ਜਲੰਧਰ ਵਿਖੇ ਵਾਰਡਬੰਦੀ ਦੇ ਖਰੜੇ ’ਚ ਲੁਕਵੇਂ ਢੰਗ ਨਾਲ ਹੋ ਗਿਆ ਬਦਲਾਅ, ਨੋਟੀਫਿਕੇਸ਼ਨ ਜਲਦ

Sunday, Jun 11, 2023 - 12:23 PM (IST)

ਜਲੰਧਰ ਵਿਖੇ ਵਾਰਡਬੰਦੀ ਦੇ ਖਰੜੇ ’ਚ ਲੁਕਵੇਂ ਢੰਗ ਨਾਲ ਹੋ ਗਿਆ ਬਦਲਾਅ, ਨੋਟੀਫਿਕੇਸ਼ਨ ਜਲਦ

ਜਲੰਧਰ (ਖੁਰਾਣਾ)–ਜਲੰਧਰ ਨਗਰ ਨਿਗਮ ਦੀਆਂ ਚੋਣਾਂ ਆਉਣ ਵਾਲੇ 2-3 ਮਹੀਨਿਆਂ ਅੰਦਰ ਹੋ ਜਾਣ ਦੀ ਆਸ ਉਸ ਸਮੇਂ ਹੋਰ ਮਜ਼ਬੂਤ ਹੋ ਗਈ, ਜਦੋਂ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵਾਰਡਬੰਦੀ ਦੇ ਖਰੜੇ ਵਿਚ ਮਾਮੂਲੀ ਫੇਰਬਦਲ ਕਰ ਲਿਆ ਹੈ, ਜਿਸ ਤੋਂ ਬਾਅਦ ਹੁਣ ਫਾਈਨਲ ਨੋਟੀਫਿਕੇਸ਼ਨ ਦੀ ਹੀ ਤਿਆਰੀ ਹੈ। ਪਤਾ ਲੱਗਾ ਹੈ ਕਿ ਵਾਰਡਬੰਦੀ ਦਾ ਨਵਾਂ ਖਰੜਾ ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ਕੋਲ ਪਹੁੰਚ ਚੁੱਕਾ ਹੈ ਅਤੇ ਸਬੰਧਤ ਫਾਈਲ ’ਤੇ ਦਸਤਖ਼ਤ ਹੁੰਦੇ ਹੀ ਇਸ ਖਰੜੇ ਨੂੰ ਨੋਟੀਫਾਈ ਕਰ ਦਿੱਤਾ ਜਾਵੇਗਾ। ਪਤਾ ਲੱਗਾ ਹੈ ਕਿ ਵਾਰਡਬੰਦੀ ਵਿਚ ਇਹ ਬਦਲਾਅ ਬਹੁਤ ਲੁਕਵੇਂ ਢੰਗ ਨਾਲ ਕੀਤਾ ਗਿਆ ਹੈ ਅਤੇ ਸਿਰਫ਼ ਅੱਧੀ ਦਰਜਨ ਵਾਰਡਾਂ ਨਾਲ ਹੀ ਛੇੜਛਾੜ ਕੀਤੀ ਗਈ ਹੈ।

ਸੂਤਰਾਂ ਦੀ ਮੰਨੀਏ ਤਾਂ ਸਾਬਕਾ ਕੌਂਸਲਰ ਰਾਧਿਕਾ ਪਾਠਕ ਵਾਲਾ ਵਾਰਡ ਜਿਸ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਐੱਸ. ਸੀ. ਰਿਜ਼ਰਵ ਕਰ ਦਿੱਤਾ ਸੀ, ਹੁਣ ਜਨਰਲ ਕੈਟਾਗਰੀ ਵਾਲਾ ਹੋ ਗਿਆ ਹੈ ਅਤੇ ਨਾਲ ਲੱਗਦਾ ਇਕ ਵਾਰਡ ਰਿਜ਼ਰਵ ਕਰ ਦਿੱਤਾ ਗਿਆ ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਸਾਬਕਾ ਕੌਂਸਲਰ ਸ਼ੈਰੀ ਚੱਢਾ ਵਾਲੇ ਵਾਰਡ ਨੂੰ ਰਿਜ਼ਰਵ ਕੀਤਾ ਗਿਆ ਹੈ ਜਾਂ ਰਸਤਾ ਮੁਹੱਲਾ, ਅਟਾਰੀ ਬਾਜ਼ਾਰ ਅਤੇ ਭਗਤ ਸਿੰਘ ਚੌਂਕ ਵਾਲੇ ਨੂੰ। ਇਸੇ ਤਰ੍ਹਾਂ ਕੈਂਟ ਵਿਧਾਨ ਸਭਾ ਹਲਕੇ ਅਧੀਨ ਇਕ ਵਾਰਡ ਵਿਚ ਕੁਝ ਇਲਾਕਾ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਪਹਿਲਾਂ ਹਲਕਾ ਇੰਚਾਰਜ ਨੇ ਬਾਹਰ ਕਢਵਾ ਦਿੱਤਾ ਸੀ। ਸ਼ਹੀਦ ਬਾਬੂ ਲਾਭ ਸਿੰਘ ਨਗਰ ਵਾਲਾ ਵਾਰਡ, ਜਿਸ ਨੂੰ ਕੁਝ ਸਮਾਂ ਪਹਿਲਾਂ ਰਿਜ਼ਰਵ ਕੈਟਾਗਰੀ ਦਾ ਕਰ ਦਿੱਤਾ ਗਿਆ ਸੀ, ਉਸਨੂੰ ਵੀ ਜਨਰਲ ਕੀਤੇ ਜਾਣ ਦੀ ਸੂਚਨਾ ਹੈ।

ਇਹ ਵੀ ਪੜ੍ਹੋ- ਘਰੋਂ ਸਾਈਕਲਿੰਗ ਕਰਨ ਗਏ ਪੁੱਤ ਦੀ ਹਫ਼ਤੇ ਬਾਅਦ ਭਾਖੜਾ ਨਹਿਰ 'ਚੋਂ ਮਿਲੀ ਲਾਸ਼, ਭੁੱਬਾਂ ਮਾਰ ਰੋਇਆ ਪਰਿਵਾਰ

ਚੰਡੀਗੜ੍ਹ ਤੋਂ ਮੰਗਵਾਇਆ ਗਿਆ ਨਵਾਂ ਡਰਾਫਟਸਮੈਨ
ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵਾਰਡਬੰਦੀ ਦੇ ਖਰੜੇ ਵਿਚ ਜੋ ਮਾਮੂਲੀ ਫੇਰਬਦਲ ਕੀਤਾ ਹੈ, ਉਸਦੇ ਲਈ ਚੰਡੀਗੜ੍ਹ ਤੋਂ ਇਕ ਡਰਾਫਟਸਮੈਨ ਵਿਸ਼ੇਸ਼ ਰੂਪ ਵਿਚ ਮੰਗਵਾਇਆ ਗਿਆ ਸੀ, ਜਿਸਨੇ 1-2 ਦਿਨ ਜਲੰਧਰ ਰਹਿ ਕੇ ਇਸ ਕੰਮ ਨੂੰ ਅੰਜਾਮ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਾਰਡਬੰਦੀ ਦਾ ਖਰੜਾ ਚੰਡੀਗੜ੍ਹ ਦੇ ਹੀ ਇਕ ਐਕਸਪਰਟ ਅਧਿਕਾਰੀ ਨੇ ਤਿਆਰ ਕੀਤਾ ਸੀ, ਜਿਸ ਦੀ ਕਾਸਟ ‘ਕੇ’ ਅੱਖਰ ਨਾਲ ਸ਼ੁਰੂ ਹੁੰਦੀ ਹੈ। ਉਸੇ ਅਧਿਕਾਰੀ ਨੇ ਕਾਂਗਰਸ ਦੀ ਸਰਕਾਰ ਸਮੇਂ ਹੋਈ ਵਾਰਡਬੰਦੀ ਨੂੰ ਵੀ ਫਾਈਨਲ ਟੱਚ ਦਿੱਤਾ ਸੀ ਪਰ ਉਸ ’ਤੇ ਆਗੂਆਂ ਨਾਲ ਸੈਟਿੰਗ ਦੇ ਦੋਸ਼ ਲੱਗਦੇ ਰਹੇ, ਜਿਸ ਕਾਰਨ ਉਸ ਨੂੰ ਹੁਣ ਵਾਰਡਬੰਦੀ ਦੇ ਕੰਮ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦਾ ਮੰਤਵ ਆਮ ਆਦਮੀ ਨੂੰ ਸਹੀ ਅਰਥਾਂ ’ਚ ਅਖ਼ਤਿਆਰ ਦੇਣਾ: ਭਗਵੰਤ ਮਾਨ

ਜ਼ਿਆਦਾ ਫੇਰਬਦਲ ਦੇ ਹੱਕ ’ਚ ਨਹੀਂ ਹਨ ਮੰਤਰੀ ਬਲਕਾਰ ਸਿੰਘ
ਮੰਨਿਆ ਜਾ ਰਿਹਾ ਹੈ ਕਿ ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ਜਲਦ ਵਾਰਡਬੰਦੀ ਦੀ ਫਾਈਲ ਨੂੰ ਕਲੀਅਰ ਕਰ ਕੇ ਨੋਟੀਫਿਕੇਸ਼ਨ ਲਈ ਚੰਡੀਗੜ੍ਹ ਭੇਜ ਸਕਦੇ ਹਨ। ਸੂਤਰ ਦੱਸਦੇ ਹਨ ਕਿ ਮੰਤਰੀ ਬਲਕਾਰ ਸਿੰਘ ਦਾ ਕੁਝ ਇਲਾਕਾ ਭਾਵੇਂ ਜਲੰਧਰ ਨਿਗਮ ਵਿਚ ਆਉਂਦਾ ਹੈ ਪਰ ਫਿਰ ਵੀ ਉਹ ਜ਼ਿਆਦਾ ਬਦਲਾਅ ਦੇ ਇੱਛੁਕ ਨਹੀਂ ਹਨ। ਉਨ੍ਹਾਂ ਦੇ ਨੇੜਲੇ ਸੂਤਰ ਦੱਸਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਵਾਰਡਬੰਦੀ ਵਿਚ ਕੁਝ ਫੇਰਬਦਲ ਦੀ ਲੋੜ ਹੋਈ ਤਾਂ ਉਸਨੂੰ ਆਬਜੈਕਸ਼ਨ ਮੰਗਣ ਦੀ ਪ੍ਰਕਿਰਿਆ ਦੌਰਾਨ ਠੀਕ ਕਰਵਾਇਆ ਜਾ ਸਕਦਾ ਹੈ। ਪਤਾ ਲੱਗਾ ਹੈ ਕਿ ਕਰਤਾਰਪੁਰ ਵਿਧਾਨ ਸਭਾ ਹਲਕੇ ਅਧੀਨ ਕਾਲੋਨੀ ਵਿਰਕ ਐਨਕਲੇਵ (ਜਿਹੜੀ ਵਡਾਲਾ ਚੌਕ ਨੇੜੇ ਪੈਂਦੀ ਹੈ) ਉਸਨੂੰ ਇਸ ਵਾਰ ਵਾਰਡਬੰਦੀ ਦੀ ਹੱਦ ਵਿਚੋਂ ਬਾਹਰ ਰੱਖਿਆ ਗਿਆ ਸੀ ਪਰ ਮੰਤਰੀ ਬਲਕਾਰ ਸਿੰਘ ਕੋਲ ਵਿਰਕ ਐਨਕਲੇਵ ਨਿਵਾਸੀਆਂ ਦਾ ਇਕ ਮੰਗ-ਪੱਤਰ ਪਹੁੰਚਿਆ ਹੈ, ਜਿਸ ਵਿਚ ਮੰਗ ਕੀਤੀ ਗਈ ਕਿ ਵਿਰਕ ਐਨਕਲੇਵ ਨੂੰ ਨਿਗਮ ਦੇ ਵਾਰਡ ਵਿਚ ਸ਼ਾਮਲ ਕੀਤਾ ਜਾਵੇ। ਇਹ ਕਾਲੋਨੀ ਪਹਿਲਾਂ 2012 ਤੋਂ 2017 ਤਕ ਨਿਗਮ ਦੇ ਵਾਰਡ ਨੰਬਰ 58 ਵਿਚ ਰਹਿ ਚੁੱਕੀ ਹੈ ਪਰ ਬਾਅਦ ਵਿਚ ਉਸਨੂੰ ਨਿਗਮ ਦੇ ਵਾਰਡ ਵਿਚੋਂ ਬਾਹਰ ਕੱਢ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਵਿਰਕ ਐਨਕਲੇਵ ਸਬੰਧੀ ਸੋਧ ਆਬਜੈਕਸ਼ਨ ਮੰਗਣ ਦੀ ਪ੍ਰਕਿਰਿਆ ਦੌਰਾਨ ਹੋਵੇਗੀ।

ਇਹ ਵੀ ਪੜ੍ਹੋ- 14239 ਕੱਚੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ

 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News