੁਸਾਰ ਤਨਖਾਹ ਕਮਿਸ਼ਨ ਲਾਗੂ ਕਰਵਾਉਣ ਲਈ ਸੰਘਰਸ਼ ਜਾਰੀ ਰੱਖੇਗਾ। ਮੁਲਾਜ਼ਮ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨਾਲ 20 ਸਤੰਬਰ ਨੂੰ ਹੋਣ ਵਾਲੀ ਮੀਟਿੰਗ ’ਚ ਮੁਲਾਜ਼ਮ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ 2 ਅਕਤੂਬਰ ਤੋਂ ਪਟਿਆਲਾ ਵਿਖੇ ਪੱਕਾ ਮੋਰਚਾ ਲਗਾਇਆ ਜਾਵੇਗਾ।