ਪਿੰਡ ਮੌਲੀ ’ਚ ਐੱਨ. ਆਰ. ਆਈ. ਦੀ ਕੋਠੀ ’ਚ ਚੋਰਾਂ ਦਾ ਧਾਵਾ, ਕੀਮਤੀ ਸਾਮਾਨ ਚੋਰੀ ਹੋਣ ਦੀ ਖਦਸ਼ਾ

Tuesday, Apr 21, 2026 - 04:51 AM (IST)

ਪਿੰਡ ਮੌਲੀ ’ਚ ਐੱਨ. ਆਰ. ਆਈ. ਦੀ ਕੋਠੀ ’ਚ ਚੋਰਾਂ ਦਾ ਧਾਵਾ, ਕੀਮਤੀ ਸਾਮਾਨ ਚੋਰੀ ਹੋਣ ਦੀ ਖਦਸ਼ਾ

ਫਗਵਾੜਾ (ਜਲੋਟਾ) : ਪਿੰਡ ਮੌਲੀ ਵਿਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੇ ਹੁਣ ਵਿਦੇਸ਼ਾਂ ਵਿਚ ਵਸੇ ਪ੍ਰਵਾਸੀ ਭਾਰਤੀਆਂ (ਐੱਨ. ਆਰ. ਆਈ.) ਦੇ ਬੰਦ ਘਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਾਮਲੇ ਵਿਚ ਚੋਰਾਂ ਨੇ ਪਿੰਡ ਮੌਲੀ ਸਥਿਤ ਇਕ ਐੱਨ. ਆਰ. ਆਈ. ਦੀ ਕੋਠੀ ਦੇ ਤਾਲੇ ਤੋੜ ਕੇ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਡਰ, ਦਹਿਸ਼ਤ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਕੋਠੀ ਜਸਵਿੰਦਰ ਸਿੰਘ ਦੀ ਹੈ, ਜੋ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਕੈਨੇਡਾ ਵਿਚ ਰਹਿ ਰਹੇ ਹਨ। ਕੋਠੀ ਦੀ ਦੇਖਭਾਲ ਕਰਨ ਵਾਲੇ ਸਥਾਨਕ ਨਿਵਾਸੀ ਬਲਜੀਤ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਅਜੇ ਹਾਲ ਹੀ ਵਿੱਚ ਭਾਰਤ ਆਏ ਸਨ ਅਤੇ ਮਹਿਜ਼ ਦੋ-ਤਿੰਨ ਦਿਨ ਪਹਿਲਾਂ ਹੀ ਵਾਪਸ ਕੈਨੇਡਾ ਪਰਤੇ ਸਨ।

ਬਲਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ 6:00 ਵਜੇ ਕੋਠੀ ਦੇ ਕੋਲੋਂ ਲੰਘ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੋਠੀ ਦਾ ਮੁੱਖ ਗੇਟ ਖੁੱਲ੍ਹਾ ਸੀ। ਜਦੋਂ ਉਸ ਨੇ ਨੇੜੇ ਜਾ ਕੇ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ ਕਿਉਂਕਿ ਕੋਠੀ ਦੇ ਮੁੱਖ ਦਰਵਾਜ਼ੇ ਦੇ ਕੁੰਡੇ ਅਤੇ ਤਾਲੇ ਟੁੱਟੇ ਹੋਏ ਸਨ। ਬਲਜੀਤ ਸਿੰਘ ਨੇ ਤੁਰੰਤ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਅਤੇ ਪੁਲਸ ਨੂੰ ਦਿੱਤੀ। ਉਸਨੇ ਦੱਸੀਆ ਕਿ ਘਰ ਦੇ ਅੰਦਰ ਜਾਣ ’ਤੇ ਦੇਖਿਆ ਗਿਆ ਕਿ ਚੋਰਾਂ ਨੇ ਲਗਭਗ ਹਰ ਕਮਰੇ ਦੀ ਅਲਮਾਰੀ ਅਤੇ ਸਾਮਾਨ ਨੂੰ ਬੁਰੀ ਤਰ੍ਹਾਂ ਫਰੋਲਿਆ ਹੋਇਆ ਸੀ। ਘਰ ਦਾ ਸਾਮਾਨ ਚਾਰੇ ਪਾਸੇ ਖਿਲਰਿਆ ਪਿਆ ਸੀ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਚੋਰਾਂ ਨੇ ਕਾਫੀ ਸਮਾਂ ਲਗਾ ਕੇ ਕੀਮਤੀ ਵਸਤੂਆਂ ਦੀ ਭਾਲ ਕੀਤੀ ਹੈ ਕਿਉਂਕਿ ਕੋਠੀ ਦੇ ਮਾਲਕ ਮੌਜੂਦਾ ਸਮੇਂ ਕੈਨੇਡਾ ਵਿਚ ਹਨ, ਇਸ ਲਈ ਚੋਰੀ ਹੋਏ ਸੋਨੇ, ਨਕਦੀ ਜਾਂ ਹੋਰ ਕੀਮਤੀ ਸਾਮਾਨ ਦਾ ਸਹੀ ਵੇਰਵਾ ਅਜੇ ਪ੍ਰਾਪਤ ਨਹੀਂ ਹੋ ਸਕਿਆ ਹੈ? ਪਰ ਜਿਸ ਤਰ੍ਹਾਂ ਘਰ ਨੂੰ ਫਰੋਲਿਆ ਗਿਆ ਹੈ, ਉਸ ਤੋਂ ਲੱਖਾਂ ਰੁਪਏ ਦੇ ਨੁਕਸਾਨ ਦੀ ਸ਼ੰਕਾ ਜਤਾਈ ਜਾ ਰਹੀ ਹੈ।

ਪੁਲਸ ਪ੍ਰਸ਼ਾਸਨ ਦੀ ਲੋਕ ਸੁਰੱਖਿਆ ’ਤੇ ਉੱਠੇ ਸਵਾਲ
ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਸਰਪੰਚ ਅਮਨਦੀਪ ਕੁਮਾਰ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਇਸ ਘਟਨਾ ’ਤੇ ਡੂੰਘੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਫਗਵਾੜਾ ਅਤੇ ਆਲੇ-ਦੁਆਲੇ ਦੇ ਪੇਂਡੂ ਇਲਾਕਿਆਂ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਸਰਪੰਚ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਪਿੰਡ ਵਿੱਚ ਪਸ਼ੂ ਚੋਰੀ ਦੀ ਘਟਨਾ ਵੀ ਸਾਹਮਣੇ ਆਈ ਸੀ ਅਤੇ ਹੁਣ ਇਸ ਵਾਰਦਾਤ ਨੇ ਪੁਲਸ ਦੀ ਗਸ਼ਤ ਅਤੇ ਸੁਰੱਖਿਆ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੋਰਾਂ ਨੂੰ ਸ਼ਾਇਦ ਇਸ ਗੱਲ ਦੀ ਪੂਰੀ ਜਾਣਕਾਰੀ ਸੀ ਕਿ ਪਰਿਵਾਰ ਹਾਲ ਹੀ ਵਿਚ ਵਿਦੇਸ਼ ਗਿਆ ਹੈ ਅਤੇ ਘਰ ਖਾਲੀ ਹੈ। ਸਰਪੰਚ ਅਮਨਦੀਪ ਕੁਮਾਰ ਅਤੇ ਪਿੰਡ ਵਾਸੀਆਂ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਪੁਲਸ ਦੀ ਗਸ਼ਤ ਵਧਾਈ ਜਾਵੇ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪੁਲਸ ਨੇ ਸਖ਼ਤ ਕਦਮ ਨਾ ਚੁੱਕੇ ਤਾਂ ਲੋਕ ਆਪਣੇ ਘਰਾਂ ਵਿਚ ਅਸੁਰੱਖਿਅਤ ਮਹਿਸੂਸ ਕਰਨਗੇ।

ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਲਿਆ ਜਾਇਜ਼ਾ
ਇਸ ਦੌਰਾਨ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ ਫਿੰਗਰਪ੍ਰਿੰਟ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਕੈਨੇਡਾ ਰਹਿ ਰਹੇ ਕੋਠੀ ਦੇ ਮਾਲਕ ਨਾਲ ਸੰਪਰਕ ਸਾਧਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਨੁਕਸਾਨ ਦਾ ਸਹੀ ਅੰਦਾਜ਼ਾ ਲਗਾਇਆ ਜਾ ਸਕੇ। ਪੁਲਸ ਨੇ ਭਰੋਸਾ ਦਿੱਤਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।


author

Sandeep Kumar

Content Editor

Related News