ਠੇਕੇਵਾਲੀ ਗਲੀ ’ਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੇ ਵੱਡੇ ਭਰਾ ਦੇ ਘਰ ਹੋਈ ਚੋਰੀ
Sunday, Jul 24, 2022 - 04:10 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਾਜ ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਦੀ ਠੇਕੇਵਾਲੀ ਗਲੀ ’ਚ ਲਗਭਗ 15 ਦਿਨ ਪਹਿਲਾਂ ਅਮਨ ਕਸਰੀਜਾ ਦੇ ਘਰੋਂ ਲਗਭਗ ਅੱਠ ਲੱਖ ਦੀ ਚੋਰੀ ਦਾ ਮਾਮਲਾ ਅਜੇ ਪੁਲਸ ਲਈ ਅਣਸੁਲਝੀ ਪਹੇਲੀ ਬਣਿਆ ਹੋਇਆ ਸੀ ਕਿ ਅੱਜ ਇਸੇ ਗਲੀ ’ਚੋਂ ਕੁਝ ਦੂਰੀ ’ਤੇ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਤੀਸ਼ ਗਿਰਧਰ ਕਾਲਾ ਦੇ ਵੱਡੇ ਭਰਾ ਦੇ ਘਰੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਪੁਲਸ ਲਈ ਚੁਣੌਤੀਆਂ ਹੋਰ ਵਧਾ ਦਿੱਤੀਆਂ ਹਨ। ਜਾਣਕਾਰੀ ਅਨੁਸਾਰ ਹੁਣ ਚੋਰਾਂ ਨੇ ਠੇਕੇਵਾਲੀ ਗਲੀ ਦੇ ਵਸਨੀਕ ਸੀਨੀਅਰ ਅਕਾਲੀ ਆਗੂ ਸਤੀਸ਼ ਗਿਰਧਰ ਕਾਲਾ ਦੇ ਵੱਡੇ ਭਰਾ ਜਸਰਾਜ ਗਿਰਧਰ ਦੇ ਗ੍ਰਹਿ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਚੋਰਾਂ ਵੱਲੋਂ ਚੋਰੀ ਦੀ ਘਟਨਾ ਦਰਮਿਆਨ ਘਰ ਦਾ ਸਾਰਾ ਸਮਾਨ ਉਥਲ-ਪੁਥਲ ਕਰ ਦਿੱਤਾ ਗਿਆ। ਜਿਸ ਦੇ ਚਲਦਿਆਂ ਹਾਲੇ ਚੋਰੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ ਹੈ। ਮੌਕੇ ’ਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਮਲਕੀਤ ਸਿੰਘ ਵੀ ਆਪਣੀ ਟੀਮ ਸਮੇਤ ਪਹੁੰਚ ਗਏ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬਰਕੰਦੀ, ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਸ਼ਰਮਾ ਸਮੇਤ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਮੌਕੇ ’ਤੇ ਪਹੁੰਚ ਚੁੱਕੇ ਸਨ ਅਤੇ ਪੀੜਤ ਪਰਿਵਾਰ ਦੇ ਦੁੱਖ ’ਚ ਹਮਦਰਦੀ ਵਜੋਂ ਨਾਲ ਖੜ੍ਹੇ ਨਜ਼ਰ ਆ ਰਹੇ ਸਨ।