ਫਿਰੋਜ਼ਪੁਰ : ਚੋਰੀ ਦੇ 33 ਵਾਹਨਾਂ ਸਣੇ 6 ਗ੍ਰਿਫਤਾਰ
Wednesday, Jan 03, 2018 - 07:29 PM (IST)
ਫ਼ਿਰੋਜ਼ਪੁਰ (ਕੁਮਾਰ) : ਜ਼ਿਲਾ ਫਿਰੋਜ਼ਪੁਰ ਪੁਲਸ ਨੇ ਚੋਰ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਚੋਰੀ ਦੇ 33 ਮੋਟਰਸਾਈਕਲ ਅਤੇ ਸਕੂਟਰ ਬਰਾਮਦ ਕੀਤੇ ਹਨ। ਇਹ ਜਾਣਕਾਰੀ ਦਿੰਦੇ ਐੱਸ.ਐੱਸ.ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਅਤੇ ਅੱੈਸ.ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ ਅਜਮੇਰ ਸਿੰਘ ਬਾਠ ਨੇ ਦੱਸਿਆ ਕਿ ਡੀ.ਐੱਸ.ਪੀ. ਹਰਿੰਦਰ ਸਿੰਘ ਡੋਡ, ਇੰਚਾਰਜ ਸੀ.ਆਈ.ਏ. ਸਟਾਫ ਫਿਰੋਜ਼ਪੁਰ ਇੰਸਪੈਕਟਰ ਅਵਤਾਰ ਸਿੰਘ ਅਤੇ ਥਾਣਾ ਸਦਰ ਫਿਰੋਜ਼ਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਚੋਰ ਗਿਰੋਹ ਦੇ ਮੈਂਬਰ ਸੂਰਜ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੀਰਾਂ ਵਾਲਾ, ਸੈਮੂਅਲ ਪੁੱਤਰ ਜਗਦੀਸ਼ ਵਾਸੀ ਲੇਲੀ ਵਾਲਾ, ਅਜੇ ਪੁੱਤਰ ਯੂਸਫ ਵਾਸੀ ਕੋਠੀ ਰਾਏ ਸਾਹਿਬ, ਦੀਪੂ ਪੁੱਤਰ ਬਸ਼ੀਰ ਵਾਸੀ ਪੀਰਾਂ ਵਾਲਾ, ਸੁਖਦੇਵ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਬਸਤੀ ਨਿਜਾਮਦੀਨ ਫਿਰੋਜਪੁਰ ਨੂੰ ਗ੍ਰਿਫਤਾਰ ਕਰਕੇ ਇਸ ਗਿਰੋਹ ਤੋਂ ਚੋਰੀ ਦੇ 2 ਮੋਟਰਸਾਈਕਲ ਅਤੇ ਇਕ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ।
ਐੱਸ.ਐੱਸ.ਪੀ. ਫਿਰੋਜ਼ਪੁਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁੱਛਗਿੱਛ ਦੌਰਾਨ ਫੜ੍ਹੇ ਗਏ ਕਥਿਤ ਚੋਰਾਂ ਨੇ ਮੰਨਿਆ ਹੈ ਕਿ ਉਹ ਮੋਟਰਸਾਈਕਲ ਅਤੇ ਸਕੂਟਰ ਚੋਰੀ ਕਰਨ ਦੇ ਬਾਅਦ ਉਨ੍ਹਾਂ ਨੂੰ ਜਾਅਲੀ ਆਰ.ਸੀ. ਤਿਆਰ ਕਰਕੇ ਅੱਗੇ ਵੇਚ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਫੜੇ ਗਏ ਕਥਿਤ ਚੋਰਾਂ ਖਿਲਾਫ ਮੁਕੱਦਮਾ ਦਰਜ ਕਰਦੇ ਫਰਾਰ ਹੋਏ ਮਿੰਟੂ ਪੁੱਤਰ ਲਾਲ ਚੰਦ ਵਾਸੀ ਪਿੰਡ ਪੀਰਾਂ ਵਾਲਾ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ। ਉਨਂ੍ਹਾਂ ਦੱਸਿਆ ਕਿ ਇਸ ਗਿਰੋਹ ਨੇ ਸ਼ਰਾਬ ਦੇ 6 ਠੇਕਿਆਂ 'ਤੇ ਵੀ ਚੋਰੀ ਕੀਤੀ ਸੀ। ਇਸ ਤੋਂ ਇਲਾਵਾ ਪੁਲਸ ਨੇ ਬੂਟਾ ਸਿੰਘ ਪੁੱਤਰ ਸਾਬਾ ਸਿੰਘ ਵਾਸੀ ਗੁਰਦਿੱਤੀ ਵਾਲਾ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਚੌਰੀ ਦੇ 12 ਮੋਟਰਸਾਈਕਲ ਬਰਾਮਦ ਕੀਤੇ ਹਨ।
