ਚੋਰ ਗਿਰੋਹ ਦਾ ਪਰਦਾਫਾਸ਼, 3 ਕਾਬੂ
Friday, Jun 15, 2018 - 08:27 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) – ਜ਼ਿਲਾ ਪੁਲਸ ਸੰਗਰੂਰ ਨੇ ਚੋਰ ਗਿਰੋਹ ਦੇ ਮੈਂਬਰਾਂ ਨੂੰ ਚੋਰੀ ਦੇ ਗਹਿਣਿਅਾਂ, ਕਾਰਾਂ, ਮੋਟਰਸਾੲੀਕਲ ਅਤੇ ਸਕੂਟਰੀਆਂ ਸਣੇ ਕਾਬੂ ਕੀਤਾ। ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. (ਇੰਨ) ਹਰਮੀਤ ਸਿੰਘ ਹੁੰਦਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ’ਚ ਚੋਰੀਆਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਸੀ. ਆਈ. ਏ. ਸਟਾਫ ਬਹਾਦਰ ਸਿੰਘ ਵਾਲਾ ਦੇ ਮੁਲਾਜ਼ਮਾਂ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਹੈ। ਫਡ਼ੇ ਗਏ ਦੋਵੇਂ ਵਿਅਕਤੀ ਸੂਰਜ ਉਰਫ ਨੇਪਾਲੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਦੇਹਰਾਦੂਨ ਹਾਲ ਆਬਾਦ ਹਰਦੇਵ ਨਗਰ ਭਾਮੀਆਂ ਕਲਾਂ ਲੁਧਿਆਣਾ ਅਤੇ ਅਜੇ ਕੁਮਾਰ ਉਰਫ ਕੰਚਨ ਵਾਸੀ ਬਸੇਡ਼ਾ ਥਾਣਾ ਨਾਗਲ ਜ਼ਿਲਾ ਸਹਾਰਨਪੁਰ (ਯੂ.ਪੀ.) ਨੂੰ ਅਲਟੋ ਕਾਰ ਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਕਾਰ ’ਚੋਂ ਤਲਾਸ਼ੀ ਦੌਰਾਨ ਇਕ ਲੋਹੇ ਦੀ ਰਾਡ, ਇਕ ਪੇਚਕਸ, ਦੋ ਗੁਟਕੇ ਲੱਕਡ਼ ਦੇ ਬਰਾਮਦ ਹੋਏ ਹਨ।
ਜ਼ਿਲੇ ’ਚ ਕੀਤੀਅਾਂ ਚੋਰੀਅਾਂ
ਐੱਸ. ਪੀ. ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਜ਼ਿਲੇ ਦੇ ਪਿੰਡ ਅਲੀਪੁਰ ਥਾਣਾ ਅਮਰਗਡ਼੍ਹ ਵਿਖੇ ਮਾਰਚ ਮਹੀਨੇ ਇਕ ਮਕਾਨ ਦੇ ਦਿਨ ਸਮੇਂ ਜਿੰਦੇ ਤੋਡ਼ ਕੇ 12 ਤੋਲੇ ਸੋਨਾ, ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ ਕੀਤੀ ਸੀ ਤੇ ਇਸ ਤੋਂ ਇਲਾਵਾ ਫਰਵਰੀ ਮਹੀਨੇ ’ਚ ਪਿੰਡ ਧਾਂਦਰਾਂ ’ਚ ਵੀ ਇਕ ਮਕਾਨ ਦੇ ਜਿੰਦੇ ਤੋਡ਼ ਕੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕੀਤੇ ਸਨ।
2 ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ
ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਇਨ੍ਹਾਂ ਦੇ ਸਾਥੀ ਰਾਕੇਸ਼ ਕੁਮਾਰ ਵਾਸੀ ਲੁਧਿਆਣਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜੋ ਇਨ੍ਹਾਂ ਕੋਲੋਂ ਚੋਰੀ ਕੀਤਾ ਸੋਨਾ ਖਰੀਦਦਾ ਸੀ।
ਇਸ ਗਿਰੋਹ ਦੇ 2 ਹੋਰ ਵਿਅਕਤੀ ਸੰਜੇ ਕੁਮਾਰ ਵਾਸੀ ਲੁਧਿਆਣਾ ਤੇ ਰਾਜਾ ਵਰਮਾ ਵਾਸੀ ਲੁਧਿਆਣਾ ਦੀ ਗ੍ਰਿਫਤਾਰੀ ਬਾਕੀ ਹੈ।
ਚੋਰੀ ਦੇ ਪੈਸਿਆਂ ਨਾਲ ਖਰੀਦੇ ਵਾਹਨ ਬਰਾਮਦ
ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਚੋਰੀ ਦੀਅਾਂ ਵਾਰਦਾਤਾਂ ’ਚ ਵਰਤੇ ਵਾਹਨ 2 ਕਾਰਾਂ, 2 ਮੋਟਰਸਾਈਕਲ ਤੇ 2 ਐਕਟਿਵਾ, ਜੋ ਕਿ ਇਨ੍ਹਾਂ ਨੇ ਚੋਰੀ ਦੇ ਪੈਸਿਆਂ ਨਾਲ ਹੀ ਖਰੀਦੇ ਸਨ, ਵੀ ਬਰਾਮਦ ਕੀਤੇ ਹਨ। ਇਸ ਤੋਂ ਬਿਨਾਂ ਸੋਨੇ ਤੇ ਚਾਂਦੀ ਦੇ ਗਹਿਣੇ ਵੀ ਬਰਾਮਦ ਕੀਤੇ ਹਨ।
ਮੋਹਾਲੀ ਤੇ ਰਾਜਸਥਾਨ ’ਚ ਵੀ ਕੀਤੀਅਾਂ ਚੋਰੀਅਾਂ
ਪੁੱਛਗਿੱਛ ਦੌਰਾਨ ਦੋਵਾਂ ਵਿਅਕਤੀਆਂ ਨੇ ਮੰਨਿਆ ਕਿ ਉਨ੍ਹਾਂ ਜ਼ਿਲਾ ਸੰਗਰੂਰ, ਬਰਨਾਲਾ, ਮੋਹਾਲੀ ਤੇ ਰਾਜਸਥਾਨ ਦੇ ਕਈ ਜ਼ਿਲਿਅਾਂ ’ਚ ਚੋਰੀਆਂ ਕੀਤੀਆਂ ਹਨ।