ਸਨੌਰ ''ਚ ਜਾਰੀ ਹੈ ਚੋਰਾਂ ਦਾ ਕਹਿਰ
Thursday, Nov 30, 2017 - 08:07 AM (IST)
ਪਟਿਆਲਾ, ਸਨੌਰ (ਜੋਸਨ, ਕੁਲਦੀਪ) - ਬੀਤੀ ਰਾਤ ਚੋਰਾਂ ਵੱਲੋਂ ਬੇਖੌਫ ਹੋ ਕੇ ਤਿੰਨ ਥਾਵਾਂ 'ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, ਜਿਸ ਕਾਰਨ ਇਲਾਕੇ ਵਿਚ ਫਿਰ ਤੋਂ ਦਹਿਸ਼ਤ ਦਾ ਮਾਹੌਲ ਹੈ। ਸਨੌਰ ਬੱਸ ਸਟੈਂਡ ਦੇ ਨਜ਼ਦੀਕ ਗਿਰਧਾਰੀ ਸਵੀਟਸ ਦੇ ਸਾਹਮਣੇ ਗਰਗ ਕਰਿਆਨਾ ਸਟੋਰ ਦਾ ਮਾਲਕ ਲੰਘੀ ਰਾਤ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਗਿਆ। ਸਵੇਰੇ ਉਸ ਨੇ ਜਦੋਂ ਦੁਕਾਨ ਖੋਲ੍ਹੀ ਤਾਂ ਉਸ ਨੂੰ ਦੁਕਾਨ ਵਿਚ ਹੋਈ ਚੋਰੀ ਬਾਰੇ ਪਤਾ ਲੱਗਾ। ਉਸ ਨੇ ਤੁਰੰਤ ਸਨੌਰ ਥਾਣੇ ਪੁਲਸ ਨੂੰ ਸੂਚਨਾ ਦਿੱਤੀ, ਜਿਸ 'ਤੇ ਐੱਸ. ਐੱਚ. ਓ. ਥਾਣਾ ਸਨੌਰ ਰਣਬੀਰ ਸਿੰਘ ਪੁਲਸ ਪਾਰਟੀ ਸਮੇਤ ਕਰਿਆਨੇ ਦੀ ਦੁਕਾਨ ਵਿਚ ਪੁੱਜੇ। ਚੋਰਾਂ ਵੱਲੋਂ ਗਰਗ ਕਰਿਆਨਾ ਸਟੋਰ ਵਿਚੋਂ ਇਕ ਐੱਲ. ਈ. ਡੀ., ਕੈਸ਼, ਕੁਝ ਹੋਰ ਸਾਮਾਨ ਅਤੇ ਸੀ. ਸੀ. ਟੀ. ਵੀ. ਦੀ ਡੀ. ਵੀ. ਆਰ. ਚੋਰੀ ਕੀਤੀ ਗਈ ਸੀ।
ਇਸ ਮੌਕੇ ਦੁਕਾਨ ਵਿਚ ਹੋਈ ਚੋਰੀ ਦੀ ਜਾਂਚ ਕਰਨ ਲਈ ਮੋਬਾਇਲ ਫੋਰੈਂਸਿਕ ਸਾਇੰਸ ਯੂਨਿਟ ਪਟਿਆਲਾ ਦੀ ਟੀਮ ਵੀ ਪੁੱਜੀ। ਸਨੌਰ ਪੁਲਸ ਅਤੇ ਟੀਮ ਵੱਲੋਂ ਡੂੰਘਾਈ ਨਾਲ ਸਾਰੀ ਦੁਕਾਨ ਦੀ ਜਾਂਚ ਕੀਤੀ ਗਈ। ਖਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਮੇਨ ਬਾਜ਼ਾਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਪਠਾਣਾਂ ਵਾਲੇ ਮੁਹੱਲੇ ਵਿਚ ਚੋਰਾਂ ਵੱਲੋਂ ਇਕ ਕਾਰ ਦਾ ਸ਼ੀਸ਼ਾ ਤੋੜ ਕੇ ਡੈੱਕ ਚੋਰੀ ਕੀਤਾ ਗਿਆ। ਤੀਸਰੀ ਚੋਰੀ ਦੀ ਵਾਰਦਾਤ ਨਗਰ ਕੌਂਸਲ ਦਫਤਰ ਮੇਨ ਬਾਜ਼ਾਰ ਦੇ ਨਜ਼ਦੀਕ ਹੋਈ। ਚੋਰਾਂ ਵੱਲੋਂ ਇਕ ਕਾਰ ਦੇ ਲਾਕ ਤੋੜ ਕੇ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਸਨੌਰ ਪੁਲਸ ਵੱਲੋਂ ਵਾਰਦਾਤ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲੀ ਜਾ ਰਹੀ ਹੈ।
