12 ਸਾਲਾ ਬੱਚੇ ਨੂੰ ਸਿਵਲ ਹਸਪਤਾਲ ''ਚੋਂ ਬਾਹਰ ਕੱਢਣ ਦਾ ਮਾਮਲਾ ਆਇਆ ਸਾਹਮਣੇ
Monday, Mar 05, 2018 - 01:03 AM (IST)

ਬਟਾਲਾ, (ਮਠਾਰੂ)– ਭਿਆਨਕ ਸੜਕ ਹਾਦਸੇ 'ਚ ਗੰਭੀਰ ਰੂਪ 'ਚ ਜ਼ਖਮੀ ਹੋਏ ਗਰੀਬ ਪਰਿਵਾਰ ਦੇ ਇਕ 12 ਸਾਲਾ ਲੜਕੇ ਦੀ ਮਾਤਾ ਕੋਲ ਇਲਾਜ ਵਾਸਤੇ ਪੈਸੇ ਨਾ ਹੋਣ ਕਾਰਨ ਬੱਚੇ ਨੂੰ ਸਿਵਲ ਹਸਪਤਾਲ ਬਟਾਲਾ 'ਚੋਂ ਕਥਿਤ ਤੌਰ 'ਤੇ ਬਾਹਰ ਕੱਢਣ ਦੇ ਮਾਮਲੇ ਨੂੰ ਲੈ ਕੇ ਜਿਥੇ ਸਮਾਜਸੇਵੀ ਆਗੂ ਤੇ 'ਸਭ ਦਾ ਭਲਾ' ਹਿਊਮੈਨਿਟੀ ਕਲੱਬ ਦੇ ਮੁੱਖ ਸੰਚਾਲਕ ਨਵਤੇਜ ਸਿੰਘ ਗੁੱਗੂ ਵੱਲੋਂ ਯਤਨ ਕਰ ਕੇ ਮੁੜ ਤੋਂ ਜ਼ਖਮੀ ਬੱਚੇ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ, ਉਥੇ ਨਾਲ ਹੀ ਗਰੀਬ ਪਰਿਵਾਰ ਦੀ ਕਲੱਬ ਵੱਲੋਂ ਸਹਾਇਤਾ ਕਰਦਿਆਂ ਬੱਚੇ ਦਾ ਇਲਾਜ ਵੀ ਕਰਵਾਇਆ ਗਿਆ।
ਨਵਤੇਜ ਸਿੰਘ ਗੁੱਗੂ ਨੇ ਦੱਸਿਆ ਕਿ ਬਟਾਲਾ ਦਾ ਰਹਿਣ ਵਾਲਾ 12 ਸਾਲਾ ਬੱਚਾ ਮੋਨੂੰ ਜਿਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ਦੀ ਮਾਂ ਜਦੋਂ ਉਸ ਨੂੰ ਗੰਭੀਰ ਹਾਲਤ 'ਚ ਲੈ ਕੇ ਸਿਵਲ ਹਸਪਤਾਲ ਪਹੁੰਚੀ ਤਾਂ ਉਥੇ ਹੱਡੀਆਂ ਦੇ ਇਕ ਡਾਕਟਰ ਵੱਲੋਂ ਪੈਸੇ ਨਾ ਹੋਣ ਦੀ ਸੂਰਤ 'ਚ ਉਸ ਨੂੰ ਹਸਪਤਾਲ 'ਚੋਂ ਬਾਹਰ ਕੱਢ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਮਾਤਾ ਬੱਚੇ ਨੂੰ ਨਾਲ ਲੈ ਕੇ ਹਿਊਮੈਨਿਟੀ ਕਲੱਬ ਦੇ ਦਫ਼ਤਰ ਪਹੁੰਚ ਗਈ। ਜਿਥੇ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਉਨ੍ਹਾਂ ਖੁਦ ਦਖਲਅੰਦਾਜ਼ੀ ਕਰਦਿਆਂ ਕਲੱਬ ਦੇ ਵਾਲੰਟੀਅਰ ਭੇਜ ਕੇ ਬੱਚੇ ਨੂੰ ਮੁੜ ਸਿਵਲ ਹਸਪਤਾਲ ਦਾਖਲ ਕਰਵਾਇਆ ਤੇ ਉਸ ਦਾ ਇਲਾਜ ਸ਼ੁਰੂ ਕਰਵਾਇਆ।
ਨਵਤੇਜ ਸਿੰਘ ਗੁੱਗੂ ਨੇ ਕਿਹਾ ਕਿ ਸਿਵਲ ਹਸਪਤਾਲ ਦਾ ਇਕ ਡਾਕਟਰ ਜਿਥੇ ਮਰੀਜ਼ਾਂ ਨੂੰ ਬੇਲੋੜੇ ਟੈਸਟ ਕਰਵਾਉਣ ਲਈ ਬਾਹਰ ਦੀਆਂ ਪਰਚੀਆਂ ਲਿਖ ਕੇ ਹਸਪਤਾਲ ਤੋਂ ਬਾਹਰ ਲੈਬ 'ਤੇ ਭੇਜ ਰਿਹਾ ਹੈ, ਉਥੇ ਨਾਲ ਹੀ ਦਵਾਈਆਂ ਵੀ ਹਸਪਤਾਲ ਦੇ ਬਾਹਰੋਂ ਮੈਡੀਕਲ ਸਟੋਰਾਂ ਤੋਂ ਮੰਗਵਾਈਆਂ ਜਾ ਰਹੀਆਂ ਹਨ, ਜਿਸ ਕਰ ਕੇ ਗਰੀਬ ਲੋਕਾਂ ਦੀ ਜਿਥੇ ਲੁੱਟ-ਘਸੁੱਟ ਹੋ ਰਹੀ ਹੈ, ਉਥੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਦਾ ਇਹ ਢਾਂਚਾ ਠੀਕ ਨਾ ਹੋਇਆ ਤਾਂ ਡਾਕਟਰਾਂ ਖਿਲਾਫ਼ ਧਰਨਾ ਵੀ ਦਿੱਤਾ ਜਾਵੇਗਾ।
ਕੀ ਕਹਿਣਾ ਹੈ ਐੱਸ. ਐੱਮ. ਓ. ਦਾ
ਜਦੋਂ ਇਸ ਮਾਮਲੇ ਸਬੰਧੀ ਸਿਵਲ ਹਸਪਤਾਲ ਬਟਾਲਾ ਦੇ ਐੱਸ. ਐੱਮ. ਓ. ਡਾ. ਸੰਜੀਵ ਭੱਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਚੇ ਨੂੰ ਹਸਪਤਾਲ 'ਚੋਂ ਬਾਹਰ ਕੱਢਣ ਦਾ ਕੋਈ ਵੀ ਮਾਮਲਾ ਉਨ੍ਹਾਂ ਦੇ ਧਿਆਨ ਹਿੱਤ ਨਹੀਂ ਆਇਆ, ਜਦਕਿ ਡਾਕਟਰਾਂ ਵੱਲੋਂ ਪੂਰੀ ਈਮਾਨਦਾਰੀ ਤੇ ਲਗਨ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਡਾਕਟਰ ਵੱਲੋਂ ਬਾਹਰ ਦੀਆਂ ਦਵਾਈਆਂ ਤੇ ਟੈਸਟ ਲਿਖਣ ਦੀ ਗੱਲ ਕਹੀ ਜਾ ਰਹੀ ਹੈ, ਉਹ ਡਾਕਟਰ ਸਭ ਤੋਂ ਵੱਧ ਮਰੀਜ਼ ਰੋਜ਼ ਹਸਪਤਾਲ 'ਚ ਚੈੱਕ ਕਰ ਰਿਹਾ ਹੈ ਜਦਕਿ ਹਸਪਤਾਲ 'ਚ ਕਈ ਬੀਮਾਰੀਆਂ ਦੇ ਆਪਰੇਸ਼ਨ ਹੋਣ ਕਾਰਨ ਸਾਰੇ ਲੋੜੀਂਦੇ ਟੈਸਟ ਸਰਕਾਰੀ ਲੈਬਾਰਟਰੀ ਤੋਂ ਨਹੀਂ ਹੋ ਸਕਦੇ, ਜਿਸ ਕਰ ਕੇ ਮਰੀਜ਼ ਦੀ ਸਿਹਤ ਨੂੰ ਮੱਦੇਨਜ਼ਰ ਰੱਖਦਿਆਂ ਕੁਝ ਟੈਸਟ ਬਾਹਰੋਂ ਵੀ ਕਰਵਾਉਣੇ ਪੈਂਦੇ ਹਨ, ਜਦਕਿ ਹਰ ਮਹੀਨੇ ਹਜ਼ਾਰਾਂ ਦੀ ਗਿਣਤੀ 'ਚ ਮਰੀਜ਼ਾਂ ਦੇ ਟੈਸਟ ਸਿਵਲ ਹਸਪਤਾਲ ਤੋਂ ਕੀਤੇ ਜਾ ਰਹੇ ਹਨ।