8 ਦਿਨ ਬੀਤ ਜਾਣ ਤੋਂ ਬਾਅਦ ਵੀ ਨਹੀਂ ਮਿਲ ਰਿਹਾ ਦਰਿਆ ਕੰਢਿਓਂ ਲਾਪਤਾ ਹੋਏ ਗੁਰਮਨਜੋਤ ਦਾ ਕੋਈ ਸੁਰਾਗ

Friday, Aug 04, 2023 - 03:35 PM (IST)

8 ਦਿਨ ਬੀਤ ਜਾਣ ਤੋਂ ਬਾਅਦ ਵੀ ਨਹੀਂ ਮਿਲ ਰਿਹਾ ਦਰਿਆ ਕੰਢਿਓਂ ਲਾਪਤਾ ਹੋਏ ਗੁਰਮਨਜੋਤ ਦਾ ਕੋਈ ਸੁਰਾਗ

ਲੁਧਿਆਣਾ (ਅਨਿਲ) : ਥਾਣਾ ਲਾਡੋਵਾਲ ਅਧੀਨ ਆਉਂਦੇ ਕਸਬਾ ਹੰਬੜਾਂ ਦੇ ਰਹਿਣ ਵਾਲੇ 19 ਸਾਲ ਦਾ ਨੌਜਵਾਨ ਗੁਰਮਨਜੋਤ ਸਿੰਘ ਜੋ ਅੱਜ ਤੋਂ 8 ਦਿਨ ਪਹਿਲਾਂ ਸਤਲੁਜ ਦਰਿਆ ਦੇ ਕੰਢਿਓਂ ਸ਼ਾਮ ਨੂੰ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਿਆ ਸੀ, ਦਾ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ 27 ਜੁਲਾਈ ਨੂੰ ਗੁਰਮਨਜੋਤ ਸਿੰਘ ਆਪਣੇ ਦੋਸਤ ਗੁਰਸਿਮਰਨ ਸਿੰਘ ਅਤੇ ਗੁਰਰਾਜ ਸਿੰਘ ਨਾਲ ਪਿੰਡ ਖਹਿਰਾ ਬੇਟ ’ਚ ਸਤਲੁਜ ਦਰਿਆ ’ਤੇ ਘੁੰਮਣ ਆਇਆ ਸੀ। ਇੱਥੇ ਗੁਰਸਿਮਰਨ ਸਿੰਘ ਨੇ ਸਤਲੁਜ ਦਰਿਆ ’ਚ ਛਾਲ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੂੰ ਬਚਾਉਣ ਲਈ ਗੁਰਰਾਜ ਸਿੰਘ ਆਸ-ਪਾਸ ਮਦਦ ਲੈਣ ਲਈ ਚਲਾ ਗਿਆ ਅਤੇ ਗੁਰਮਨਜੋਤ ਸਿੰਘ ਉਸ ਕੋਲ ਹੀ ਖੜ੍ਹਾ ਰਿਹਾ। ਜਦੋਂ ਗੁਰਰਾਜ ਸਿੰਘ ਮਦਦ ਲਈ ਕੁਝ ਲੋਕਾਂ ਨੂੰ ਉੱਥੇ ਲੈ ਕੇ ਪੁੱਜਾ ਤਾਂ ਉਨ੍ਹਾਂ ਨੇ ਪਹਿਲਾਂ ਗੁਰਸਿਮਰਨ ਸਿੰਘ ਨੂੰ ਸਤਲੁਜ ਦਰਿਆ ’ਚੋਂ ਕੱਢਿਆ ਪਰ ਉੱਥੇ ਕੋਲ ਹੀ ਖੜ੍ਹਾ ਹੋਇਆ ਗੁਰਮਨਜੋਤ ਸਿੰਘ ਉੱਥੋਂ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਿਆ, ਜਿਸ ਤੋਂ ਬਾਅਦ ਗੁਰਮਨਜੋਤ ਸਿੰਘ ਦੇ ਪਰਿਵਾਰਕ ਮੈਂਬਰ ਪਿਛਲੇ 8 ਦਿਨਾਂ ਤੋਂ ਆਪਣੇ ਬੇਟੇ ਦੀ ਭਾਲ ਕਰ ਰਹੇ ਹਨ ਪਰ ਅੱਜ 8 ਦਿਨ ਬੀਤ ਜਾਣ ਤੋਂ ਬਾਅਦ ਵੀ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ।

PunjabKesari

ਲਾਪਤਾ ਨੌਜਵਾਨ ਦੀ ਭਾਲ ਲਈ ਗੋਤਾਖੋਰਾਂ ਦੀਆਂ ਕਈ ਟੀਮਾਂ ਸਤਲੁਜ ਦਰਿਆ ’ਚ ਉਸ ਦੀ ਭਾਲ ਕਰਨ ’ਚ ਲੱਗੀਆਂ ਹੋਈਆਂ ਹਨ। ਉਸ ਨੂੰ ਲੱਭਣ ਲਈ ਪੁਲਸ ਵਲੋਂ ਐੱਨ. ਡੀ. ਆਰ. ਐੱਫ. ਦੀ ਮਦਦ ਵੀ ਲਈ ਗਈ ਪਰ ਨੌਜਵਾਨ ਦਾ ਕੋਈ ਵੀ ਸੁਰਾਗ ਹਾਸਲ ਨਹੀਂ ਹੋਇਆ, ਜਿਸ ਕਾਰਨ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਲਾਪਤਾ ਨੌਜਵਾਨ ਗੁਰਮਨਜੋਤ ਸਿੰਘ ਨੇ 30 ਅਗਸਤ ਨੂੰ ਪੜ੍ਹਾਈ ਲਈ ਕੈਨੇਡਾ ਜਾਣਾ ਸੀ, ਜਿਸ ਦੀ ਟਿਕਟ ਵੀ ਬੁੱਕ ਕਰਵਾਈ ਗਈ ਸੀ ਪਰ ਅਚਾਨਕ ਲਾਪਤਾ ਹੋਣ ਕਾਰਨ ਪਰਿਵਾਰ ਸਦਮੇ ਵਿਚ ਹੈ।

ਇਹ ਵੀ ਪੜ੍ਹੋ :  ਡਿਪਟੀ ਕਮਿਸ਼ਨਰ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਵਿਸ਼ੇਸ਼ ਗਿਰਦਾਵਰੀ ਦਾ ਜਾਇਜ਼ਾ, ਹੜ੍ਹ ਪੀੜਤਾਂ ਨੂੰ ਜਲਦ ਦਿੱਤਾ ਜਾਵੇਗਾ ਮੁਆਵਜ਼ਾ

ਪੁਲਸ ਲਾਪਤਾ ਨੌਜਵਾਨ ਦੇ ਦੋਸਤਾਂ ਤੋਂ ਕਰ ਰਹੀ ਪੁੱਛਗਿੱਛ
ਹੰਬੜਾਂ ਪੁਲਸ ਚੌਕੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਲਾਪਤਾ ਹੋਏ ਨੌਜਵਾਨ ਗੁਰਮਨਜੋਤ ਸਿੰਘ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਲਾਪਤਾ ਨੌਜਵਾਨ ਦੇ ਮੋਬਾਇਲ ਫੋਨ ਦੀ ਡਿਟੇਲ ਕਢਵਾਈ ਹੈ ਅਤੇ ਜੋ ਦੋਸਤ ਉਸ ਸਮੇਂ ਉਸ ਦੇ ਨਾਲ ਸਨ, ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਲਾਪਤਾ ਨੌਜਵਾਨ ਉਨ੍ਹਾਂ ਲਈ ਇਕ ਬੁਝਾਰਤ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸਤਲੁਜ ਦਰਿਆ ਦਾ ਕਰੀਬ 70 ਕਿਲੋਮੀਟਰ ਤੱਕ ਦਾ ਇਲਾਕਾ ਪੂਰੀ ਤਰ੍ਹਾਂ ਛਾਣ ਮਾਰਿਆ ਪਰ ਦਰਿਆ ’ਚ ਵੀ ਅੱਜ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ : ਜੇ ਤੁਹਾਨੂੰ ਵੀ ਰਸਤੇ ’ਚ ਰੋਕ ਕੇ ਕੋਈ ਪੁੱਛ ਰਿਹਾ ਹੈ ਕਿਸੇ ਥਾਂ ਦਾ ਪਤਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ 

ਲਾਪਤਾ ਨੌਜਵਾਨ ਦੇ ਪਰਿਵਾਰ ਮੈਂਬਰ ਵਿਧਾਇਕ ਇਆਲੀ ਨੂੰ ਮਿਲੇ
ਲਾਪਤਾ ਨੌਜਵਾਨ ਗੁਰਮਨਜੋਤ ਸਿੰਘ ਦੇ ਪਰਿਵਾਰਕ ਮੈਂਬਰ ਅੱਜ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਜਾ ਕੇ ਮਿਲੇ। ਇਸ ਮੌਕੇ ਨੌਜਵਾਨ ਦੇ ਪਿਤਾ ਜਗਜੀਤ ਸਿੰਘ ਨੇ ਵਿਧਾਇਕ ਇਆਲੀ ਨੂੰ ਆਪਣੇ ਲਾਪਤਾ ਬੇਟੇ ਬਾਰੇ ਸਾਰੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਵਿਧਾਇਕ ਇਆਲੀ ਵਲੋਂ ਪੁਲਸ ਵਿਭਾਗ ਦੇ ਅਧਿਕਾਰੀਆਂ ਨੂੰ ਲਾਪਤਾ ਨੌਜਵਾਨ ਦੀ ਭਾਲ ਕਰਨ ਲਈ ਉੱਚਿਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

PunjabKesari

 

ਵਿਧਾਇਕ ਇਆਲੀ ਨੇ ਕਿਹਾ ਕਿ ਉਹ ਖੁਦ ਲਾਪਤਾ ਨੌਜਵਾਨ ਦੀ ਭਾਲ ਲਈ ਉੱਚਿਤ ਪ੍ਰਬੰਧ ਕਰਵਾਉਣਗੇ, ਤਾਂ ਕਿ ਜਲਦ ਤੋਂ ਜਲਦ ਉਕਤ ਨੌਜਵਾਨ ਦਾ ਕੋਈ ਸੁਰਾਗ ਮਿਲ ਸਕੇ।

ਇਹ ਵੀ ਪੜ੍ਹੋ : UGC ਨੇ ਫਰਜ਼ੀ ਐਲਾਨੀਆਂ ਇਹ ਯੂਨੀਵਰਸਿਟੀਆਂ, ਡਿਗਰੀ ਪ੍ਰਦਾਨ ਕਰਨ ਦਾ ਅਧਿਕਾਰ ਕੀਤਾ ਖ਼ਤਮ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News