ਚੋਰ ਗਿਰੋਹ ਨੇ 8 ਕਿਸਾਨਾਂ ਦੇ ਖੇਤਾਂ ’ਚ ਟ੍ਰਾਂਸਫਾਰਮਰਾਂ ਦੀ ਭੰਨ੍ਹ-ਤੋੜ ਕਰ ਤਾਂਬਾ ਤੇ ਤੇਲ ਚੋਰੀ ਕਰ ਕੀਤਾ ਲੱਖਾਂ ਦਾ ਨੁਕਸਾਨ
Saturday, May 25, 2024 - 02:46 AM (IST)

ਭਵਾਨੀਗੜ੍ਹ (ਕਾਂਸਲ) - ਸਥਾਨਕ ਇਲਾਕੇ ’ਚ ਸਰਗਰਮ ਚੋਰ ਗਿਰੋਹ ਵੱਲੋਂ ਬੀਤੀ ਰਾਤ ਫਿਰ ਪਿੰਡ ਕਪਿਆਲ ਵਿਖੇ ਅੱਧੀ ਦਰਜ਼ਨ ਤੋਂ ਵੱਧ ਕਿਸਾਨਾਂ ਦੇ ਖੇਤਾਂ ’ਚ ਲੱਗੇ ਬਿਜਲੀ ਸਪਲਾਈ ਵਾਲੇ ਟ੍ਰਾਂਸਫਾਰਮਰਾਂ ਦੀ ਭੰਨ੍ਹ-ਤੋੜ ਕਰਕੇ ਤਾਂਬਾ, ਤੇਲ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕਪਿਆਲ ਦੇ ਕਿਸਾਨ ਮਨਜੀਤ ਸਿੰਘ ਪੁੱਤਰ ਹਾਕਮ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰ ਗਿਰੋਹ ਨੇ ਪਿੰਡ ਕਪਿਆਲ ਤੋਂ ਪਿੰਡ ਘਨੌੜ ਜੱਟਾਂ ਨੂੰ ਜਾਂਦੇ ਸੂਏ ਵਾਲੇ ਰਸਤੇ ਉਪਰ ਸਥਿਤ ਉਸ ਦੇ ਖੇਤ ’ਚ ਲੱਗੇ ਬਿਜਲੀ ਸਪਲਾਈ ਵਾਲੇ ਟ੍ਰਾਂਸਫਾਰਮਰ ਨੂੰ ਖੰਭਿਆ ਤੋਂ ਹੇਠਾ ਉਤਾਰ ਕੇ ਉਸ ਦੀ ਭੰਨ੍ਹ-ਤੋੜ ਕਰਕੇ ਇਸ ’ਚੋਂ ਤਾਂਬਾ, ਤੇਲ ਦੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ।
ਇਹ ਵੀ ਪੜ੍ਹੋ- ਬੰਗਲਾਦੇਸ਼ ਐਮਪੀ ਕਤਲ ਕੇਸ: ਕਸਾਈ ਗ੍ਰਿਫ਼ਤਾਰ, ਲਾਸ਼ ਦੇ ਟੁਕੜੇ ਲੱਭਣ 'ਚ ਮੁਲਜ਼ਮ ਦੀ ਲਈ ਜਾ ਰਹੀ ਮਦਦ
ਇਸੇ ਹੀ ਤਰ੍ਹਾਂ ਇਥੇ ਹੀ ਸਥਿਤ ਅਮਰਜੀਤ ਸਿੰਘ ਪੁੱਤਰ ਅਮਰੀਕ ਸਿੰਘ, ਬਿੰਦਰ ਸਿੰਘ ਪੁੱਤਰ ਸਾਬਕਾ ਸਰਪੰਚ ਹਰਕੀਰਤ ਸਿੰਘ, ਭਗਵੰਤ ਸਿੰਘ, ਭੂਰਾ ਸਿੰਘ ਸਾਰੇ ਵਾਸੀ ਪਿੰਡ ਕਪਿਆਲ ਅਤੇ ਗੋਰਾ ਸਿੰਘ, ਮਿੱਠੂ ਸਿੰਘ ਤੇ ਇੰਦਰਜੀਤ ਸਿੰਘ ਸਾਬਕਾ ਸਰਪੰਚ ਵਾਸੀ ਪਿੰਡ ਰਾਮਗੜ੍ਹ ਸਮੇਤ 8 ਕਿਸਾਨਾਂ ਦੇ ਖੇਤਾਂ ’ਚੋਂ ਵੀ ਚੋਰ ਗਿਰੋਹ ਨੇ ਟ੍ਰਾਂਸਫਾਰਮਰਾਂ ਦੀ ਭੰਨ੍ਹ-ਤੋੜ ਕਰਕੇ ਤਾਂਬਾ, ਤੇਲ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਹੋਇਆ ਸੀ। ਕਿਸਾਨਾਂ ਨੇ ਦੱਸਿਆ ਕਿ ਇਸ ਘਟਨਾ ਨਾਲ ਹਰ ਕਿਸਾਨ ਦਾ ਸਵਾ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਜਾਣ ਕਾਰਨ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਦਾ ਬਦਲਿਆ ਮਿਜਾਜ਼; ਤੇਜ਼ ਹਨ੍ਹੇਰੀ ਤੋਂ ਬਾਅਦ ਹੋਈ ਬਾਰਿਸ਼, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
ਕਿਸਾਨਾਂ ਨੇ ਤਿੱਖਾ ਰੋਸ ਜਾਹਿਰ ਕਰਦੇ ਕਿਹਾ ਕਿ ਇਲਾਕੇ ’ਚ ਸਰਗਰਮ ਚੋਰ ਗਿਹੋਰ ਵੱਲੋਂ ਲਗਾਤਾਰ ਸਾਡੇ ਖੇਤਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਮੋਟਰਾਂ ਦੀਆਂ ਤਾਰਾਂ, ਸਟਾਰਟਰ ਅਤੇ ਟ੍ਰਾਂਸਫਾਰਮਰਾਂ ਦੀ ਭੰਨ੍ਹ-ਤੋੜ ਕਰਕੇ ਕੀਮਤੀ ਸਮਾਨ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤੇ ਜਾਣ ਕਾਰਨ ਸਾਡੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ। ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਤਾਂ ਪੁਲਸ ਵੱਲੋਂ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਤੇ ਪਿੰਡਾਂ ’ਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਫਲੈਗ ਮਾਰਚ ਕਰਕੇ ਪੁਲਸ ਦੇ ਪੂਰੀ ਤਰ੍ਹਾਂ ਮੁਸਤੈਦ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਚੋਣਾਂ ਦੇ ਐਲਾਨ ਤੋਂ ਬਾਅਦ ਇਲਾਕੇ ਅੰਦਰ ਹੁਣ ਤੱਕ ਚੋਰੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਝੋਨੇ ਦੀ ਫ਼ਸਲ ਦੀ ਪੈਦਾਵਾਰ ਦੇ ਸਜੀਨ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਵੱਲੋਂ ਆਪਣੇ ਖਰਚੇ ਉਪਰ ਘਟਨਾ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਖੇਤਾਂ ’ਚ ਤੁਰੰਤ ਇਹ ਟ੍ਰਾਂਸਫਾਰਮਰ ਰਖਾਏ ਜਾਣ ਅਤੇ ਇਨ੍ਹਾਂ ਚੋਰ ਗਿਰੋਹ ਨੂੰ ਕਾਬੂ ਕਰਕੇ ਇਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e