ਰਾਤ ਨੂੰ ਏ. ਟੀ. ਐੱਮ. ਚੋਰ ਰੱਖਦੇ ਨੇ ਤਾਕ ‘ਕਦੋਂ ਲੱਗੇ ਪੁਲਸ ਦੀ ਅੱਖ’

08/20/2018 7:00:08 AM

ਲੁਧਿਆਣਾ, (ਮੋਹਿਨੀ)- ਅਪਰਾਧ ਦੀ ਦੁਨੀਆ ਦਾ ਗ੍ਰਾਫ ਕਦੇ ਘੱਟ ਨਹੀਂ ਹੁੰਦਾ। ਪੁਲਸ ਜਿੰਨੇ ਵੀ ਦਾਅਵੇ ਕਰੇ, ਅਪਰਾਧੀ ਆਪਣੇ ਨਾਪਾਕ ਇਰਾਦਿਆਂ ਨੂੰ ਪੂਰਾ ਕਰਨ ਲਈ ਨਵੇਂ ਰਸਤੇ ਲੱਭ ਹੀ ਲੈਂਦੇ ਹਨ ਅਤੇ ਚੋਰੀ, ਲੁੱਟ-ਖੋਹ ਅਤੇ ਹੋਰ ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ ਵਿਚ ਉਦੋਂ ਸਫਲ ਹੋ ਜਾਂਦੇ ਹਨ, ਜਦੋਂ ਰਾਤ ਦੇ ਹਨੇਰੇ ਵਿਚ ਪੁਲਸ ਦੀ ਵੀ ਅੱਖ ਲੱਗ ਜਾਂਦੀ ਹੈ। ਅਜਿਹੀਆਂ ਹੀ ਸਮਾਰਟ ਸਿਟੀ ਲੁਧਿਆਣਾ ਦੀਆਂ ਰਾਤਾਂ ਹਨ, ਜਿੱਥੇ ਪੁਲਸ ਦੀ ਭਾਰੀ ਫੋਰਸ, ਨਿੱਜੀ ਸੁਰੱਖਿਆ ਗਾਰਡ ਅਤੇ ਸੀ. ਸੀ. ਟੀ. ਵੀ. ਕੈਮਰੇ ਵੀ ਚੋਰਾਂ ਦੇ ਕਦਮਾਂ ਦੀ ਅਾਵਾਜ਼ ਨਹੀਂ ਪਛਾਣ ਸਕਦੇ। ਵਾਰ-ਵਾਰ ਹੋ ਰਹੀਆਂ ਏ. ਟੀ. ਐੱਮ.  ਮਸ਼ੀਨਾਂ ਨਾਲ ਵਾਰਦਾਤਾਂ ਅਤੇ ਜ਼ਿਲਾ ਪੁਲਸ ਕਮਿਸ਼ਨਰ ਦੇ ਤੋਂ ਬਾਅਦ ਵੀ ਮਹਾਨਗਰ ਵਿਚ ਸਥਾਪਤ ਕਈ ਬੈਂਕਾਂ ਦੀਆਂ ਸ਼ਾਖਾਵਾਂ ਅਤੇ ਉਨ੍ਹਾਂ ਦੀਆਂ ਏ. ਟੀ. ਐੱਮ. ਮਸ਼ੀਨਾਂ ਦੀ ਸੁਰੱਖਿਆ ਰੱਬ ਆਸਰੇ ਹੀ ਹੈ। ਬੈਂਕਾਂ ਵੱਲੋਂ ਲਾਈਆਂ ਗਈਆਂ ਏ. ਟੀ. ਐੱਮ. ਮਸ਼ੀਨਾਂ ਵਿਚ ਸੁਰੱਖਿਆ ਦੇ ਨਾਂ ’ਤੇ ਕੋਈ ਸਹੂਲਤ ਨਜ਼ਰ ਨਹੀਂ ਆ ਰਹੀ। ਇੱਥੋਂ ਤੱਕ ਕਿ ਏ. ਟੀ. ਐੱਮ. ਮਸ਼ੀਨ ਹੀ ਨਹੀਂ, ਸਗੋਂ ਬੈਂਕਾਂ ਵਿਚ ਨਿਜੀ ਗਾਰਡ ਤੱਕ ਤਾਇਨਾਤ ਨਹੀਂ ਕੀਤੇ ਗਏ ਜਦੋਂਕਿ ਪੁਲਸ ਕਮਿਸ਼ਨਰ ਵੱਲੋਂ ਜ਼ਿਲੇ ਦੇ ਸਾਰੇ ਬੈਂਕਾਂ ਦੇ ਪ੍ਰਬੰਧਕਾਂ ਨੂੰ ਸਖਤ ਹੁਕਮ ਜਾਰੀ ਕਰ ਰੱਖੇ ਹਨ ਕਿ ਬੈਂਕਾਂ ਦੀ ਸੁਰੱਖਿਆ ਵਿਚ ਕੋਈ ਲਾਪ੍ਰਵਾਹੀ ਨਾ ਵਰਤੀ ਜਾਵੇ। ਇਸ ਦੇ ਬਾਵਜੂਦ ਪੁਲਸ ਦਾ ਫਰਜ਼ ਬਣਦਾ ਹੈ ਕਿ ਉਹ ਬੈਂਕਾਂ ਦੇ ਪ੍ਰਬੰਧਕਾਂ ਤੋਂ ਇਸ ਸਬੰਧੀ ਖੁਦ ਜਾਣਕਾਰੀ ਹਾਸਲ ਕਰਨ ਕਿ ਬੈਂਕਾਂ ਅਤੇ ਏ. ਟੀ. ਐੱਮ. ਮਸ਼ੀਨਾਂ ਵਿਚ ਸਕਿਓਰਟੀ ਗਾਰਡ ਕਿਉਂ ਨਹੀਂ ਤਾਇਨਾਤ ਹਨ? ਜਿਸ ਕਾਰਨ ਪੁਲਸ ਦੀ ਢਿੱਲੀ ਕਾਰਜਪ੍ਰਣਾਲੀ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ।
 ਜਗ ਬਾਣੀ ਟੀਮ ਨੇ ਜਦੋਂ ਏ. ਟੀ. ਐੱਮਜ਼ ਦੇ ਟੁੱਟਦੇ ਤਾਲਿਆਂ ਦੇ ਹਾਲਾਤ ਦਾ ਜਾਇਜ਼ਾ ਲਿਆ ਤਾਂ ਸਥਿਤੀ ਬਹੁਤ ਸਾਫ ਹੋਈ, ਕਿਉਂਕਿ ਕਿਤੇ ਏ. ਟੀ. ਐੱਮਜ਼ ਬਿਨਾਂ ਸੁਰੱਖਿਆ ਗਾਰਡ ਦੇ ਸਨ ਤੇ ਕਿਤੇ ਪੁਲਸ ਦੀ ਕੋਈ ਨਫਰੀ ਜਾਂ ਚੈਕਿੰਗ ਤੱਕ ਨਹੀਂ ਸੀ। ਨੋਟਾਂ ਨਾਲ ਭਰੀਅਾਂ ਏ. ਟੀ. ਐੱਮ. ਮਸ਼ੀਨਾਂ ਨੂੰ ਇਸ ਤਰ੍ਹਾਂ ਖੁੱਲ੍ਹੇ ਵਿਚ ਛੱਡ ਰੱਖਿਆ ਸੀ ਕਿ ਕੋਈ ਵੀ ਚੋਰ ਆ ਕੇ ਇਸ ਨੂੰ ਤੋਡ਼ ਕੇ ਕੈਸ਼ ਕੱਢ ਲਵੇ। ਹੁਣ ਤਾਂ  ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਦਿਨ ਦੇ ਉਜਾਲੇ ’ਚ ਵੀ ਏ. ਟੀ. ਐੱਮਜ਼ ਕਾਰਡ ਬਦਲ ਕੇ ਕੈਸ਼ ਦੀਆਂ ਘਟਨਾਵਾਂ ਕਰ ਚੁੱਕੇ ਹਨ, ਹਾਲਾਂਕਿ ਪੁਲਸ ਇਨ੍ਹਾਂ ਨੂੰ ਫਡ਼ਨ ਲਈ ਕਾਫੀ ਦਿਨਾਂ ਬਾਅਦ ਸਰਗਰਮ ਹੁੰਦੀ ਹੈ ਅਤੇ ਨਿਯਮਾਂ ਦੇ ਅਨੁਸਾਰ ਜਿਨ੍ਹਾਂ ਏ.ਟੀ.ਐੱਮਜ਼ ਦੇ ਸੁਰੱਖਿਆ ਕਰਮਚਾਰੀ ਨਹੀਂ ਹਨ, ਉਨ੍ਹਾਂ ਨੂੰ ਪੁਲਸ ਨੇ ਗਾਈਡ ਲਾਈਨ ਦੇ ਰੱਖੀ ਹੈ ਕਿ ਉਹ ਰਾਤ 11 ਵਜੇ ਤੋਂ ਸਵੇਰੇ 6 ਵਜੇ ਤੱਕ ਏ. ਟੀ. ਐੱਮਜ਼ ਬੰਦ ਰੱਖਣ ਪਰ ਬੈਂਕਾਂ ’ਚ ਵਧਦੇ ਮੁਕਾਬਲੇ ਦੇ ਕਾਰਨ ਏ. ਟੀ. ਐੱਮਜ਼ ਖੁੱਲ੍ਹੇ ਰਹਿੰਦੇ ਹਨ। ਜਿਨ੍ਹਾਂ ’ਤੇ ਕੋਈ ਸੁਰੱਖਿਆ ਕਰਮਚਾਰੀ ਨਹੀਂ ਹੁੰਦਾ ਅਤੇ ਇਹ ਚੋਰਾਂ ਦੇ ਲਈ ਕਾਰਗਰ ਸਿੱਧ ਹੁੰਦਾ ਹੈ। 
ਇਸ ਤਰ੍ਹਾਂ ਹੀ ਪੀ. ਐੱਨ. ਬੀ. ਦੀ ਸ਼ਿਵਪੁਰੀ ਬਰਾਂਚ ’ਚ ਵੀ ਦੇਖਿਆ ਗਿਆ, ਜਿਥੇ ਏ. ਟੀ. ਐੱਮ. ਦੀ ਸੁਰੱਖਿਆ ਲਈ ਸੁਰੱਖਿਆ ਗਾਰਡ ਤਾਂ ਜ਼ਰੂਰੀ ਸੀ ਪਰ ਬੈਂਕ ਦੇ ਮੇਨ ਗੇਟ ’ਤੇ ਕੋਈ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਹੈ। ਯਾਦ ਰਹੇ ਕਿ ਪਹਿਲਾਂ ਵੀ ਇਸ ਬੈਂਕ ਦੇ ਅੰਦਰ ਹੀ ਨੌਸਰਬਾਜ਼ਾਂ ਨੇ ਉਪਭੋਗਤਾ ਨੂੰ ਠੱਗੀ ਦਾ ਨਿਸ਼ਾਨਾ ਬਣਾਇਆ ਸੀ, ਤਦ ਕੋਈ ਸੁਰੱਖਿਆ ਕਰਮਚਾਰੀ ਨਹੀਂ ਸੀ, ਜੇਕਰ ਇਸ ਤਰ੍ਹਾਂ ਹੀ ਬਿਨਾਂ ਸੁਰੱਖਿਆ ਕਰਮਚਾਰੀਆਂ ਦੇ ਬੈਂਕ ਖੁੱਲ੍ਹੀ ਰਹੀ ਤਾਂ ਸ਼ਰਾਰਤੀ ਅਨਸਰ ਕਿਸੇ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਸੂਤਰਾਂ ਅਨੁਸਾਰ ਕਈ ਬੈਂਕਾਂ ਦੀਆਂ ਬਰਾਚਾਂ ਵਿਚ ਸਕਿਓਰਟੀ ਗਾਰਡ ਰੱਖਣ ਦੀ ਹੁਣ ਤੱਕ ਕੋਈ ਪਾਲਿਸੀ ਨਹੀਂ ਬਣਾਈ ਹੋਈ ਹੈ। ਇਥੇ ਦੱਸ ਦੇਈਏ ਕਿ ਸਿਰਫ ਹਾਈਰਿਸਕ ਬੈਂਕ ਬਰਾਂਚਾਂ ਨੂੰ ਛੱਡ ਕੇ 60 ਫੀਸਦੀ ਹੋਰ ਬੈਂਕਾਂ ’ਚ ਸਕਿਓਰਟੀ ਗਾਰਡ ਉਪਲੱਬਧ ਨਹੀਂ ਹਨ। 
 ਬੈਂਕ ਅਧਿਕਾਰੀ ਅਤੇ ਸਕਿਓਰਟੀ ਗਾਰਡ ਏਜੰਸੀਆਂ ਨਹੀਂ ਹਨ ਇਸ ਪ੍ਰਤੀ ਗੰਭੀਰ
 ਜ਼ਿਆਦਾਤਰ ਵਾਰਦਾਤਾਂ ਵਿਚ ਪੁਲਸ ਲੁਟੇਰਿਆਂ ਤੱਕ ਨਹੀਂ ਪੁੱਜ ਸਕੀ ਹੈ। ਇਸ ਦੇ ਬਾਵਜੂਦ ਜ਼ਿਲੇ ’ਚ ਏ. ਟੀ. ਐੱਮਜ਼ ਦੀ ਸੁਰੱਖਿਆ ਪ੍ਰਤੀ ਨਾ ਤਾਂ ਸਬੰਧਤ ਬੈਂਕ ਦਾ ਪ੍ਰਬੰਧਨ ਚਿੰਤਤ ਦਿਖਾਈ ਦਿੰਦਾ ਹੈ ਅਤੇ ਨਾ ਹੀ ਏ. ਟੀ. ਐੱਮਜ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣ ਵਾਲੀਆਂ ਸਕਿਓਰਟੀ ਗਾਰਡ ਏਜੰਸੀਆਂ ਗੰਭੀਰ ਦਿਖਾਈ ਦੇ ਰਹੀਆਂ ਹਨ। ਜ਼ਿਲੇ ਵਿਚ ਏ. ਟੀ. ਐੱਮਜ਼ ਦੀ ਸੁਰੱਖਿਆ ਰੱਬ ਆਸਰੇ ਹੈ। ਬੈਂਕ ਅਧਿਕਾਰੀ ਸ਼ਾਇਦ ਇਸ ਲਈ ਬੇਫਿਕਰ ਹਨ ਕਿ ਏ. ਟੀ. ਐੱਮਜ਼ ’ਚ ਕੈਸ਼ ਦਾ ਬੀਮਾ ਹੁੰਦਾ ਹੈ ਪਰ ਏ. ਟੀ. ਐੱਮ. ਤੋਂ ਨਕਦੀ ਕਢਵਾਉਂਦੇ ਸਮੇਂ ਜੇਕਰ ਕਿਸੇ ਗਾਹਕ ਦੇ ਨਾਲ ਕੋਈ ਵਾਰਦਾਤ ਹੋ ਜਾਵੇ ਤਾਂ ਇਸ ਦੀ ਜ਼ਿੰਮੇਵਾਰੀ ਕਿਸਦੀ ਹੈ ?
 ਸਾਈਬਰ ਕਰਾਇਮ ਦੀਆਂ 
ਘਟਨਾਵਾਂ ’ਚ ਹੋ ਰਿਹੈ ਵਾਧਾ 
 ਵਰਨਣਯੋਗ ਹੈ ਕਿ ਇਕ ਪਾਸੇ ਜਿਥੇ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀ ਜਨਤਾ ਨੂੰ ਕੈਸ਼ ਦੀ ਬਜਾਏ ਡਿਜੀਟਲ ਪੇਮੈਂਟ ਜ਼ਿਆਦਾ ਕਰਨ ਦੀ ਸਲਾਹ ਦੇ ਰਹੀ ਹੈ, ਤਾਂ ਉਥੇ ਸਾਈਬਰ ਅਪਰਾਧ ਦੀਆਂ ਘਟਨਾਵਾਂ ’ਚ ਵੀ ਖਾਸਾ ਵਾਧਾ ਹੋ ਰਿਹਾ ਹੈ। ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਰੋਕਣ  ਲਈ ਸਰਕਾਰ ਵਲੋਂ ਫਿਲਹਾਲ ਕੋਈ ਕਾਰਗਰ ਕਦਮ ਨਹੀਂ ਚੁੱਕਿਆ ਗਿਆ ਹੈ। ਚੋਰ ਬਹੁਤ ਹੀ ਸਫਾਈ ਨਾਲ ਖਾਤਿਆਂ ’ਚੋਂ ਪੈਸੇ ਉਡਾ ਰਹੇ ਹਨ ਅਤੇ ਉਨ੍ਹਾਂ ਨੂੰ ਫਡ਼ਨ ’ਚ ਪੁਲਸ ਨੂੰ ਕਾਫੀ ਪਸੀਨਾ ਵਹਾਉਣਾ ਪੈਂਦਾ ਹੈ। ਕਈ ਵਾਰ ਤਾਂ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਦਾ।
ਹੁਣ ਤੱਕ ਹੋਈਆਂ ਵਾਰਦਾਤਾਂ : 
l 24 ਜੁਲਾਈ 2017 ਨੂੰ ਏ. ਟੀ. ਐੱਮ. ਦਾ ਕਲੋਨ ਬਣਾ ਕੇ ਠੱਗੀ। 
l 11 ਨਵੰਬਰ 2017 ਨੂੰ ਕਿਲਾ ਰਾਏਪੁਰ ’ਚ ਏ. ਟੀ. ਐੱਮ. ਕੱਟ ਕੇ ਲੱਖਾਂ ਰੁਪਏ ਲੈ ਗਏ ਚੋਰ
l 21 ਅਪ੍ਰੈਲ 2018 ਨੂੰ ਭਾਈ ਰਣਧੀਰ ਸਿੰਘ ਨਗਰ ’ਚ ਬੈਂਕ ਕਰਮਚਾਰੀਆਂ ਦੇ ਨਾਲ ਮਿਲ ਕੇ ਏ. ਟੀ. ਐੱਮ. ’ਚੋਂ ਉਡਾਏ ਰੁਪਏ। 
l 11 ਅਗਸਤ ਨੂੰ ਜਮਾਲਪੁਰ ’ਚ ਏ. ਟੀ. ਐੱਮ. ਕਾਰਡ ਜ਼ਰੀਏ ਮਾਰੀ ਗਈ ਠੱਗੀ । 
ਇਹ ਹਨ ਨਿਯਮ 
l ਬੈਂਕਾਂ ਦੀ ਸੁਰੱਖਿਆ ਲਈ ਤਾਇਨਾਤ ਹੋਣ ਚਾਹੀਦੇ ਹਨ ਕਰਮਚਾਰੀ। 
l ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਤਿੰਨ ਮਹੀਨਿਆਂ ਬਾਅਦ ਚੈੱਕ ਕਰਵਾਉਣਾ
l ਏ. ਟੀ. ਐੱਮ. ਕੈਬਿਨ ’ਚ ਸੁਰੱਖਿਆ ਗਾਰਡ ਜ਼ਰੂਰੀ
l ਏ. ਟੀ. ਐੱਮ. ਕੈਬਿਨ ’ਚ ਵੀ ਪੁਲਸ ਸਾਇਰਨ ਹੋਣਾ ਜ਼ਰੂਰੀ 
 


Related News