ਦਿੱਲੀ ’ਚ ਕੁਝ ਦਿਨ ਹੋ ਸਕਦੀ ਹੈ ਸ਼ਰਾਬ ਦੀ ਕਿੱਲਤ, ਪੁਰਾਣੀ ਪਾਲਿਸੀ ਨੂੰ ਅਮਲ ’ਚ ਲਿਆਉਣ ਦੀ ਕਵਾਇਦ ਜਾਰੀ

Wednesday, Aug 03, 2022 - 01:49 PM (IST)

ਦਿੱਲੀ ’ਚ ਕੁਝ ਦਿਨ ਹੋ ਸਕਦੀ ਹੈ ਸ਼ਰਾਬ ਦੀ ਕਿੱਲਤ, ਪੁਰਾਣੀ ਪਾਲਿਸੀ ਨੂੰ ਅਮਲ ’ਚ ਲਿਆਉਣ ਦੀ ਕਵਾਇਦ ਜਾਰੀ

ਜਲੰਧਰ (ਨੈਸ਼ਨਲ ਡੈਸਕ) : ਦਿੱਲੀ ’ਚ ਸ਼ਰਾਬ ਦੇ ਲਾਇਸੈਂਸ ਦੀ ਮਿਆਦ ਖ਼ਤਮ ਹੋ ਜਾਣ ਤੋਂ ਬਾਅਦ ਇੱਥੇ ਸ਼ਰਾਬ ਦੀਆਂ ਕੁਝ ਨਿੱਜੀ ਦੁਕਾਨਾਂ ਬੰਦ ਹੋ ਸਕਦੀਆਂ ਹਨ। ਇਸ ਕਾਰਨ ਕੌਮੀ ਰਾਜਧਾਨੀ ’ਚ ਸ਼ਰਾਬ ਮਿਲਣ ’ਤੇ ਬੇਯਕੀਨੀ ਬਣੀ ਹੋਈ ਹੈ। ਹਾਲਾਂਕਿ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਸਰਕਾਰ ਐਤਵਾਰ ਦੇਰ ਰਾਤ ਨੂੰ ਨੋਟੀਫਿਕੇਸ਼ਨ ਲਿਆ ਸਕਦੀ ਹੈ। ਇਸ ਨਾਲ ਅਗਸਤ ਦੇ ਅਖੀਰ ਤਕ ਸ਼ਹਿਰ ’ਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਦਿੱਲੀ ’ਚ ਸ਼ਰਾਬ ਦੀਆਂ ਦੁਕਾਨਾਂ ’ਚ ਲਾਈਨਾਂ
ਦਿੱਲੀ ’ਚ ਸ਼ਰਾਬ ਦੀਆਂ ਕਈ ਦੁਕਾਨਾਂ ’ਚ ਕੀਮਤਾਂ ਵਿਚ ਛੋਟ ਦੇ ਕੇ ਅਤੇ ਇਕ ਦੇ ਨਾਲ ਦੋ ਮੁਫਤ ਵਰਗੀਆਂ ਕਈ ਯੋਜਨਾਵਾਂ ਪੇਸ਼ ਕਰ ਕੇ ਪਹਿਲਾ ਸਟਾਕ ਖਤਮ ਕੀਤਾ ਗਿਆ ਅਤੇ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ। ਲਕਸ਼ਮੀ ਨਗਰ ’ਚ ਸ਼ਰਾਬ ਦੀ ਇਕ ਦੁਕਾਨ ਦੇ ਪ੍ਰਬੰਧਕ ਨੇ ਕਿਹਾ ਕਿ ਅਜੇ ਥੋੜ੍ਹੀ ਹੋਰ ਸ਼ਰਾਬ ਤੇ ਬੀਅਰ ਮੁਹੱਈਆ ਹੈ ਅਤੇ ਲੋਕ ਜਿੰਨਾ ਹੋ ਸਕਦਾ ਹੈ, ਓਨਾ ਲੈਣ ਲਈ ਆ ਰਹੇ ਹਨ। ਜਿਹੜੇ ਲੋਕ ਕਿਸੇ ਵਿਸ਼ੇਸ਼ ਬ੍ਰਾਂਡ ਦੀ ਮੰਗ ਕਰ ਰਹੇ ਹਨ, ਉਨ੍ਹਾਂ ਨੂੰ ਖਾਲੀ ਹੱਥ ਵਾਪਸ ਵੀ ਜਾਣਾ ਪਿਆ ਹੈ।

ਇਹ ਵੀ ਪੜ੍ਹੋ : ਲੋਕ ਸਭਾ ’ਚ ਖੁਲਾਸਾ : 2,000 ਰੁਪਏ ਦੇ ਨਕਲੀ ਨੋਟਾਂ ਦੀ ਗਿਣਤੀ ’ਚ 107 ਗੁਣਾ ਵਾਧਾ

ਦਿੱਲੀ ਸ਼ੇਖ ਸਰਾਏ ’ਚ ਲਾਈਨਾਂ
ਦਿੱਲੀ ਦੇ ਸ਼ੇਖ ਸਰਾਏ ’ਚ ਸ਼ਰਾਬ ਦੀ ਇਕ ਬੰਦ ਦੁਕਾਨ ਦੇ ਬਾਹਰ ਗਾਹਕ ਵਿਵੇਕ ਨੇ ਕਿਹਾ ਕਿ ਸ਼ਨੀਵਾਰ ਨੂੰ ਭੀੜ ਜ਼ਿਆਦਾ ਸੀ ਪਰ ਦੁਕਾਨਾਂ ’ਤੇ ਸ਼ਰਾਬ ਖਤਮ ਹੋਣ ਕਾਰਨ ਗਾਹਕ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਤੇ ਫਰੀਦਾਬਾਦ ਜਾ ਰਹੇ ਹਨ। ਮਯੂਰ ਵਿਹਾਰ ਐਕਸਟੈਂਸ਼ਨ ਦੇ ਇਕ ਬੈਂਕ ਮੁਲਾਜ਼ਮ ਨੇ ਕਿਹਾ ਕਿ ਉਸ ਨੂੰ ਆਪਣਾ ਮਨਪਸੰਦ ਬ੍ਰਾਂਡ ਨੇੜੇ ਦੀਆਂ ਦੁਕਾਨਾਂ ਤੋਂ ਮਿਲ ਜਾਂਦਾ ਸੀ ਪਰ ਹੁਣ ਸਟਾਕ ਖਤਮ ਹੋ ਗਿਆ ਹੈ।

ਦਿੱਲੀ ’ਚ ਸ਼ਰਾਬ ਦੀ ਕਿੱਲਤ
ਇਕ ਸਰਕਾਰੀ ਸੂਤਰ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿਉਂਕਿ ਸਰਕਾਰ ਨੇ ਪੁਰਾਣੀ ਆਬਕਾਰੀ ਨੀਤੀ ਲਾਗੂ ਕਰਨ ਅਤੇ ਆਪਣੀਆਂ ਏਜੰਸੀਆਂ ਦੇ ਮਾਧਿਅਮ ਰਾਹੀਂ ਦੁਕਾਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਪ੍ਰਕਿਰਿਆ ਨਾਲ ਸ਼ਰਾਬ ਦੀ ਕਮੀ ਹੋ ਸਕਦੀ ਹੈ ਕਿਉਂਕਿ ਨਵੀਆਂ ਦੁਕਾਨਾਂ ਖੁੱਲ੍ਹਣ ’ਚ ਕਈ ਦਿਨ ਲੱਗਣਗੇ। ਦਿੱਲੀ ਸਰਕਾਰ ਨੇ ਪੁਰਾਣੀ ਆਬਕਾਰੀ ਨੀਤੀ ਮੁੜ ਲਾਗੂ ਕਰਨ ਅਤੇ 6 ਮਹੀਨੇ ਤਕ ਖੁਦ ਦੁਕਾਨਾਂ ਚਲਾਉਣ ਦਾ ਫੈਸਲਾ ਸ਼ਨੀਵਾਰ ਨੂੰ ਲਿਆ ਸੀ। ਆਬਕਾਰੀ ਨੀਤੀ 2021-22 ਤਹਿਤ ਸ਼ਹਿਰ ’ਚ 468 ਦੁਕਾਨਾਂ ਚੱਲ ਰਹੀਆਂ ਹਨ, ਜਿਨ੍ਹਾਂ ਦਾ ਲਾਇਸੈਂਸ 31 ਜੁਲਾਈ ਤਕ ਹੀ ਵੈਲਿਡ ਸੀ।

ਇਹ ਵੀ ਪੜ੍ਹੋ : ਰਾਘਵ ਚੱਢਾ ਨੇ ਮਹਿੰਗਾਈ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News