ਲੋਕਾਂ ਨੂੰ ਮਿਲੇਗੀ ਵੱਡੀ ਰਾਹਤ, ਪੰਜਾਬ ਦਾ ਇਹ ਮਸ਼ਹੂਰ ਟੋਲ ਪਲਾਜ਼ਾ ਜਲਦ ਹੋਵੇਗਾ ਬੰਦ

Tuesday, Dec 27, 2022 - 06:39 PM (IST)

ਲੋਕਾਂ ਨੂੰ ਮਿਲੇਗੀ ਵੱਡੀ ਰਾਹਤ, ਪੰਜਾਬ ਦਾ ਇਹ ਮਸ਼ਹੂਰ ਟੋਲ ਪਲਾਜ਼ਾ ਜਲਦ ਹੋਵੇਗਾ ਬੰਦ

ਪਟਿਆਲਾ/ਰੱਖੜਾ (ਰਾਣਾ) : ਸੂਬੇ ਅੰਦਰ ਵਿਛਾਏ ਗਏ ਟੋਲ-ਪਲਾਜ਼ਿਆਂ ਦੇ ਜਾਲ ਤੋਂ 15 ਸਾਲਾਂ ਬਾਅਦ ਲੋਕਾਂ ਨੂੰ ਮੁਕਤੀ ਮਿਲਣ ਜਾ ਰਹੀ ਹੈ ਕਿਉਂਕਿ 2005 ਦੌਰਾਨ ਸਟੇਟ ਹਾਈਵੇਅ ਨੰਬਰ-10 ਸਮਾਣਾ-ਪਟਿਆਲਾ ਸੜਕ ’ਤੇ ਪਿੰਡ ਚੁਪਕੀ ਨੇੜੇ ਲਗਾਏ ਗਏ ਟੋਲ-ਪਲਾਜ਼ੇ ਦੀ ਮਿਆਦ ਪਹਿਲਾਂ 31 ਮਾਰਚ 2022 ਨੂੰ ਖ਼ਤਮ ਹੋ ਗਈ ਸੀ। ਫਿਰ ਰੋਹਨ ਐਂਡ ਰਾਜਦੀਪ ਟੋਲ ਕੰਪਨੀ ਨੇ ਸੜਕ ਦਾ ਕੁਝ ਹਿੱਸਾ ਨਵਾਂ ਬਣਾਉਣ ਬਦਲੇ ਮਿਆਦ ’ਚ ਵਾਧਾ ਮਿਲ ਗਿਆ ਸੀ। ਇਸ ਦਰਮਿਆਨ ਟੋਲ-ਪਲਾਜ਼ੇ ਦੀ ਮਿਆਦ ਖ਼ਤਮ ਹੋਣ ਅਤੇ ਮਾਣਯੋਗ ਅਦਾਲਤ ਵੱਲੋਂ ਕੋਈ ਹੁਕਮ ਨਾ ਮਿਲਣ ਦੇ ਬਾਵਜੂਦ ਟੋਲ ਪਰਚੀ ਕੱਟ ਕੇ ਲੋਕਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ। ਇਸ ਸਬੰਧੀ ਕੋਈ ਵੀ ਅਧਿਕਾਰੀ ਸੁਣਵਾਈ ਕਰਨ ਲਈ ਤਿਆਰ ਨਜ਼ਰ ਨਹੀਂ ਆ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਅਗਲੇ ਪੰਜ ਦਿਨਾਂ ਦੌਰਾਨ ਕੜਾਕੇ ਦੀ ਠੰਡ ਪੈਣ ਦਾ ਖ਼ਦਸ਼ਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਪਟਿਆਲਾ ਫੇਰੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੋਲਦਿਆਂ ਕਿਹਾ ਕਿ ਪਸਿਆਣਾ-ਸਮਾਣਾ ਰੋਡ ਤੋਂ ਲੰਘਣ ਵਾਲੇ ਵਾਹਨਾਂ ਨੂੰ ਜਲਦ ਹੀ ਟੋਲ ਤੋਂ ਮੁਕਤ ਕਰ ਦੇਵੇਗੀ। ਦੱਸਣਯੋਗ ਹੈ ਕਿ 23 ਅਕਤੂਬਰ 2022 ਨੂੰ ਟੋਲ ਦੀ ਮੁੜ ਤੋਂ ਮਿਆਦ ਪੂਰੀ ਹੋ ਚੁੱਕੀ ਹੈ, ਜਿਸ ਉਪਰੰਤ ਟੋਲ ਕੰਪਨੀ ਨੇ ਮਾਣਯੋਗ ਅਦਾਲਤ ’ਚ ਹੋਰ ਵਾਧੇ ਲਈ ਮੰਗ ਕੀਤੀ ਹੈ ਪਰ ਲੋਕ ਨਿਰਮਾਣ ਵਿਭਾਗ ਨੇ ਅਦਾਲਤ ਨੂੰ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਜਦੋਂ ਤੱਕ ਟੋਲ ਦੀ ਮਿਆਦ ਨਹੀਂ ਵਧਦੀ, ਉਦੋਂ ਤੱਕ ਟੋਲ-ਪਲਾਜ਼ੇ ਤੋਂ ਇਕੱਠੀ ਹੋਣ ਵਾਲੀ ਰਕਮ ਸਰਕਾਰ ਦੇ ਖਜ਼ਾਨੇ ’ਚ ਜਾਵੇਗੀ। ਹੁਣ ਟੋਲ ਕੰਪਨੀ ਵੱਲੋਂ ਇਕੱਤਰ ਹੋਣ ਵਾਲੀ ਰਕਮ ਸਰਕਾਰ ਦੇ ਖਾਤੇ ’ਚ ਜਾਣੀ ਸ਼ੁਰੂ ਹੋ ਗਈ ਹੈ। ਇਸ ਟੋਲ ਦੀ ਮਿਆਦ ਖਤਮ ਹੋਣ ਸਬੰਧੀ ਜਗ ਬਾਣੀ/ਪੰਜਾਬ ਕੇਸਰੀ ’ਚ ਇਹ ਮਾਮਲਾ ਉਜਾਗਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਮਿਲੇਗੀ ਸਸਤੀ ਰੇਤਾ-ਬੱਜਰੀ, ਵੱਡਾ ਕਦਮ ਚੁੱਕਦਿਆਂ ਸੂਬਾ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਟੋਲ ਬੰਦ ਕਰਵਾ ਕੇ ਹੀ ਦਮ ਲਵਾਂਗਾ : ਬੁਜਰਕ

ਸਮਾਣਾ-ਪਸਿਆਣਾ ਸੜਕ ’ਤੇ ਲੱਗੇ ਟੋਲ-ਪਲਾਜ਼ੇ ਦੀ ਮਿਆਦ ਖਤਮ ਹੋਣ ਦੇ ਮਾਮਲੇ ਦਾ ਖੁਲਾਸਾ ਕਰਨ ਵਾਲੇ ਉੱਘੇ ਆਰ. ਟੀ. ਆਈ. ਕਾਰਕੁੰਨ ਬ੍ਰਿਸ਼ ਭਾਨ ਬੁਜਰਕ ਨੇ ਦੱਸਿਆ ਕਿ ਲੋਕਾਂ ਦੇ ਹੱਕਾਂ ’ਤੇ ਪੈ ਰਹੇ ਡਾਕੇ ਦੇ ਵਿਰੋਧ ’ਚ ਆਵਾਜ਼ ਉਠਾਉਣਾ ਹਰ ਨਾਗਰਿਕ ਦਾ ਮੁੱਢਲਾ ਫਰਜ਼ ਹੈ। ਜਦੋਂਕਿ ਟੋਲ-ਪਲਾਜ਼ੇ ਦੀ ਮਿਆਦ ਹੀ ਖਤਮ ਹੋ ਗਈ ਹੈ ਪਰ ਇਸ ਟੋਲ ’ਤੇ ਪਰਚੀ ਕੱਟੀ ਹੀ ਕਿਉਂ ਜਾ ਰਹੀ ਹੈ? ਇਸ ਲੁੱਟ ਵਿਰੁੱਧ ਆਵਾਜ਼ ਉਠਾਉਣ ਕਾਰਨ ਭਾਵੇਂ ਟੋਲ ਕੰਪਨੀ ਵਾਲਿਆਂ ਨੇ ਮੌਕੇ ਦੀ ਸਰਕਾਰ ਨਾਲ ਮਿਲ ਕੇ ਮੇਰੇ ਖ਼ਿਲਾਫ ਮਾਮਲਾ ਦਰਜ ਕਰਵਾ ਦਿੱਤਾ ਹੈ ਪਰ ਫਿਰ ਵੀ ਮੈਂ ਟੋਲ ਕੰਪਨੀ ਦੀ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਉਂਦਾ ਰਹਾਂਗਾ।

ਇਹ ਵੀ ਪੜ੍ਹੋ : ਕੈਨੇਡਾ ਪਹੁੰਚ ਕੇ ਨੂੰਹ ਨੇ ਬਦਲੇ ਰੰਗ, ਕਰਤੂਤਾਂ ਦੇਖ ਸਹੁਰਿਆਂ ਦੇ ਉੱਡ ਗਏ ਹੋਸ਼

ਮਿਆਦ ਵਧਣ ਤੱਕ ਸਰਕਾਰ ਵਸੂਲ ਰਹੀ ਟੋਲ : ਮੈਨੇਜਰ

ਸਮਾਣਾ-ਪਸਿਆਣਾ ਸੜਕ ’ਤੇ ਲੱਗੇ ਟੋਲ-ਪਲਾਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਵਸੂਲੀ ਜਾ ਰਹੀ ਟੋਲ ਰਕਮ ਸਬੰਧੀ ਜਦੋਂ ਕੰਪਨੀ ਦੇ ਮੈਨੇਜਰ ਸਤੀਸ਼ ਚੋਪੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਿਆਦ ਵਧਣ ਤੱਕ ਸਰਕਾਰ ਟੋਲ ਦੀ ਰਕਮ ਵਸੂਲ ਕਰ ਰਹੀ ਹੈ, ਜੋ ਵੀ ਅਦਾਲਤ ਦਾ ਹੁਕਮ ਆਵੇਗਾ, ਉਸ ’ਤੇ ਅਮਲ ਕੀਤਾ ਜਾਵੇਗਾ। ਦੂਜੇ ਪਾਸੇ ਐੱਸ. ਡੀ. ਓ. ਸਤਨਾਮ ਸਿੰਘ ਨੇ ਦੱਸਿਆ ਕਿ ਔਸਤਨ 3 ਲੱਖ ਰੁਪਏ ਰੋਜ਼ਾਨਾ ਦੀ ਆਮਦਨ ਸਰਕਾਰ ਨੂੰ ਪ੍ਰਾਪਤ ਹੋ ਰਹੀ ਹੈ। ਟੋਲ ਦੀ ਮਿਆਦ ਖਤਮ ਹੋਣ ਉਪਰੰਤ ਟੋਲ ਮਿਆਦ ਵਧਾਉਣ ਦਾ ਮਾਮਲਾ ਸਰਕਾਰ ਦੇ ਧਿਆਨ ’ਚ ਹੈ।

ਇਹ ਵੀ ਪੜ੍ਹੋ : ਅਣਜਾਣ ਫੋਨ ਚੁੱਕਣ ਤੋਂ ਪਹਿਲਾਂ ਹੋ ਜਾਓ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਇਹ ਕੁੱਝ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News