ਪੰਜਾਬ ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ’ਤੇ ਸੰਸਦ ’ਚ ਚਰਚਾ ਹੋਵੇ : ਰਾਘਵ ਚੱਢਾ
Saturday, Dec 17, 2022 - 04:36 PM (IST)
 
            
            ਜਲੰਧਰ (ਧਵਨ) : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਪੰਜਾਬ ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਦਾ ਮੁੱਦਾ ਸੰਸਦ ’ਚ ਵਿਚਾਰਿਆ ਜਾਣਾ ਚਾਹੀਦਾ ਹੈ। ਰਾਘਵ ਚੱਢਾ ਨੇ ਲਿਖਿਆ ਹੈ ਕਿ ਰਾਜ ਸਭਾ ਦੀ ਪ੍ਰਕਿਰਿਆ ਅਤੇ ਕਾਰਜ ਸੰਚਾਲਨ ਵਿਸ਼ਾ ਨਿਯਮ 267 ਅਧੀਨ ਉਹ ਸਦਨ ’ਚ ਪ੍ਰਸਤਾਵ ਦਿੰਦੇ ਹਨ ਕਿ ਸਦਨ ਨੂੰ ਨਿਯਮ 29 ਦੇ ਤਹਿਤ ਸੂਚੀਬੱਧ ਕੰਮ ਮੁਲਤਵੀ ਕਰ ਕੇ ਬੇਅਦਬੀ ਦੇ ਵਧਦੇ ਮਾਮਲਿਆਂ ’ਤੇ ਚਰਚਾ ਕਰਨੀ ਚਾਹੀਦੀ ਹੈ। ਇਹ ਇਕ ਅਜਿਹਾ ਮੁੱਦਾ ਹੈ, ਜਿਸ ਕਾਰਨ ਦੁਨੀਆ ਭਰ ’ਚ ਵਸਦੇ ਪੰਜਾਬੀਆਂ ਵਿਚ ਭਾਰੀ ਗੁੱਸਾ ਤੇ ਰੋਹ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਗੁਰੂ ਸਾਹਿਬਾਨ ਦੇ ਆਦਰ-ਸਤਿਕਾਰ ਤੋਂ ਵਧ ਕੇ ਕੁਝ ਨਹੀਂ। ਅਸੀਂ ਸੀਸ ਕਟਾ ਸਕਦੇ ਹਾਂ, ਆਪਣੀ ਜਾਨ ਦੇ ਸਕਦੇ ਹਾਂ ਪਰ ਗੁਰੂ ਸਾਹਿਬਾਨ ਦਾ ਅਪਮਾਨ, ਗੁਰੂ ਸਾਹਿਬਾਨ ਦੀ ਬਾਣੀ ਦੀ ਬੇਅਦਬੀ ਕਦੇ ਬਰਦਾਸ਼ਤ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਪਾਕਿ ਦੇ ਬਿਲਾਵਲ ਭੁੱਟੋ ਦੀ ਟਿੱਪਣੀ ਨਿੰਦਣਯੋਗ : ਅਸ਼ਵਨੀ ਸ਼ਰਮਾ
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਸਮਾਜ ਵਿਰੋਧੀ ਲੋਕਾਂ ਵੱਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ। 2015 ’ਚ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਲੁਧਿਆਣਾ ’ਚ ਪਵਿੱਤਰ ਸ਼੍ਰੀਮਦ ਭਾਗਵਤ ਗੀਤਾ ਤੋਂ ਇਲਾਵਾ ਪਵਿੱਤਰ ਬਾਈਬਲ ਤੇ ਕੁਰਾਨ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸਨ। ਰਾਘਵ ਚੱਢਾ ਨੇ ਕਿਹਾ ਕਿ ਆਈ. ਪੀ. ਸੀ. ਦੀ ਧਾਰਾ 295 ਤੇ 295ਏ ’ਚ ਇਸ ਅਪਰਾਧ ਲਈ ਤੈਅ ਸਜ਼ਾ ਇੰਨੀ ਘੱਟ ਹੈ ਕਿ ਇਸ ਘਿਨੌਣੇ ਅਪਰਾਧ ਨੂੰ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ। ਕਾਨੂੰਨ ਵਿਚ ਸੋਧ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਜਾਂ ਇਸ ਤੋਂ ਵੀ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਸ ਲਈ ਸਦਨ ਨੂੰ ਆਈ. ਪੀ. ਸੀ. ’ਚ ਸੋਧ ’ਤੇ ਵਿਚਾਰ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਰਾਜਪਾਲ ਦੇ ਨਾਲ ਮੇਰੇ ਸੰਬੰਧ ਚੰਗੇ : ਭਗਵੰਤ ਮਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            