ਰੋਡਵੇਜ ਮੁਲਾਜ਼ਮਾਂ ਤੇ ਟੋਲ ਕਰਮੀਆਂ ਵਿਚਾਲੇ ਹੋਈ ਬਹਿਸ, 3 ਘੰਟੇ ਲੱਗਾ ਰਿਹਾ ਜਾਮ
Thursday, Aug 22, 2024 - 12:23 AM (IST)
ਜ਼ੀਰਕਪੁਰ, ਮੋਹਾਲੀ (ਅਸ਼ਵਨੀ, ਨਿਆਮੀਆ) : ਜ਼ੀਰਕਪੁਰ ਪਟਿਆਲਾ ਸੜਕ ’ਤੇ ਸਥਿਤ ਅਜ਼ੀਜ਼ਪੁਰ ਟੋਲ ਪਲਾਜ਼ਾ ’ਤੇ ਬੀਤੇ ਦਿਨ ਰੋਡਵੇਜ਼ ਦੀ ਬੱਸ ਤੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵਿਚਕਾਰ ਤਕਰਾਰ ਤੋਂ ਬਾਅਦ ਰੋਡਵੇਜ਼ ਮੁਲਾਜ਼ਮਾਂ ਨੇ ਸੜਕ ’ਤੇ ਬੱਸਾਂ ਰੋਕ ਕੇ ਜਾਮ ਲਾ ਦਿੱਤਾ। ਜਾਮ ਤੋਂ ਬਾਅਦ ਹਾਈਵੇ ਦੀਆਂ ਦੋਵੇਂ ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਬੰਦ ਹੋ ਗਈ, ਜਿਸ ਕਾਰਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੋਵੇਂ ਧਿਰਾਂ ਵਿਚਕਾਰ ਆਪਸੀ ਸਹਿਮਤੀ ਤੋਂ ਬਾਅਦ ਧਰਨਾ ਖ਼ਤਮ ਹੋਣ ’ਤੇ ਆਵਾਜਾਈ ਸੁਚਾਰੂ ਹੋ ਸਕੀ। ਮੌਕੇ ਤੋਂ ਹਾਸਲ ਜਾਣਕਾਰੀ ਮੁਤਾਬਕ ਬੁੱਧਵਾਰ ਦੀ ਸਵੇਰ ਕਰੀਬ ਪੌਣੇ 8 ਵਜੇ ਸਵਿਫਟ ਕਾਰ ਜ਼ੀਰਕਪੁਰ ਵੱਲ ਨੂੰ ਆ ਰਹੀ ਸੀ, ਜਦੋਂ ਅਜ਼ੀਜ਼ਪੁਰ ਟੋਲ ਪਲਾਜ਼ਾ ਪਹੁੰਚੀ ਤਾਂ ਫਾਸਟੈਗ ਖਾਤੇ ’ਚ ਪੈਸੇ ਨਾ ਹੋਣ ਦੇ ਚਲਦੇ ਕਾਰ ਮਾਲਕ ਨਕਦੀ ਪੈਸੇ ਦੇ ਕੇ ਅੱਗੇ ਨਿਕਲਣ ਲੱਗਾ। ਕਾਰ ਮਾਲਕ ’ਤੇ ਟੋਲ ਪਲਾਜ਼ਾ ਕਰਮੀਆਂ ’ਚ ਇਸ ਮੌਕੇ ਗੱਲਬਾਤ ਦੌਰਾਨ ਥੋੜ੍ਹਾ ਸਮਾਂ ਲੱਗ ਗਿਆ, ਜਿਸ ’ਤੇ ਰੋਡਵੇਜ਼ ਬੱਸ ਦਾ ਚਾਲਕ ਮੰਗਲ ਸਿੰਘ 'ਤੇ ਟੋਲ ਕਰਮੀ ਵਿੱਚਕਾਰ ਤਕਰਾਰ ਹੋ ਗਈ। ਜਿਸ ਤੋਂ ਕੁੱਝ ਦੇਰ ਬਾਅਦ ਦੋਵਾਂ ਵਿਚਕਾਰ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਦੋਵੇ ਧਿਰਾਂ ਨੇ ਸ਼ਿਕਾਇਤ ਸਬੰਧਤ ਥਾਣੇ ਦਰਜ ਕਰਵਾ ਦਿੱਤੀ। ਰੋਡਵੇਜ ਬੱਸ ਚਾਲਕਾਂ ਨੇ ਟੋਲ ਕਰਮੀਆਂ ਦੇ ਵਤੀਰੇ ਖ਼ਿਲਾਫ਼ ਬੱਸਾਂ ਰੋਕ ਕੇ ਜਾਮ ਲਾ ਦਿੱਤਾ। ਤਿੰਨ ਘੰਟੇ ਤਕ ਲੱਗੇ ਜਾਮ ਕਾਰਨ ਹਾਈਵੇਅ ’ਤੇ ਵਾਹਨਾਂ ਦੀ ਕਤਾਰਾਂ ਲੱਗ ਗਈਆਂ, ਸੂਚਨਾ ਮਿਲਣ ’ਤੇ ਬਨੂੜ ਥਾਣਾ ਪੁਲਸ ਹਰਕਤ ’ਚ ਆਈ ਦੋਵੇਂ ਧਿਰਾਂ ’ਚ ਸਮਝੌਤਾ ਕਰਵਾ ਦਿੱਤਾ। ਮਾਮਲੇ ਦੇ ਜਾਂਚ ਅਧਿਕਾਰੀ ਬਨੂੜ ਥਾਣਾ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਆਪਸੀ ਰਾਜ਼ੀਨਾਮਾ ਕਰ ਲਿਆ ਹੈ।