CBSE ਦੀ ਤਰਜ ''ਤੇ PSEB ਨੇ ਕੀਤੀ ਇਹ ਵੱਡੀ ਤਬਦੀਲੀ
Tuesday, Dec 24, 2019 - 07:07 PM (IST)

ਮੋਹਾਲੀ, (ਨਿਆਮੀਆਂ)— ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਪੰਜਾਬ ਭਰ ਦੇ ਗਣਿਤ ਤੇ ਵਿਗਿਆਨ ਦੇ ਵਿਸ਼ੇ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਸਿਲੇਬਸ, ਪ੍ਰਸ਼ਨ ਪੱਤਰ ਤੇ ਅੰਕ ਵੰਡ ਆਦਿ ਨੁਕਤੇ ਇਕਸਾਰ ਕਰਨ ਲਈ, ਜਾਰੀ ਅਕਾਦਮਿਕ ਸਾਲ ਤੋਂ ਹੀ, ਸੀ. ਬੀ. ਐੱਸ. ਈ. ਦੀ ਤਰਜ਼ 'ਤੇ ਤਬਦੀਲੀ ਕਰ ਦਿੱਤੀ ਹੈ। ਬੋਰਡ ਦੇ ਸਕੱਤਰ ਮੁਹੰਮਦ ਤਈਅਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਸੂਚਨਾ ਅਤੇ ਸੈਂਪਲ ਪੇਪਰ ਭਾਵੇਂ ਫਿਜ਼ਿਕਸ, ਕਮਿਸਟਰੀ, ਬਾਇਓਲੋਜੀ ਅਤੇ ਗਣਿਤ ਵਿਸ਼ਿਆਂ ਨਾਲ ਸਬੰਧਤ ਹਨ ਪਰ ਇਨ੍ਹਾਂ 'ਚ ਤਬਦੀਲੀ ਦਾ ਪ੍ਰਭਾਵ ਹਿਊਮੈਨਟੀਜ਼, ਕਾਮਰਸ ਤੇ ਐਗਰੀਕਲਚਰ ਗੁਰੱਪਾਂ 'ਤੇ ਪੈਣਾ ਵੀ ਸੁਭਾਵਿਕ ਹੈ ਕਿਉਂਕਿ ਮੈਡੀਕਲ ਤੇ ਨਾਨ-ਮੈਡੀਕਲ ਤੋਂ ਇਲਾਵਾ ਬਾਕੀ ਗੁਰੱਪਾਂ ਦੇ ਵਿਦਿਆਰਥੀ ਵੀ ਇਹ ਵਿਸ਼ੇ ਪੜ੍ਹਦੇ ਹਨ।| ਬੋਰਡ ਦੇ ਸੂਤਰਾਂ ਨੇ ਸਪੱਸ਼ਟ ਕੀਤਾ ਕਿ ਰੈਗੂਲਰ ਅਤੇ ਓਪਨ ਸਕੂਲ ਰਾਹੀਂ ਫਰਵਰੀ/ਮਾਰਚ 2019 ਵਿਚ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਬੋਰਡ ਦੀ ਵੈੱਬਸਾਈਟ 'ਤੇ ਮੌਜੂਦ ਜਾਣਕਾਰੀ ਤੇ ਸੈਂਪਲ ਪੇਪਰ ਅਨੁਸਾਰ ਹੋਵੇਗੀ।|ਇਹ ਤਬਦੀਲੀ ਉਨ੍ਹਾਂ ਵਿਦਿਆਰਥੀਆਂ 'ਤੇ ਵੀ ਲਾਗੂ ਹੋਵੇਗੀ ਜੋ ਉਪਰੋਕਤ ਚਾਰ ਵਿਸ਼ਿਆਂ ਵਿਚੋਂ ਕਿਸੇ ਵੀ ਵਿਸ਼ੇ ਦੀ ਵਾਧੂ ਪ੍ਰੀਖਿਆ ਦੇ ਰਹੇ ਹੋਣਗੇ। ਸੂਚਨਾਂ ਅਨੁਸਾਰ ਇਹ ਸਾਰੀ ਜਾਣਕਾਰੀ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਹੈ।|