ਧਰਨੇ ਦੇ ਤੀਜੇ ਦਿਨ ਵਿਦਿਆਰਥੀਆਂ ਨੇ ਸਰਕਾਰ ਦਾ ਫੂਕਿਆ ਪੁਤਲਾ
Monday, Jul 30, 2018 - 04:07 AM (IST)

ਬਾਘਾਪੁਰਾਣਾ, (ਰਾਕੇਸ਼, ਚਟਾਨੀ, ਮੁਨੀਸ਼)- ਪੰਜਾਬ ਸਟੂਡੈਂਟਸ ਯੂਨੀਅਨ ਤੇ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੀ ਅਗਵਾਈ ’ਚ ਦਲਿਤ ਵਿਦਿਆਰਥੀਆਂ ਤੋਂ ਕਾਲਜਾਂ ਵੱਲੋਂ ਵਸੂਲੇ ਜਾ ਰਹੇ ਨਾਜਾਇਜ਼ ਪੀ. ਟੀ. ਏ. ਖਿਲਾਫ ਚੱਲ ਰਹੇ ਦਿਨ-ਰਾਤ ਦੇ ਪੱਕੇ ਧਰਨੇ ਦੇ ਤੀਜੇ ਦਿਨ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਐੱਸ. ਡੀ. ਐੱਮ. ਦਫਤਰ ਤੋਂ ਮੇਨ ਚੌਕ ਤੱਕ ਮਾਰਚ ਕੀਤਾ ਗਿਆ ਤੇ ਚੌਕ ’ਚ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਦਲਿਤ ਵਿਦਿਆਰਥੀਆਂ ਨੂੰ ਬਿਨਾਂ ਫੀਸ ਤੋਂ ਦਾਖਲਾ ਦਿੱਤਾ ਜਾਵੇ, ਜਿਨ੍ਹਾਂ ਵਿਦਿਆਰਥੀਆਂ ਕੋਲੋਂ 3000 ਰੁਪਏ ਪੀ. ਟੀ. ਏ. ਫੰਡ ਭਰਵਾਇਆ ਗਿਆ ਹੈ ਉਹ ਵਾਪਿਸ ਕੀਤਾ ਜਾਵੇ ਅਤੇ ਜਨਰਲ ਬੀ. ਸੀ., ਓ. ਬੀ. ਸੀ. ਵਿਦਿਆਰਥੀਆਂ ਕੋਲੋਂ ਪੀ. ਟੀ. ਏ. ਲੈਣਾ ਬੰਦ ਕਰ ਕੇ ਲੈਕਚਰਾਰਾਂ ਨੂੰ ਪੀ. ਟੀ. ਏ. ਦੀ ਬਜਾਏ ਸਰਕਾਰੀ ਖਜ਼ਾਨੇ ’ਚੋਂ ਤਨਖਾਹ ਦਿੱਤੀ ਜਾਵੇ।
ਇਸ ਮੌਕੇ ਡੀ. ਐੱਸ. ਓ. ਦੇ ਸਕੱਤਰ ਜਸਵੰਤ ਸਿੰਘ ਸਮਾਲਸਰ ਤੇ ਪੀ. ਐੱਸ. ਯੂ. ਦੇ ਜ਼ਿਲਾ ਪ੍ਰਧਾਨ ਮੋਹਨ ਸਿੰਘ ਅੌਲਖ ਨੇ ਕਿਹਾ ਕਿ ਦਲਿਤ ਵਿਦਿਆਰਥੀਆਂ ਕੋਲੋਂ ਫੀਸਾਂ ਮੰਗ ਕੇ ਉਨ੍ਹਾਂ ਕੋਲੋਂ ਸਿੱਖਿਆ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ, ਉਨ੍ਹਾਂ ਲਈ ਕਾਲਜਾਂ ਦੇ ਗੇਟ ਬੰਦ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਭੁੱਖ ਹਡ਼ਤਾਲ ਕੀਤੀ ਜਾਵੇਗੀ ਇਸ ਮੌਕੇ ਜਸਪ੍ਰੀਤ ਰਾਜੇਆਣਾ, ਬ੍ਰਿਜ ਰਾਜੇਆਣਾ, ਜਸਵੀਰ ਲੰਡੇ, ਬੂਟਾ ਸਿੰਘ, ਅਨਮੋਲ, ਹਰਜੀਤ ਸਮਾਲਸਰ, ਸੂਬਾ ਸਿੰਘ, ਅਮਨ ਰਵੀ , ਸੁਰਜੀਤ ਸਿੰਘ, ਮੰਗਾ ਸਿੰਘ ਵੈਰੋਕੇ, ਕੁਲਦੀਪ ਸਿੰਘ, ਬਲਕਰਨ ਸਿੰਘ ਵੈਰੋਕੇ ਸ਼ਾਮਲ ਸਨ।