ਸਾਦੇ ਵਿਆਹ ਕਰਨ 'ਤੇ ਮਿਲੇਗਾ ਸ਼ਗਨ, ਭੋਗ 'ਤੇ ਜਲੇਬੀ-ਪਕੌੜੇ ਬਣਾਉਣ ਵਾਲੇ ਵੀ ਜ਼ਰਾ...

Wednesday, Jan 22, 2025 - 12:45 PM (IST)

ਸਾਦੇ ਵਿਆਹ ਕਰਨ 'ਤੇ ਮਿਲੇਗਾ ਸ਼ਗਨ, ਭੋਗ 'ਤੇ ਜਲੇਬੀ-ਪਕੌੜੇ ਬਣਾਉਣ ਵਾਲੇ ਵੀ ਜ਼ਰਾ...

ਬਾਲਿਆਂਵਾਲੀ (ਸ਼ੇਖਰ) : ਪੇਂਡੂ ਵਿਕਾਸ ਦੇ ਨਕਸ਼ੇ ’ਤੇ ਨੌਜਵਾਨ ਸਰਪੰਚਾਂ ਨੇ ਨਵੇਂ ਰੰਗ ਭਰਦਿਆਂ ਸਮਾਜਿਕ ਕੁਰੀਤੀਆਂ ਦੇ ਖ਼ਾਤਮੇ ਲਈ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਨਵੇਂ ਪੋਜ ਦੇ ਸਰਪੰਚਾਂ ਨੇ ਰਵਾਇਤੀ ਵਿਕਾਸ ਤੋਂ ਲਾਂਭੇ ਹੁੰਦਿਆਂ ਪਿੰਡਾਂ ਨੂੰ ਨਵੇਂ ਸਮਾਜ ਦੀ ਸਿਰਜਣਾ ਵੱਲ ਮੋੜਿਆ ਹੈ। ਮੰਡੀ ਕਲਾਂ ਦੀ ਨੌਜਵਾਨ ਮਹਿਲਾ ਸਰਪੰਚ ਮਨਜਿੰਦਰ ਕੌਰ ਨੇ ਗ੍ਰਾਮ ਸਭਾ ਦੇ ਆਮ ਇਜਲਾਸ ’ਚ ਮਤਾ ਪਾਸ ਕਰ ਦਿੱਤਾ ਕਿ ਜਿਹੜੇ ਪਰਿਵਾਰ ਬਿਨਾਂ ਦਾਜ ਦੇ ਵਿਆਹ ਕਰਨਗੇ, ਪੰਚਾਇਤ ਵੱਲੋਂ ਉਨ੍ਹਾਂ ਪਰਿਵਾਰਾਂ ਨੂੰ 11 ਹਜ਼ਾਰ ਰੁਪਏ ਦਾ ਸ਼ਗਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਰਗ ਦੇ ਭੋਗ ’ਤੇ ਜਲੇਬੀਆਂ ਅਤੇ ਪਕੌੜੇ ਬਣਾਉਣ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਜਿਹੜਾ ਇਨ੍ਹਾਂ ਹੁਕਮਾਂ ਨੂੰ ਨਹੀਂ ਮੰਨੇਗਾ, ਉਸ ਨੂੰ ਜੁਰਮਾਨਾ ਲਾਇਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਨਾਲ ਗੜ੍ਹੇ ਪੈਣ ਦਾ ਅਲਰਟ! 19 ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ

ਗ੍ਰਾਮ ਸਭਾ ਦੇ ਮੈਂਬਰਾਂ ਦੀ ਪ੍ਰਵਾਨਗੀ ਨਾਲ ਫ਼ੈਸਲਾ ਲਿਆ ਗਿਆ ਕਿ ਹੁਣ ਕੋਠਿਆਂ ’ਤੇ ਸਪੀਕਰ ਨਹੀਂ ਵੱਜਣਗੇ ਅਤੇ ਡੀ. ਜੇ. ਲਾਉਣ ਦਾ ਸਮਾਂ ਰਾਤ ਦੇ 10 ਵਜੇ ਤੱਕ ਹੋਵੇਗਾ ਅਤੇ ਆਵਾਜ਼ ਉੱਚੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮਕਾਨ ਨੂੰ ਕਿਰਾਏ 'ਤੇ ਦੇਣ ਤੋਂ ਪਹਿਲਾਂ ਮਾਲਕ ਮਕਾਨ ਨੂੰ ਪੰਚਾਇਤ ਨੂੰ ਸੂਚਨਾ ਦੇਣੀ ਪਵੇਗੀ ਤਾਂ ਜੋ ਗਲਤ ਅਨਸਰ ਪਿੰਡ 'ਚ ਘੁਸਪੈਠ ਨਾ ਕਰ ਸਕਣ। ਨੰਬਰਦਾਰ ਤੇ ਪੰਚਾਇਤ ਵਾਲੇ ਨਸ਼ੇ ਵੇਚਣ ਵਾਲੇ ਅਤੇ ਚੋਰੀ ਕਰਨ ਵਾਲਿਆਂ ਦੀ ਜ਼ਮਾਨਤ ਨਹੀਂ ਕਰਵਾਉਣਗੇ। ਪਿੰਡ 'ਚ ਖੁਸ਼ੀ ਮੌਕੇ ਵਧਾਈ ਲੈਣ ਆਉਣ ਵਾਲੇ ਮਹੰਤਾਂ ਦੇ ਰੁਪਏ ਫਿਕਸ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹੋਰਨਾਂ ਫ਼ੈਸਲਿਆਂ 'ਚ ਦੁਕਾਨਦਾਰ ਚਾਈਨਾ ਡੋਰ, ਸਟਰਿੰਗ-ਕਲਿੱਪ ਨਹੀਂ ਵੇਚੇਗਾ। ਚੋਰੀ ਦਾ ਸਾਮਾਨ ਤੇ ਗਹਿਣੇ ਵਗੈਰਾ ਲੈਣ ਵਾਲੇ 'ਤੇ ਕਾਰਵਾਈ ਕੀਤੀ ਜਾਵੇਗੀ ਅਤੇ ਪਿੰਡ ਦੀ ਹਦੂਦ ’ਚ ਉੱਚੀ ਆਵਾਜ਼ ’ਤੇ ਡੈੱਕ ਲਾਉਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪ੍ਰਯਾਗਰਾਜ ਜਾਣ ਵਾਲੇ ਸ਼ਰਧਾਲੂਆਂ ਲਈ ਪਰੇਸ਼ਾਨੀ ਭਰੀ ਖ਼ਬਰ, ਤੁਸੀਂ ਵੀ ਪੜ੍ਹੋ

ਇਨ੍ਹਾਂ ਫ਼ੈਸਲਿਆਂ ਦੇ ਖ਼ਿਲਾਫ਼ ਜਾਣ ਵਾਲਿਆਂ ਨੂੰ ਜੁਰਮਾਨੇ ਲਾਏ ਜਾਣਗੇ। ਇਸ ਮੌਕੇ ਆਮ ਇਜਲਾਸ ਦੀ ਮੀਟਿੰਗ 'ਚ ਚੇਅਰਪਰਸਨ ਮਨਜਿੰਦਰ ਕੌਰ ਨੇ ਪਿੰਡ ਦੇ ਸਰਬਪੱਖੀ ਵਿਕਾਸ ਦੇ ਲਈ 1 ਕਰੋੜ 40 ਲੱਖ ਰੁਪਏ ਦਾ ਅਗਲੇ ਵਰ੍ਹੇ ਦਾ ਅਨੁਮਾਨਿਤ ਬਜਟ ਪੇਸ਼ ਕੀਤਾ ਅਤੇ ਸਭਾ ਦੇ ਮੈਂਬਰਾਂ ਨੇ ਹੱਥ ਖੜ੍ਹੇ ਕਰ ਕੇ ਪ੍ਰਵਾਨਗੀ ਦਿੱਤੀ। ਇਸ ਮੌਕੇ ਮਗਨਰੇਗਾ ਦੇ ਏ. ਪੀ. ਓ. ਸੰਦੀਪ ਕੌਰ ਨੇ ਨਰੇਗਾ ਅਧੀਨ ਹੋਣ ਵਾਲੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ। ਵਾਟਰ ਸਪਲਾਈ ਵਿਭਾਗ ਦੇ ਹਰਿੰਦਰ ਸਿੰਘ ਅਤੇ ਜੇ. ਈ. ਜਸਵੀਰ ਸਿੰਘ ਨੇ ਪਾਣੀ ਦੀ ਮਹਤੱਤਾ ਬਾਰੇ ਦੱਸਿਆ। ਇਸ ਮੌਕੇ ਪੰਚਾਇਤ ਸਕੱਤਰ ਸੇਵਾ ਸਿੰਘ, ਪੰਚ ਕੁਲਵਿੰਦਰ ਸਿੰਘ, ਲੀਲਾ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਆਗਿਆਪਾਲ ਸਿੰਘ, ਮਲਕੀਤ ਸਿੰਘ, ਜਗਦੀਪ ਸਿੰਘ, ਮਨਦੀਪ ਕੌਰ, ਪਰਮਜੀਤ ਕੌਰ, ਹਰਜਿੰਦਰ ਕੌਰ ਅਤੇ ਵੀਰਪਾਲ ਕੌਰ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News