ਇਤਿਹਾਸ ਦੀ ਡਾਇਰੀ : ਅੱਜ ਦੇ ਦਿਨ ਇਸ ਮੰਦਬੁੱਧੀ ਬੱਚੇ ਨੇ ਰੁਸ਼ਨਾਈ ਸੀ ਪੂਰੀ ਦੁਨੀਆ (ਵੀਡੀਓ)
Monday, Jan 27, 2020 - 11:07 AM (IST)
ਜਲੰਧਰ (ਬਿਊਰੋ) - ਅੱਜ 27 ਜਨਵਰੀ ਹੈ। ਅੱਜ ਦੇ ਦਿਨ ਅਸੀਂ ਗੱਲ ਕਰਾਂਗੇ ਉਸ ਮਹਾਨ ਖੋਜੀ ਥੌਮਸ ਏਲਵਾ ਐਡੀਸਨ ਦੀ, ਜਿਸਨੇ ਦੁਨੀਆ ਨੂੰ ਬਿਜਲੀ ਬਲਬ ਦਾ ਨਾਯਾਬ ਤੋਹਫਾ ਦਿੱਤਾ ਤੇ ਨਾਲ ਹੀ ਫੋਲਾਂਗੇ ਸਟੇਟ ਬੈਂਕ ਆਫ ਇੰਡੀਆ ਦੇ ਇਤਿਹਾਸ ਦੇ ਕੁਝ ਪੰਨੇ। ਇਸਦੇ ਨਾਲ ਹੀ ਵਿਸ਼ਵ ਪ੍ਰਸਿੱਧ ਪੌਪ ਸਿੰਗਰ ਮਾਈਕਲ ਜੈਕਸਨ ਦੀ ਬਾਤ ਵੀ ਪਾਵਾਂਗੇ ਪਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਟੇਟ ਬੈਂਕ ਆਫ ਇੰਡੀਆ ਦੀ। ਇਸ ਦਾ ਮੁੱਖ ਦਫਤਰ ਮੁੰਬਈ 'ਚ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤੀ ਸਟੇਟ ਬੈਂਕ ਆਫ ਇੰਡੀਆ ਕਦੋਂ ਬਣਿਆ? ਅੱਜ ਦੇ ਸਰੂਪ 'ਚ ਪਹੁੰਚਣ ਲਈ ਇਸ ਬੈਂਕ ਨੇ ਕਿਹੜੇ-ਕਿਹੜੇ ਪੜਾਅ ਪਾਰ ਕੀਤੇ? ਜੇਕਰ ਨਹੀਂ ਤਾਂ ਆਓ ਜਾਣਦੇ ਹਾਂ ਸ਼ਰੂ ਤੋਂ ਲੈ ਕੇ ਹੁਣ ਤੱਕ ਦੇ ਸਟੇਟ ਬੈਂਕ ਦੀ ਪੂਰੀ ਕਹਾਣੀ
ਐੱਸ.ਬੀ.ਆਈ. ਦਾ ‘ਜਨਮ’
ਐੱਸ.ਬੀ.ਆਈ. 1 ਜੁਲਾਈ 1955 ਨੂੰ ਹੋਂਦ ‘ਚ ਆਇਆ। ਇਸ ਤੋਂ ਪਹਿਲਾਂ ਇਸ ਨੂੰ ਇੰਪੀਰੀਅਲ ਬੈਂਕ ਆਫ ਇੰਡੀਆ ਕਿਹਾ ਜਾਂਦਾ ਸੀ। ਇੰਪੀਰੀਅਲ ਬੈਂਕ ਆਫ ਇੰਡੀਆ ਦੀ ਗੱਲ ਕਰੀਏ ਤਾਂ ਇਸ ਨੂੰ 3 ਵੱਡੇ ਬੈਂਕਾਂ ਨੂੰ ਮਿਲਾ ਕੇ ਬਣਾਇਆ ਗਿਆ ਸੀ। 27 ਜਨਵਰੀ 1921 ਨੂੰ ਬੈਂਕ ਆਫ ਕਲੱਕਤਾ, ਬੈਂਕ ਆਫ ਬੰਬੇ ਤੇ ਬੈਂਕ ਆਫ ਮਦਰਾਸ ਨੂੰ ਮਿਲਾ ਕੇ 1 ਵੱਡਾ ਬੈਂਕ ਬੈਂਕ ਆਫ ਇੰਪੀਰੀਅਲ ਬਣਾਇਆ ਗਿਆ।
1935 ‘ਚ ਰਿਜ਼ਰਵ ਬੈਕ ਆਫ ਇੰਡੀਆ ਹੋਂਦ ‘ਚ ਆਇਆ ਤੇ ਆਜ਼ਾਦੀ ਤੋਂ ਬਾਅਦ 1 ਜਨਵਰੀ 1949 ਤੋਂ ਇਸਦਾ ਰਾਸ਼ਟਰੀਕਰਨ ਹੋਇਆ, ਜਿਸਨੇ ਅੱਗੇ ਚੱਲ ਕੇ 1955 ‘ਚ ਇੰਪੀਰੀਅਲ ਬੈਂਕ ਆਫ ਇੰਡੀਆ ਦੀ ਪੂਰੀ ਕਾਰਜਪ੍ਰਣਾਲੀ ਨੂੰ ਆਪਣੇ ਅਧੀਕਾਰ ਖੇਤਰ ‘ਚ ਲੈ ਲਿਆ। ਇਸ ਤੋਂ ਬਾਅਦ 1 ਜੁਲਾਈ 1955 ਨੂੰ ਸਟੇਟ ਬੈਂਕ ਆਫ ਇੰਡੀਆ ਦਾ ਗਠਨ ਹੋਇਆ।
ਹਜ਼ਾਰਾਂ ਬ੍ਰਾਂਚ, ਕਰੋੜਾਂ ਦਾ ਲੈਣ-ਦੇਣ
ਭਾਰਤ ਸਰਕਾਰ ਵਲੋਂ ਚਲਾਇਆ ਜਾਣ ਵਾਲਾ ਐੱਸ.ਬੀ.ਆਈ. ਅੱਜ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ। ਦੇਸ਼ ‘ਚ ਸਟੇਟ ਬੈਂਕ ਆਫ ਇੰਡੀਆ ਦੀਆਂ 24000 ਤੋਂ ਜ਼ਿਆਦਾ ਬ੍ਰਾਂਚ ਹਨ। ਦੇਸ਼ ਤੋਂ ਬਾਹਰ 36 ਮੁਲਕਾਂ ‘ਚ ਐੱਸ.ਬੀ.ਆਈ. ਦੀਆਂ 190 ਬ੍ਰਾਂਚ ਹਨ। ਇਨਾਂ ਹਜ਼ਾਰਾਂ ਦੇਸੀ ਤੇ ਵਿਦੇਸ਼ੀ ਬੈਂਕ ਬ੍ਰਾਂਚ ਰਾਹੀਂ ਲੋਕ ਅੱਜ ਹਰ ਰੋਜ਼ ਕਰੋੜਾਂ ਰੁਪਏ ਦਾ ਲੈਣ ਦੇਣ ਕਰ ਲੈਂਦੇ ਹਨ।
ਆਓ, ਹੁਣ ਜਾਣਦੇ ਹਾਂ ਅਮਰੀਕਾ ਦੇ ਮਹਾਨ ਖੋਜੀ ਥੌਮਸ ਏਲਵਾ ਐਡੀਸਨ ਬਾਰੇ, ਜਿਸ ਕਾਰਨ ਅੱਜ ਸਾਡਾ ਅਤੇ ਤੁਹਾਡਾ ਘਰ ਰੁਸ਼ਨਾਉਂਦਾ ਹੈ। ਥੌਮਸ ਐਡੀਸਨ ਨੇ ਦੁਨੀਆ ਨੂੰ ਜਿਥੇ ਬਿਜਲੀ ਦਾ ਬਲਬ ਦਿੱਤਾ, ਉਥੇ ਹੀ ਅੱਜ ਦੇ ਦਿਨ 27 ਜਨਵਰੀ ਨੂੰ ਥੌਮਸ ਨੇ ਇਲੈਕਟ੍ਰਿਕ ਬਲਬ ਦਾ ਪੇਟੇਂਟ ਕਰਵਾਇਆ। ਫੋਨੋਗ੍ਰਾਫ ਤੇ ਫਿਲਮ ਕੈਮਰਾ ਵਰਗੀਆਂ ਕਈ ਖੋਜਾਂ ਕਰਨ ਵਾਲੇ ਥੌਮਸ ਐਡੀਸਨ ਨੇ 3000 ਤੋਂ ਵੱਧ ਖੋਜਾਂ ਕੀਤੀਆਂ। ਉਨ੍ਹਾਂ ਦੇ ਨਾਂ ਅਮਰੀਕਾ 'ਚ 1093 ਤੋਂ ਜ਼ਿਆਦਾ ਪੇਟੈਂਟ ਹਨ। ਆਓ ਤੁਹਾਨੂੰ ਦੱਸਦੇ ਹਨ ਉਸ ਮਹਾਨ ਖੋਜੀ ਦੇ ਜੀਵਨ ਦੇ ਕੁਝ ਰੌਚਕ ਤੱਥਾਂ ਬਾਰੇ...
ਗਰੀਬੀ ਦੇ ਹਨੇਰੇ ਤੋਂ ਬਲਬ ਦੀ ਰੌਸ਼ਨੀ ਤੱਕ
11 ਫਰਵਰੀ 1847 ਨੂੰ ਥਾਮਸ ਐਡੀਸਨ ਦਾ ਜਨਮ ਗਰੀਬ ਪਰਿਵਾਰ ‘ਚ ਹੋਇਆ। ਥਾਮਸ ਐਡੀਸਨ ਨੇ ਕੁਝ ਅਜਿਹਾ ਕਰਨ ਦੀ ਸੋਚੀ, ਜਿਸ ਨਾਲ ਗਰੀਬੀ ਦਾ ਹਨੇਰਾ ਅਮੀਰੀ ਦੀ ਰੌਸ਼ਨੀ ‘ਚ ਬਦਲ ਸਕੇ। ਇਸ ਕੋਸ਼ਿਸ਼ ਦੇ ਸਦਕਾ ਕਈ ਸਾਲਾ ਦੀ ਕੋਸ਼ਿਸ਼ ਮਗਰੋਂ ਉਨ੍ਹਾਂ ਨੇ ਬਲਬ ਬਣਾਇਆ। ਐਡੀਸਨ ਨੂੰ ਆਪਣੇ ਕੰਮ ਪ੍ਰਤੀ ਇਸ ਕਦਰ ਲਗਨ ਸੀ ਕਿ ਉਨ੍ਹਾਂ ਨੂੰ ਨਾ ਤਾਂ ਰੋਟੀ ਦਾ ਖਿਆਲ ਰਹਿੰਦਾ ਸੀ ਅਤੇ ਨਾ ਹੀ ਸੋਣ ਦਾ।
ਸਿਰਫ 3 ਮਹੀਨੇ ਸਕੂਲ ਗਏ ਥਾਮਸ ਐਡੀਸਨ
ਦਿਮਾਗ ਖੋਜਾਂ ਵੱਲ੍ਹ ਵੱਧ, ਪੜਾਈ ‘ਚ ਘੱਟ, ਕਿਉਂਕੀ ਖੋਜਾਂ ਕਰਕੇ ਦਿਮਾਗ ਭਟਕਟਾ ਰਹਿੰਦਾ ਸੀ ਪਰ ਇਕ ਵਾਰ ਜੋ ਪੜ੍ਹ ਲਿਆ ਉਹ ਦਿਮਾਗ ‘ਚ ਵਸ ਗਿਆ। ਇਸੇ ਕਾਰਨ ਅਧਿਆਪਕ ਪਰੇਸ਼ਾਨ ਸੀ ਅਤੇ ਉਸਨੂੰ ਮੰਦਬੁੱਧੀ ਕਹਿੰਦੇ ਸਨ। ਮਾਤਾ-ਪਿਤਾ ਨੂੰ ਪਤਾ ਲੱਗਿਆ ਤਾਂ ਉਹ ਪਰੇਸ਼ਾਨ ਹੋਏ ਤੇ ਥਾਮਸ ਨੂੰ ਸਕੂਲ ਤੋਂ ਹਟਾ ਲਿਆ। ਐਡੀਸਨ ਨੇ ਆਪਣੀ ਪਹਿਲੀ ਪ੍ਰਯੋਗਸ਼ਾਲਾ 10 ਸਾਲ ਦੀ ਉਮਰ 'ਚ ਹੀ ਬਣਾਈ, ਜੋ ਘਰ ਦੇ ਬੇਸਮੈਂਟ 'ਚ ਸੀ। ਇਸ ਪ੍ਰਯੋਗਸ਼ਾਲਾ 'ਚ ਐਡੀਸਨ ਨੇ ਆਪਣੀ ਮਾਤਾ ਵਲੋਂ ਦਿੱਤੀ ਕਿਤਾਬ ਦੇ ਸਾਰੇ ਹੀ ਪ੍ਰਯੋਗ ਵੱਖ-ਵੱਖ ਢੰਗ ਨਾਲ ਕੀਤੇ।
ਟਰੇਨ 'ਚ ਵੇਚੀ ਸਬਜ਼ੀ ਤੇ ਅਖਬਾਰ
ਆਪਣੇ ਪ੍ਰਯੋਗਾਂ ਨੂੰ ਜਾਰੀ ਰੱਖਣ ਲਈ ਐਡੀਸਨ ਨੂੰ ਪੈਸਿਆਂ ਦੀ ਲੋੜ ਸੀ ਤੇ ਪੈਸੇ ਕਮਾਉਣ ਲਈ ਉਹ ਟ੍ਰੇਨ 'ਚ ਅਖਬਾਰ ਤੇ ਸਬਜ਼ੀ ਵੇਚਿਆ ਕਰਦੇ ਸਨ। ਥਾਮਸ 14 ਸਾਲ ਦੇ ਸਨ, ਜਦੋਂ ਉਨ੍ਹਾਂ ਇਕ ਬੱਚੇ ਨੂੰ ਟਰੇਨ ਹੇਠਾਂ ਆਉਣ ਤੋਂ ਬਚਾਇਆ। ਬੱਚੇ ਦੇ ਪਿਤਾ ਨੇ ਥਾਮਸ ਨੂੰ ਟੈਲੀਗ੍ਰਾਫ ਚਲਾਉਣ ਦੀ ਟ੍ਰੇਨਿੰਗ ਦਿੱਤੀ, ਜਿਸ ਦੇ ਅਧਾਰ 'ਤੇ ਐਡੀਸਨ ਨੂੰ ਰੇਲਵੇ ਸਟੇਸ਼ਨ ਤੇ ਨੌਕਰੀ ਮਿਲ ਗਈ। ਇਥੋਂ ਹੀ ਸ਼ੁਰੂ ਹੋਇਆ ਥਾਮਸ ਦੀਆਂ ਅਸਲ ਖੋਜਾਂ ਦਾ ਸਫਰ।
40 ਹਜ਼ਾਰ ਡਾਲਰ 'ਚ ਬਣਿਆ ਪਹਿਲਾ ਬਲਬ
ਅੱਜ ਸਾਨੂੰ 1 ਬਲਬ 10 ਰੁਪਏ ਤੋਂ ਲੈ ਕੇ 150 ਰੁਪਏ ਤੱਕ ਦਾ ਮਿਲਦਾ ਹੈ। ਜਦੋਂ ਪਹਿਲਾ ਬਲਬ ਬਣਿਆ ਸੀ ਤਾਂ ਉਹ ਕੁਝ ਰੁਪਏ ਦਾ ਨਹੀਂ ਸਗੋਂ 40 ਹਜ਼ਾਰ ਡਾਲਰ ਦਾ ਸੀ। ਜੇਕਰ ਅੱਜ ਦੀ ਭਾਰਤੀ ਕਰੰਸੀ ਦੀ ਗੱਲ ਕਰੀਏ ਤਾਂ 28 ਲੱਖ ਤੋਂ ਵੀ ਮਹਿੰਗਾ। ਜੋ ਪਹਿਲਾ ਬਲਬ ਸੀ ਉਹ ਛੋਟਾ ਨਹੀਂ ਸਗੋਂ ਬਹੁਤ ਵੱਡਾ ਸੀ। ਐਡੀਸਨ ਨੇ ਜ਼ਿਆਦਾ ਰੈਸੀਸਟੈਂਟ ਵਾਲੀ ਕਾਰਬਨ ਥਰੈੱਡ ਫਿਲਾਮੈਂਟ ਬਣਾਈ, ਜੋ 40 ਘੰਟਿਆਂ ਤੱਕ ਚੱਲ ਸਕਦੀ ਸੀ। 40 ਇਲੈਕਟ੍ਰਿਕ ਲਾਈਟ ਬਲਬ ਜਗਦੇ ਵੇਖਣ ਲਈ 3 ਹਜ਼ਾਰ ਵਿਅਕਤੀਆਂ ਦਾ ਇਕੱਠ ਹੋਇਆ, ਜਿਸ ਮਗਰੋਂ ਐਡੀਸਨ ਨੇ ਨਿਊਯਾਰਕ ਸਿਟੀ ਦੇ ਪਰਲ ਸਟ੍ਰੀਟ ਪਾਵਰ ਸਟੇਸ਼ਨ ਖੋਲ੍ਹ ਕੇ ਗਾਹਕਾਂ ਨੂੰ ਬਿਜਲੀ ਪਹੁੰਚਾਉਣੀ ਸ਼ੁਰੂ ਕੀਤੀ।
ਖਾਸ ਘਟਨਾਵਾਂ
ਸ਼ੂਟਿੰਗ ਦੌਰਾਨ ਸੜ ਗਏ ਜੈਕਸਨ ਦੇ ਵਾਲ
27 ਜਨਵਰੀ 1984 ਨੂੰ ਪਰਫਾਰਮੈਂਸ ਦੌਰਾਨ ਮਾਈਕਲ ਜੈਕਸਨ ਦੇ ਵਾਲਾਂ ਨੂੰ ਅੱਗ ਲੱਗ ਗਈ। ਇਸ ਸਮੇਂ ਮੌਕਾ ਸੀ ਲਾਂਸ ਏਂਜਲਸ 'ਚ ਕੋਲਡਡਰਿੰਕ ਐਡ ਸ਼ੂਟ ਦਾ। ਸ਼ੂਟਿੰਗ ਦੌਰਾਨ ਇਕ ਇਫੈਕਟ 'ਚ ਅਜਿਹੀ ਗੜਬੜੀ ਹੋਈ ਕਿ ਮਾਈਕਲ ਜੈਕਸਨ ਦੇ ਵਾਲਾਂ ਨੂੰ ਅੱਗ ਲੱਗ ਗਈ। ਉਸ ਵੇਲੇ ਕਰੀਬ 3 ਹਜ਼ਾਰ ਲੋਕ ਸ਼ੂਟਿੰਗ ਵੇਖ ਰਹੇ ਸਨ। ਮਾਈਕਲ ਜੈਕਸਨ ਵਾਲਾਂ ਨੂੰ ਅੱਗ ਲੱਗੀ ਹੋਣ ਦੇ ਬਾਵਜੂਦ ਮਸਤ ਹੋ ਕੇ ਪਾਰਫਾਰਮੈਂਸ ਦਿੰਦੇ ਰਹੇ। ਪਹਿਲਾਂ ਤਾਂ ਦਰਸ਼ਕਾਂ ਨੇ ਇਸ ਨੂੰ ਸ਼ੂਟਿੰਗ ਦਾ ਹਿੱਸਾ ਸਮਝਿਆ ਪਰ ਹਾਦਸੇ ਦਾ ਪਤਾ ਲੱਗਣ ’ਤੇ ਅੱਗ ਬੁਝਾਉਣ ਮਗਰੋਂ ਮਾਈਕਲ ਜੈਕਸਨ ਨੂੰ ਹਸਪਤਾਲ ਪਹੁੰਚਾਇਆ ਗਿਆ।
27 ਜਨਵਰੀ 1948 'ਚ ਪਹਿਲਾ ਟੇਪ ਰਿਕਾਰਡਰ ਵਿਕਿਆ।
27 ਜਨਵਰੀ 1967 'ਚ ਫਲੋਰਿਡਾ ਦੇ ਕੈਨੇਡੀ ਸਪੇਸ ਸੈਂਟਰ 'ਚ ਆਪਣੇ 'ਅਪੋਲੋ 1' ਸਪੇਸਕਰਾਫਟ ਦੀ ਜਾਂਚ ਦੌਰਾਨ ਲੱਗੀ ਅੱਗ ਨਾਲ 3 ਪੁਲਾੜ ਯਾਤਰੀਆਂ ਦੀ ਮੌਤ ਹੋ ਗਈ।
27 ਜਨਵਰੀ 1969 'ਚ ਇਰਾਕ ਦੀ ਰਾਜਧਾਨੀ ਬਗਦਾਦ 'ਚ 14 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਜਿੰਨਾਂ ’ਤੇ ਦੇਸ਼ ਦੀ ਜਾਸੂਸੀ ਕਾਰਨ ਦੇ ਦੋਸ਼ ਲੱਗੇ ਸਨ।
27 ਜਨਵਰੀ 1974 'ਚ ਰਾਸ਼ਟਰਪਤੀ ਵੀ.ਵੀ. ਗਿਰੀ ਨੇ ਨਵੀਂ ਦਿੱਲੀ ਦੇ 3 ਮੂਰਤੀ ਸਥਿਤ ਨਹਿਰੂ ਮੈਮੋਰੀਅਲ ਮਿਊਜ਼ੀਅਮ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।
27 ਜਨਵਰੀ 1988 'ਚ ਪਹਿਲੀ ਵਾਰ ਹੈਲੀਕਾਪਟਰ ਡਾਕ ਸੇਵਾ ਦਾ ਉਦਘਾਟਨ ਕੀਤਾ ਗਿਆ।
ਹੁਣ ਇਕ ਨਜ਼ਰ ਮਾਰ ਲੈਂਦੇ ਹਾਂ ਇਸ ਦਿਨ ਯਾਨੀ 27 ਜਨਵਰੀ ਨੂੰ ਕਿਹੜੀਆਂ ਵੱਡੀਆਂ ਸ਼ਖਸੀਅਤਾਂ ਦਾ ਜਨਮ ਹੋਇਆ ਅਤੇ ਕਿੰਨਾ ਨੇ ਦੁਨੀਆ ਨੂੰ ਅਲਵਿਦਾ ਕਿਹਾ।
ਜਨਮ
1922 'ਚ ਹਿੰਦੀ ਸਿਨੇਮਾ ਦੇ ਪ੍ਰਸਿੱਧ ਅਭਿਨੇਤਾ ਅਜੀਤ ਦਾ ਜਨਮ ਹੋਇਆ।
1907 'ਚ ਪ੍ਰਸਿੱਧ ਸਾਹਿਤਕਾਰ ਤੇ ਪੱਤਰਕਾਰ ਪੰਡਿਤ ਸੀਤਾਰਾਮ ਚਤੁਰਵੇਦੀ ਦਾ ਜਨਮ ਹੋਇਆ।
1886 'ਚ ਟੋਕੀਓ, ਜਾਪਾਨ ਵਾਰ ਕ੍ਰਾਈਮਜ਼ ਟ੍ਰਿਊਬਨਲ 'ਚ ਭਾਰਤੀ ਜੱਜ ਰਾਧਾਬਿਨੋਦ ਪਾਲ ਦਾ ਜਨਮ ਹੋਇਆ।
ਮੌਤ
1556 'ਚ ਮੁਗਲ ਸਮਰਾਟ ਹਮਾਯੂੰ ਦੀ ਮੌਤ ਹੋਈ।
1986 'ਚ ਪ੍ਰਮੁੱਖ ਸਿਤਾਰਵਾਦਕ ਨਿਖਿਲ ਬੈਨਰਜੀ ਦਾ ਦੇਹਾਂਤ ਹੋਇਆ।
1992 'ਚ ਹਿੰਦੀ ਫਿਲਮਾਂ ਦੇ ਅਭਿਨੇਤਾ ਭਾਰਤ ਭੂਸ਼ਣ ਦਾ ਦੇਹਾਂਤ ਹੋਇਆ।
2009 'ਚ ਭਾਰਤ ਦੇ 8ਵੇਂ ਰਾਸ਼ਟਰਪਤੀ ਸ਼੍ਰੀ ਰਾਮਸਵਾਮੀ ਵੈਂਕਟਰਮਨ ਦਾ ਦੇਹਾਂਤ ਹੋਇਆ।