ਹਲਕਾ ਧਰਮਕੋਟ ਦੇ ਪਿੰਡਾਂ ''ਚ ਚੋਰਾਂ ਨੇ ਮਚਾਇਆ ਹੜਕੰਪ
Tuesday, Mar 13, 2018 - 12:06 AM (IST)

ਮੋਗਾ, ਕਿਸ਼ਨਪੁਰਾ ਕਲਾਂ, (ਪਵਨ ਗਰੋਵਰ, ਗੋਪੀ ਰਾਊਕੇ, ਭਿੰਡਰ)- ਹਲਕਾ ਧਰਮਕੋਟ ਦੇ ਪਿੰਡਾਂ 'ਚ ਗਰਮੀ ਦਾ ਮੌਸਮ ਸ਼ੁਰੂ ਹੋਣ ਮਗਰੋਂ ਵੀ ਖੇਤੀ ਮੋਟਰਾਂ 'ਤੇ ਹੁੰਦੀਆਂ ਚੋਰੀਆਂ ਠੱਲ੍ਹਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਿੰਡ ਭਿੰਡਰ ਕਲਾਂ ਦੇ ਕਿਸਾਨ ਇਸ ਸਮੱਸਿਆ ਤੋਂ ਇੰਨੇ ਜ਼ਿਆਦਾ ਪੀੜਤ ਹਨ ਕਿ ਲੰਘੇ 7 ਦਿਨਾਂ ਦੌਰਾਨ ਪਿੰਡ ਦੇ ਲਗਭਗ 20 ਕਿਸਾਨਾਂ ਦੀਆਂ ਖੇਤੀ ਮੋਟਰਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਪੀੜਤ ਕਿਸਾਨਾਂ ਦਾ ਦੋਸ਼ ਹੈ ਕਿ ਚੋਰੀ ਹੋਏ ਸਾਮਾਨ ਦੀ ਰਿਪੋਰਟ ਤਾਂ ਥਾਣੇ ਵਿਖੇ ਦਰਜ ਕਰਵਾ ਦਿੱਤੀ ਜਾਂਦੀ ਹੈ ਪਰ ਬਾਅਦ 'ਚ ਚੋਰਾਂ ਦਾ ਪਤਾ ਲਾਉਣ 'ਚ ਪੁਲਸ ਪ੍ਰਸ਼ਾਸਨ ਅਸਫਲ ਰਹਿੰਦਾ ਹੈ, ਜਿਸ ਕਰ ਕੇ ਖੇਤੀ ਮੋਟਰਾਂ 'ਤੇ ਚੋਰੀ ਦੀਆਂ ਘਟਨਾਵਾਂ ਵੱਧਦੀਆਂ ਹੀ ਜਾ ਰਹੀਆਂ ਹਨ।
ਪਿੰਡ ਦੇ ਕਿਸਾਨ ਗੁਰਭਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਚੋਰਾਂ ਵੱਲੋਂ ਟਰਾਂਸਫਾਰਮਰ ਚੋਰੀ ਕੀਤੇ ਜਾਂਦੇ ਸਨ ਪਰ ਹੁਣ ਚੋਰ ਖੇਤੀ ਮੋਟਰਾਂ 'ਤੇ ਲੱਗੇ ਟਰਾਂਸਫਾਰਮਰ 'ਚੋਂ ਤੇਲ ਕੱਢ ਕੇ ਦੁਬਾਰਾ ਉਸੇ ਤਰ੍ਹਾਂ ਪੇਚ ਕੱਸ ਜਾਂਦੇ ਹਨ, ਜਿਸ ਕਰ ਕੇ ਕਿਸਾਨਾਂ ਨੂੰ ਇਸ ਸਬੰਧੀ ਪਤਾ ਨਹੀਂ ਲਗਦਾ ਤੇ ਇਸੇ ਕਰ ਕੇ ਹੀ ਕਿਸਾਨ ਪਹਿਲਾਂ ਦੀ ਤਰ੍ਹਾਂ ਜਦੋਂ ਮੋਟਰ ਦਾ ਸਵਿੱਚ ਛੱਡਦੇ ਹਨ ਤਾਂ ਟਰਾਂਸਫਾਰਮਰ ਸੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਕੱਲਾ ਤੇਲ ਨਿਕਲਣ ਕਰ ਕੇ ਮਹਿਕਮੇ ਵੱਲੋਂ ਮੁੜ ਕਿਸਾਨਾਂ ਨੂੰ ਤੇਲ ਨਹੀਂ ਦਿੱਤਾ ਜਾਂਦਾ, ਜਿਸ ਕਰ ਕੇ ਉਨ੍ਹਾਂ ਨੂੰ ਆਪਣੇ ਪੱਧਰ 'ਤੇ ਹੀ ਪੈਸੇ ਖਰਚ ਕਰ ਕੇ ਤੇਲ ਪਵਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ 'ਚ ਕਿਸਾਨਾਂ ਦਾ ਕੋਈ ਦੋਸ਼ ਤਾਂ ਨਹੀਂ ਪਰ ਫਿਰ ਵੀ ਉਨ੍ਹਾਂ ਨੂੰ ਆਰਥਕ 'ਰਗੜਾ' ਲੱਗ ਰਿਹਾ ਹੈ। ਪਿੰਡ ਦੇ ਕਿਸਾਨਾਂ ਹਰਜਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਦੀਆਂ ਖੇਤੀ ਮੋਟਰਾਂ ਦੇ ਟਰਾਂਸਫਾਰਮਰ ਵੀ ਚੋਰਾਂ ਦਾ ਨਿਸ਼ਾਨਾ ਬਣ ਚੁੱਕੇ ਹਨ। ਪਤਾ ਲੱਗਾ ਹੈ ਕਿ ਪਿੰਡ ਦੇ ਕੁੱਝ ਕਿਸਾਨ ਤਾਂ ਹੁਣ ਤੱਕ 2-2 ਦਫਾ ਆਪਣੇ ਪੱਲਿਓਂ ਪੈਸੇ ਖਰਚ ਕਰ ਕੇ ਖੇਤੀ ਮੋਟਰਾਂ ਦੇ ਟਰਾਂਸਫਾਰਮਰਾਂ 'ਚ ਤੇਲ ਪਵਾ ਚੁੱਕੇ ਹਨ, ਇਨ੍ਹਾਂ ਕਿਸਾਨਾਂ ਦਾ ਦੱਸਣਾ ਹੈ ਕਿ ਖੇਤੀ ਮੋਟਰਾਂ ਦੇ ਟਰਾਂਸਫਾਰਮਰਾਂ 'ਚੋਂ ਚੋਰੀ ਹੁੰਦੇ ਸਾਮਾਨ ਕਰ ਕੇ ਉਨ੍ਹਾਂ ਦੀਆਂ ਰਾਤਾਂ ਦੀ ਨੀਂਦ ਉੱਡ ਗਈ ਹੈ।
ਕਿਸਾਨਾਂ ਨੇ ਦੱਸਿਆ ਕਿ ਮਹਿੰਗੇ ਭਾਅ ਦੇ ਟਰਾਂਸਫਾਰਮਰਾਂ 'ਚ ਤੇਲ ਪਵਾਉਣਾ ਉਨ੍ਹਾਂ ਲਈ ਵੱਡੀ ਸਮੱਸਿਆ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਇਸ ਸਮੱਸਿਆ 'ਚੋਂ ਬਾਹਰ ਕੱਢਿਆ ਜਾਵੇ।
ਪੁਲਸ ਪ੍ਰਸ਼ਾਸਨ ਦਾ ਪੱਖ
ਇਸ ਮਾਮਲੇ ਸਬੰਧੀ ਸੰਪਰਕ ਕਰਨ 'ਤੇ ਥਾਣਾ ਧਰਮਕੋਟ ਦੇ ਮੁਖੀ ਜਤਿੰਦਰ ਸਿੰਘ ਦਾ ਕਹਿਣਾ ਸੀ ਕਿ ਪੁਲਸ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰ ਕੇ ਪਹਿਲਾਂ ਵੀ ਚੋਰਾਂ ਨੂੰ ਫੜਿਆ ਗਿਆ ਹੈ ਤੇ ਜਿਹੜੇ ਚੋਰ ਹਾਲੇ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹਨ, ਉਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਐੱਸ. ਡੀ. ਓ. ਭਿੰਡਰ ਕਲਾਂ ਦਾ ਪੱਖ
ਇਸ ਮਾਮਲੇ ਸਬੰਧੀ ਜਦੋਂ ਐੱਸ. ਡੀ. ਓ. ਭਿੰਡਰ ਕਲਾਂ ਗੁਰਦਾਸ ਚੰਦ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮੰਨਿਆ ਕਿ ਇਸ ਖੇਤਰ 'ਚ ਖੇਤੀ ਮੋਟਰਾਂ 'ਤੇ ਲੱਗੇ ਟਰਾਂਸਫਾਰਮਰਾਂ 'ਚੋਂ ਸਾਮਾਨ ਚੋਰੀ ਹੋਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਰੋਜ਼ਾਨਾ ਕਿਸਾਨ ਇਸ ਸਬੰਧੀ ਰਿਪੋਰਟ ਕਰਵਾਉਣ ਆ ਰਹੇ ਹਨ। ਵਿਭਾਗ ਵੱਲੋਂ ਤੇਲ ਸਮੇਤ ਹੋਰ ਚੋਰੀ ਹੋਇਆ ਸਾਮਾਨ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਹਿਕਮਾ ਪੀੜਤ ਕਿਸਾਨਾਂ ਦੀ ਹਰ ਪੱਖੋਂ ਸੇਵਾ ਲਈ ਵਚਨਬੱਧ ਹੈ।