ਪਟਿਆਲਾ ’ਚ ਝੰਬੋ ਚੋਅ ਨੇ ਮਚਾਈ ਤਬਾਹੀ, ਹਜ਼ਾਰਾਂ ਏਕੜ ਝੋਨੇ ਦੀ ਫਸਲ ਡੁੱਬੀ
Wednesday, Jul 12, 2023 - 01:06 PM (IST)
ਪਟਿਆਲਾ/ਰੱਖੜਾ (ਬਲਜਿੰਦਰ, ਰਾਣਾ) : ਪਿਛਲੇ 3 ਦਿਨ ਤੋਂ ਹੋ ਰਹੀ ਮੋਹਲੀਧਾਰ ਵਰਖਾ ਕਾਰਨ ਜਿੱਥੇ ਸਮੁੱਚੀਆਂ ਬਰਸਾਤੀ ਨਦੀਆਂ ਤੇ ਨਾਲੇ ਇਸ ਸਮੇਂ ਉਫਾਨ ’ਤੇ ਹਨ, ਉੱਥੇ ਪਟਿਆਲਾ ਦਿਹਾਤੀ, ਸ਼ੁੱਤਰਾਣਾ, ਨਾਭਾ ਤੇ ਸਮਾਣਾ ਹਲਕੇ ਦੇ ਪਿੰਡਾਂ ’ਚੋਂ ਲੰਘਦੀ ਝੰਬੋ ਚੋਅ ਨੇ ਤਬਾਹੀ ਮਚਾ ਦਿੱਤੀ ਹੈ। ਝੰਬੋ ਚੋਅ ਦਾ ਪਾਣੀ ਉਛਲ ਕੇ ਖੇਤਾਂ ’ਚ ਪਹੁੰਚ ਗਿਆ ਅਤੇ ਹਜ਼ਾਰਾਂ ਏਕੜ ਝੋਨੇ ਦੀ ਫਸਲ ਡਬੋ ਦਿੱਤੀ। ਝੰਬੋ ਚੋਅ ਇਨ੍ਹਾਂ ਪਿੰਡਾਂ ’ਚੋਂ ਲੰਘਦੀ ਹੋਈ ਇਕ ਬਰਸਾਤੀ ਡਰੇਨ ਹੈ, ਜਿਸ ’ਚ ਬਰਸਾਤੀ ਪਾਣੀ ਦੀ ਨਿਕਾਸੀ ਹੁੰਦੀ ਹੈ ਪਰ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇਹ ਡਰੇਨ ਉਫਾਨ ’ਤੇ ਹੈ, ਜਿਸ ਨੇ ਕਈ ਪਿੰਡਾਂ ਦੇ ਨੀਵੇਂ ਇਲਾਕੇ ਡੁਬੋ ਦਿੱਤੇ ਅਤੇ ਹਜ਼ਾਰਾਂ ਏਕੜ ਝੋਨੇ ਦੀ ਫਸਲ ਨੂੰ ਲਪੇਟ ’ਚ ਲੈ ਲਿਆ। ਜਦੋਂ ਝੰਬੋ ਚੋਅ ਦਾ ਪਾਣੀ ਅਤੇ ਬਰਸਾਤ ਦਾ ਪਾਣੀ ਇਨ੍ਹਾਂ ਪਿੰਡਾਂ ’ਚੋਂ ਸਹੀ ਤਰੀਕੇ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਈ ਤਾਂ ਅੱਜ ਕਿਸਾਨਾਂ ਨੇ ਪਟਿਆਲਾ ਨਾਭਾ ਰੋਡ ਨਜ਼ਦੀਕ ਰਜਬਾਹੇ ’ਚੋਂ ਰਸਤਾ ਬਣਾ ਕੇ ਪਾਣੀ ਦੀ ਨਿਕਾਸੀ ਕੀਤੀ ਤਾਂ ਕਿ ਫਸਲਾਂ ਨੂੰ ਬਚਾਇਆ ਜਾ ਸਕੇ ਅਤੇ ਪਿੰਡਾਂ ਨੂੰ ਡੁੱਬਣ ਤੋਂ ਬਚਾਇਆ ਜਾ ਸਕੇ। ਜਦੋਂ ‘ਜਗ ਬਾਣੀ’ ਟੀਮ ਨੇ ਝੰਬੋ ਚੋਅ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤਾਂ ਦੇਖਿਆ ਗਿਆ ਕਿ ਬਹੁਤ ਸਾਰੀਆਂ ਲਿੰਕ ਸੜਕਾਂ ਪਿੰਡਾਂ ਨਾਲੋਂ ਕੱਟ ਚੁੱਕੀਆਂ ਹਨ, ਚਾਰੇ ਪਾਸੇ ਪਾਣੀ ਹੀ ਪਾਣੀ ਦੇਖਣ ਨੂੰ ਮਿਲਿਆ। ਜ਼ਿਆਦਾਤਰ ਲੋਕ ਆਪਣੇ ਘਰਾਂ ’ਚ ਹੀ ਰਹੇ ਕਿਉਂਕਿ ਕਈ ਨੀਵੀਆਂ ਥਾਵਾਂ ’ਤੇ ਪਾਣੀ ਦੇ ਬਹਾਅ ਕਾਰਨ ਉੱਥੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਸੀ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਇਲਾਕੇ ’ਚ ਪਹਾੜਾਂ ਦਾ ਪਾਣੀ ਨਹੀਂ ਆਉਂਦਾ, ਸਗੋਂ ਇਹ ਲਗਾਤਾਰ ਹੋਈ ਬਾਰਿਸ਼ ਦੇ ਕਾਰਨ ਹੀ ਇਕੱਠਾ ਹੋਇਆ ਪਾਣੀ ਹੈ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਹਨ ਕਿ ਝੰਬੋ ਚੋਅ ਦੀ ਸਫਾਈ ਸਹੀ ਤਰੀਕੇ ਨਾਲ ਕੀਤੀ ਜਾਵੇ। ਇਸ ਨੂੰ ਹੋਰ ਡੂੰਘਾ ਕਰ ਕੇ ਇਸ ਦੇ ਬੰਨਿਆਂ ਨੂੰ ਉੱਚਾ ਕੀਤਾ ਜਾਵੇ ਤਾਂ ਕਿ ਬਰਸਾਤੀ ਪਾਣੀ ਦੇ ਇਸ ਦੇ ਕਿਨਾਰਿਆਂ ਤੋਂ ਬਾਹਰ ਆ ਕੇ ਫਸਲਾਂ ਤਬਾਹ ਨਾ ਕਰ ਸਕੇ।
ਇਹ ਵੀ ਪੜ੍ਹੋ : ਮੁੱਖ ਸਕੱਤਰ ਨੇ ਮੀਂਹ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ
ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਇਥੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਜਿਹੜੇ ਸਾਈਫਨ ਬਣੇ ਹੋਏ ਹਨ, ਉਹ ਬਹੁਤ ਛੋਟੇ ਹਨ। ਕਾਫੀ ਪੁਰਾਣੇ ਸਮੇਂ ਦੇ ਹੋਣ ਕਾਰਨ ਪਾਣੀ ਦੀ ਸਹੀ ਨਿਕਾਸੀ ਨਹੀਂ ਕਰ ਪਾਉਂਦੇ, ਜਿਸ ਕਾਰਨ ਇੱਥੇ ਡਾਫ ਲੱਗ ਕੇ ਘੱਟ ਪਾਣੀ ਵੀ ਜ਼ਿਆਦਾ ਮਾਰ ਕਰਦਾ ਹੈ। ਪਿੰਡ ਰੋੜੇਵਾਲ ਦੇ ਸਰਪੰਚ ਬਲਵਿੰਦਰ ਸਿੰਘ ਕੰਗ, ਸਾਬਕਾ ਸਰਪੰਚ ਗੁਰਦੀਪ ਸਿੰਘ ਆਸੇਮਾਜਰਾ, ਬਲੀਪੁਰ ਦੇ ਸਾਬਕਾ ਸਰਪੰਚ ਨੇ ਦੱਸਿਆ ਕਿ ਲਗਾਤਾਰ ਬਾਰਿਸ਼ ਤੋਂ ਬਾਅਦ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਕਾਰਨ ਇਸ ਇਲਾਕੇ ’ਚ ਹਜ਼ਾਰਾਂ ਏਕੜ ਫਸਲ ਪਾਣੀ ਦੀ ਲਪੇਟ ’ਚ ਆ ਗਈ ਹੈ।
ਜੇਕਰ ਸਮੇਂ ਸਿਰ ਪਾਣੀ ਦੀ ਨਿਕਾਸੀ ਨਾ ਹੋਈ ਤਾਂ ਕਿਸਾਨਾਂ ਨੂੰ ਵੱਡੀ ਮਾਰ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਕੁਝ ਦਿਲ ਪਹਿਲਾਂ ਹੀ ਅਜੇ ਝੋਨੇ ਦੀ ਫਸਲ ਲੱਗੀ ਹੈ। ਅਜੇ ਫਸਲ ਸਹੀ ਤਰੀਕੇ ਨਾਲ ਸੰਭਲੀ ਵੀ ਨਹੀਂ ਸੀ ਕਿ ਪਾਣੀ ਦੀ ਲਪੇਟ ’ਚ ਆ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨੀਵੇਂ ਇਲਾਕਿਆਂ ’ਚ ਜਿਹੜੇ ਕਿਸਾਨਾਂ ਦੀ ਫਸਲ ਪ੍ਰਭਾਵਿਤ ਹੋਈ ਜਾਂ ਖਰਾਬ ਹੋਈ ਹੈ, ਉਨ੍ਹਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ : ਝੁੱਗੀ ’ਤੇ ਡਿੱਗਿਆ ਪਹਾੜ ਦਾ ਮਲਬਾ, ਇਕ ਨੌਜਵਾਨ ਸਮੇਤ 2 ਬੱਚਿਆਂ ਦੀ ਮੌਤ
ਝੰਬੋ ਚੋਅ ਦੀ ਨਹੀਂ ਹੋ ਸਕੀ ਸਹੀ ਤਰੀਕੇ ਨਾਲ ਸਫਾਈ
ਇਸ ਸਾਲ ਝੰਬੋ ਚੋਅ ਦੀ ਸਹੀ ਤਰੀਕੇ ਨਾਲ ਸਫਾਈ ਨਹੀਂ ਹੋ ਸਕੀ। ਕਾਫੀ ਥਾਵਾਂ ’ਤੇ ਮਨਰੇਗਾ ਵਰਕਰਾਂ ਨੂੰ ਲਾ ਕੇ ਸਫਾਈ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ ਪਰ ਉਹ ਸਹੀ ਤਰੀਕੇ ਨਾਲ ਸਫਾਈ ਨਾ ਹੋਣ ਕਾਰਨ ਹੁਣ ਪਾਣੀ ਦੀ ਨਿਕਾਸੀ ਠੀਕ ਨਹੀਂ ਹੋ ਪਾ ਰਹੀ, ਜਿਸ ਕਾਰਨ ਝੰਬੋ ਚੋਅ ਦਾ ਪਾਣੀ ਆਪਣੇ ਕਿਨਾਰਿਆਂ ਤੋਂ ਬਾਹਰ ਆ ਗਿਆ ਹੈ। ਜੇਕਰ ਸਹੀ ਤਰੀਕੇ ਨਾਲ ਝੰਬੋ ਚੋਅ ਦੀ ਸਫਾਈ ਕੀਤੀ ਜਾਂਦੀ ਅਤੇ ਜਿੱਥੇ ਕਿਤੇ ਪਾਣੀ ਦੀ ਨਿਕਾਸੀ ’ਚ ਅੜਿੱਕੇ ਹਨ, ਉਸ ਨੂੰ ਜੇ. ਸੀ. ਬੀ. ਰਾਹੀਂ ਪਹਿਲਾਂ ਹੀ ਸਾਫ ਕਰ ਦਿੱਤਾ ਗਿਆ ਹੁੰਦਾ ਤਾਂ ਨਿਸ਼ਚਿਤ ਤੌਰ ’ਤੇ ਅੱਜ ਇੰਨਾ ਵੱਡਾ ਨੁਕਸਾਨ ਨਾ ਹੁੰਦਾ।
ਇਲਾਕੇ ’ਚ ਹੋਈ ਹਰੇ ਚਾਰੇ ਦੀ ਘਾਟ
ਝੰਬੋ ਚੋਅ ਦੇ ਪਾਣੀ ਖੇਤਾਂ ਅਤੇ ਹਰੇ ਚਾਰੇ ’ਚ ਜਮ੍ਹਾ ਹੋਣ ਕਾਰਨ ਪਸ਼ੂਆਂ ਲਈ ਹਰਾ ਚਾਰਾ ਪਾਉਣਾ ਪਸ਼ੂ ਪਾਲਕਾਂ ਨੂੰ ਬੇਹੱਦ ਔਖਾ ਹੋ ਗਿਆ ਹੈ ਕਿਉਂਕਿ ਕਈ ਥਾਵਾਂ ’ਤੇ ਹਰੇ ਚਾਰੇ ’ਚ ਪਾਣੀ ਵੱਡੀ ਮਾਤਰਾ ’ਚ ਖੜ੍ਹ ਜਾਣ ਕਾਰਨ ਮਰ ਚੁੱਕਾ ਹੈ।
ਇਹ ਵੀ ਪੜ੍ਹੋ : ਤਬਾਹੀ ਦਾ ਮੰਜ਼ਰ : ਟ੍ਰਾਈਸਿਟੀ ਵਿਚ ਹਾਹਾਕਾਰ, ਚਾਰੇ ਪਾਸੇ ਪਾਣੀ ਹੀ ਪਾਣੀ, ਸੜਕਾਂ ’ਤੇ ਟੁੱਟੇ ਦਰੱਖਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8