ਬੰਦ ਘਰ ਵਿਚ ਚੋਰ ਕਰ ਗਏ ਵੱਡਾ ਕਾਂਡ, ਲੱਖਾਂ ਦੇ ਗਹਿਣੇ ਅਤੇ ਨਗਦੀ ਲੈ ਕੇ ਹੋਏ ਫਰਾਰ

06/28/2024 2:59:30 PM

ਬੰਗਾ (ਰਾਕੇਸ਼ ਅਰੋੜਾ) : ਬੰਗਾ ਦੇ ਸਥਾਨਕ ਰੇਲਵੇ ਰੋਡ 'ਤੇ ਸਥਿਤ ਪੁਰਾਣੀ ਦਾਣਾ ਮੰਡੀ ਦੇ ਬਾਹਰ ਨਾਲ ਲੱਗਦੇ ਮੁਹੱਲੇ ਵਿਚ ਚੋਰਾਂ ਵੱਲੋਂ ਬੀਤੀ ਦੇਰ ਰਾਤ ਬੰਦ ਪਏ ਘਰ ਨੂੰ ਨਿਸ਼ਾਨੇ 'ਤੇ ਲੈ ਕੇ ਲੱਖਾਂ ਰੁਪਏ ਦੇ ਗਹਿਣੇ, ਨਗਦੀ ਤੇ ਹੋਰ ਕੀਮਤੀ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਮੋਹਨ ਲਾਲ ਨੇ ਦੱਸਿਆ ਕਿ ਉਹ ਬੀਤੀ ਦੇਰ ਰਾਤ 8.30 ਵਜੇ ਦੇ ਕਰੀਬ ਉਕਤ ਘਰ ਦੀਆ ਲਾਈਟਾਂ ਜਗਾ ਕੇ ਬੰਗਾ ਸਥਿਤ ਆਪਣੇ ਦੂਜੇ ਘਰ ਗਿਆ ਸੀ ਅਤੇ ਅੱਜ ਸਵੇਰੇ 9.30 ਵਜੇ ਕਰੀਬ ਜਦੋਂ ਘਰ ਦੀਆਂ ਲਾਈਟਾ ਬੰਦ ਕਰਨ ਆਇਆ ਤਾਂ ਘਰ ਦੇ ਅੰਦਰ ਕਮਰਿਆਂ ਨੂੰ ਜਾਣ ਵਾਲੇ ਰਸਤੇ ਦਾ ਗੇਟ ਖੁੱਲ੍ਹਾ ਦੇਖ ਉਹ ਹੈਰਾਨ ਹੋ ਗਿਆ। ਉਸ ਨੇ ਦੱਸਿਆ ਕਿ ਜਦੋਂ ਉਸਨੇ ਘਰ ਦੇ ਅੰਦਰ ਵੜ ਕੇ ਦੇਖਿਆ ਤਾਂ ਘਰ ਅੰਦਰ ਚੋਰਾਂ ਵੱਲੋਂ ਘਰ ਦਾ ਸਾਰਾ ਸਾਮਾਨ ਖਿਲਾਰਿਆ ਹੋਇਆ ਸੀ ਅਤੇ ਚੋਰ ਘਰ ਅੰਦਰ ਪਈਆਂ ਅਲਮਾਰੀਆਂ ,ਬੈੱਡਾਂ ਦੀ ਭੰਨ ਤੋੜ ਕਰਕੇ 20 ਹਜ਼ਾਰ ਰੁਪਏ ਦੇ ਕਰੀਬ ਨਗਦੀ ਅਤੇ 5 ਤੋਲੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲੈ ਗਏ ਹਨ।

ਉਨ੍ਹਾਂ ਦੱਸਿਆ ਕਿ ਇੰਨਾ ਹੀ ਨਹੀ ਚੋਰਾਂ ਵੱਲੋਂ ਘਰ ਅੰਦਰ ਲੱਗੇ ਏ. ਸੀ. ਦੀਆ ਤਾਰਾਂ ਕੱਟ ਕੇ ਉਸ ਨੂੰ ਵੀ ਖੋਲ੍ਹਣ ਦੀ ਵੀ ਕੋਸ਼ਿਸ਼ ਕੀਤੀ ਗਈ ਅਤੇ ਲੱਗੀ ਐੱਲ. ਸੀ. ਡੀ. ਵੀ ਉਤਾਰ ਕੇ ਹੇਠਾਂ ਬੈਡ 'ਤੇ ਰੱਖੀ ਹੋਈ ਸੀ। ਉਨਾਂ ਦੱਸਿਆ ਕਿ ਇਸ ਦੀ ਸੂਚਨਾ 181 ਅਤੇ 112 ਨੰਬਰਾਂ ਅਤੇ ਬੰਗਾ ਸਿਟੀ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਪੁਲਸ ਅਧਿਕਾਰੀ ਏ. ਐੱਸ. ਆਈ. ਰਾਮ ਲਾਲ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਏ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


Gurminder Singh

Content Editor

Related News