ਇਕੋ ਰਾਤ 'ਚ 4 ਦੁਕਾਨਾਂ 'ਤੇ ਚੋਰਾਂ ਨੇ ਬੋਲਿਆ ਧਾਵਾ

09/08/2017 8:17:03 AM

ਖਰੜ  (ਰਣਬੀਰ, ਅਮਰਦੀਪ) - ਸ਼ਹਿਰ ਅੰਦਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਲੋਕਾਂ ਦੀ ਨੀਂਦ ਉਡਾਈ ਹੋਈ ਹੈ ਤੇ ਚੋਰਾਂ ਨੂੰ ਕਾਬੂ ਕਰਨ 'ਚ ਪੁਲਸ ਪੂਰੀ ਤਰ੍ਹਾਂ ਲਾਚਾਰ ਨਜ਼ਰ ਆ ਰਹੀ ਹੈ। ਪਿਛਲੇ ਕਾਫੀ ਸਮੇਂ ਤੋਂ ਚੋਰਾਂ ਵਲੋਂ ਖਰੜ ਸ਼ਹਿਰ ਦੇ ਆਸਪਾਸ (ਬਾਹਰਲੇ ਪਾਸੇ) ਮੌਜੂਦ ਮੈਡੀਕਲ ਸਟੋਰ/ਦੁਕਾਨਾਂ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੀ ਰਾਤ ਵੀ ਚੋਰਾਂ ਨੇ 3 ਮੈਡੀਕਲ ਸਟੋਰਾਂ ਤੋਂ ਇਲਾਵਾ ਇਕ ਇਲੈਕਟ੍ਰੋਨਿਕ ਦੀ ਦੁਕਾਨ 'ਤੇ ਧਾਵਾ ਬੋਲਿਆ। ਚੋਰ 3 ਦੁਕਾਨਾਂ 'ਚ ਵਾਰਦਾਤ ਨੂੰ ਅੰਜਾਮ ਦੇਣ 'ਚ ਕਾਮਯਾਬ ਰਹੇ ਜਦੋਂ ਕਿ ਇਕ ਦੇ ਤਾਲੇ ਤੋੜਨ ਮਗਰੋਂ ਉਹ ਫਰਾਰ ਹੋ ਗਏ। ਪਹਿਲੀ ਘਟਨਾ ਸਥਾਨਕ ਗਿਲਕੋ ਵੈਲੀ ਵਿਖੇ ਸਥਿਤ ਸਿੰਘ ਮੈਡੀਕਲ ਸਟੋਰ 'ਤੇ ਵਾਪਰੀ। ਦੁਕਾਨ ਦੇ ਮਾਲਕ ਸਤਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦੇ ਸ਼ਟਰ ਦੇ ਤਾਲੇ ਤੋੜ ਕੇ ਗੱਲੇ 'ਚੋਂ ਢਾਈ ਹਜ਼ਾਰ ਦੀ ਨਕਦੀ ਤੋਂ ਇਲਾਵਾ 4 ਹਜ਼ਾਰ ਦਾ ਕਾਸਮੈਟਿਕ ਦਾ ਸਾਮਾਨ ਚੋਰੀ ਕਰ ਲਿਆ।
ਦੂਜੀ ਘਟਨਾ ਗਿਲਕੋ ਵੈਲੀ ਅੰਦਰ ਹੀ ਜਗਦੰਬੇ ਇਲੈਕਟ੍ਰੋਨਿਕ ਦੀ ਦੁਕਾਨ ਅੰਦਰ ਵਾਪਰੀ। ਦੁਕਾਨਦਾਰ ਅਰਵਿੰਦ ਸਹਿਗਲ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਅੱਜ ਸਵੇਰੇ ਸੈਰ ਕਰਨ ਨਿਕਲੇ ਲੋਕਾਂ ਤੋਂ ਮਿਲੀ ਜਾਣਕਾਰੀ ਉਪਰੰਤ ਮੌਕੇ 'ਤੇ ਜਾ ਦੇਖਿਆ ਤਾਂ ਦੁਕਾਨ ਦਾ ਸ਼ਟਰ ਉਖਾੜਿਆ ਹੋਇਆ ਸੀ ਤੇ ਅੰਦਰੋਂ 3 ਹਜ਼ਾਰ ਦੀ ਨਕਦੀ ਸਮੇਤ 5 ਹਜ਼ਾਰ ਦਾ ਮੋਬਾਇਲ ਫੋਨ ਤੇ ਹੋਰ ਸਾਮਾਨ ਗਾਇਬ ਸੀ।
ਤੀਸਰੀ ਘਟਨਾ ਦੇਸੂਮਾਜਰਾ ਜੰਡਪੁਰ ਰੋਡ ਸੰਨੀ ਇਨਕਲੇਵ ਮਾਰਕੀਟ ਅੰਦਰ ਮੌਜੂਦ ਨਿਰਮਲ ਗੁਰੂ ਕ੍ਰਿਪਾ ਮੈਡੀਕਲ ਸਟੋਰ 'ਤੇ ਸਵਾ 11 ਵਜੇ ਵਾਪਰੀ ਜਦੋਂ ਟੋਪੀ ਵਾਲਾ ਵਿਅਕਤੀ ਆਪਣੇ ਸਾਥੀ ਨਾਲ ਦੁਕਾਨ ਦਾ ਪਿਛਲਾ ਸ਼ਟਰ ਤੇ ਸ਼ੀਸ਼ੇ ਦਾ ਦਰਵਾਜ਼ਾ ਤੋੜ ਕੇ ਅੰਦਰ ਜ਼ਰੂਰ ਦਾਖਲ ਹੋਇਆ ਪਰ ਉਥੋਂ ਵੀ ਉਸ ਨੂੰ ਭੱਜਣਾ ਪਿਆ। ਦੁਕਾਨਦਾਰ ਅਸ਼ੋਕ ਨੇ ਦੱਸਿਆ ਕਿ ਇਸ ਦੀ ਸੂਚਨਾ ਜਿਵੇ ਹੀ ਉਸ ਨੂੰ ਚੌਕੀਦਾਰ ਨੇ ਦਿੱਤੀ ਤਾਂ ਉਹ ਤੁਰੰਤ ਮੌਕੇ ਉੱਤੇ ਪੁੱਜ ਗਿਆ ਤੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਸੀ. ਸੀ. ਟੀ. ਕੈਮਰੇ 'ਚ ਚੋਰਾਂ ਦੀ ਸਾਰੀ ਹਰਕਤ ਕੈਦ ਹੋ ਚੁੱਕੀ ਹੈ। ਚੌਥੀ ਘਟਨਾ ਪੁਰਾਣੀ ਸੰਨੀ ਇਨਕਲੇਵ ਅੰਦਰ ਦੁਰਗਾ ਮੈਡੀਕਲ ਸਟੋਰ ਵਿਖੇ ਵਾਪਰੀ, ਪਿਛਲੇ ਕਰੀਬ ਡੇਢ ਮਹੀਨੇ ਦੌਰਾਨ ਚੋਰਾਂ ਵਲੋਂ ਇਸ ਦੁਕਾਨ ਨੂੰ ਤੀਸਰੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਦੁਕਾਨਦਾਰ ਧਰਮਿੰਦਰ ਨੇ ਦੱਸਿਆ ਕਿ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਅੱਧੀ ਰਾਤ ਪੌਣੇ ਇਕ ਤੋਂ ਡੇਢ ਵਜੇ ਤਕ ਇਥੇ ਮੌਜੂਦ ਰਹੇ। ਵਾਰਦਾਤ ਨੂੰ ਪਹਿਲਾਂ ਵਾਂਗ ਹੀ ਟੋਪੀ ਵਾਲਾ ਵਿਅਕਤੀ, ਜੋ ਕਿ ਅਕਸਰ ਦਵਾਈ ਦੀਆਂ ਦੂਸਰੀਆਂ ਦੁਕਾਨਾਂ ਅੰਦਰ ਘਟਨਾਵਾਂ ਨੂੰ ਅੰਜਾਮ ਦਿੰਦੇ ਸਮੇਂ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਚੁੱਕਾ ਹੈ, ਵਲੋਂ ਦਿੱਤਾ ਗਿਆ ਪਰ ਬਾਹਰ ਕੋਈ ਹਰਕਤ ਵੇਖ ਕੇ ਚੋਰ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਦੁਕਾਨ ਅੰਦਰ ਮੌਜੂਦ ਦਾਨ ਪਾਤਰ ਵਾਲੇ ਬਕਸੇ ਨੂੰ ਨਕਦੀ ਸਮੇਤ ਚੋਰੀ ਕਰ ਕੇ ਫਰਾਰ ਹੋ ਗਿਆ। ਇਨ੍ਹਾਂ ਘਟਨਾਵਾਂ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ।


Related News