ਪੰਜਾਬ ਦੇ ਲੋਕਾਂ ’ਚ ਡਰ ਅਤੇ ਨਫਰਤ ਲਈ ਕੋਈ ਜਗ੍ਹਾ ਨਹੀਂ : ਭਗਵੰਤ ਮਾਨ

Wednesday, Dec 29, 2021 - 12:26 PM (IST)

ਪੰਜਾਬ ਦੇ ਲੋਕਾਂ ’ਚ ਡਰ ਅਤੇ ਨਫਰਤ ਲਈ ਕੋਈ ਜਗ੍ਹਾ ਨਹੀਂ : ਭਗਵੰਤ ਮਾਨ

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਉਣ ਵਾਲੀ 31 ਦਸੰਬਰ ਨੂੰ ਪਟਿਆਲਾ ਵਿਖੇ ਇਕ ‘ਸ਼ਾਂਤੀ ਮਾਰਚ’ ਕੱਢਿਆ ਜਾਵੇਗਾ। ‘ਆਪ’ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਹ ਸ਼ਾਂਤੀ ਮਾਰਚ ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਨੂੰ ਸਮਰਪਿਤ ਹੋਵੇਗਾ। ਜਾਰੀ ਇਕ ਬਿਆਨ ’ਚ ਸੰਸਦ ਮੈਂਬਰ ਮਾਨ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਇਕ ਸਾਜਿਸ਼ ਅਧੀਨ ਪੰਜਾਬ ਦੇ ਸ਼ਾਂਤਮਈ ਮਾਹੌਲ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਜਾਂ ਲੁਧਿਆਣਾ ਦੀ ਅਦਾਲਤ ’ਚ ਧਮਾਕਾ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਨੂੰ ਭੰਗ ਕਰਨ ਦੀ ਹੀ ਇਕ ਕੋਸ਼ਿਸ਼ ਹੈ ਪਰ ਪੰਜਾਬ ਆਪਣੇ ਸਮਾਜਿਕ ਅਤੇ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ। ਪੰਜਾਬ ਦੇ ਲੋਕ ਭਾਵੇਂ ਉਹ ਕਿਸੇ ਵੀ ਧਰਮ ਜਾਂ ਜਾਤ ਦੇ ਹੋਣ, ਉਨ੍ਹਾਂ ਦੇ ਦਿਲਾਂ ’ਚ ਨਫ਼ਰਤ ਜਾਂ ਡਰ ਲਈ ਕੋਈ ਥਾਂ ਨਹੀਂ ਹੈ।

ਇਹ ਵੀ ਪੜ੍ਹੋ : ਲੁਧਿਆਣਾ ਬੰਬ ਬਲਾਸਟ ਮਾਮਲੇ ’ਚ ਵੱਡਾ ਖ਼ੁਲਾਸਾ, ਡੋਂਗਲ ਤੇ ਘਰੋਂ ਮਿਲੇ ਲੈਪਟਾਪ ਨੇ ਖੋਲ੍ਹੇ ਕਈ ਰਾਜ਼

ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਵਾਰ-ਵਾਰ ਸਾਹਮਣੇ ਆ ਰਹੀਆਂ ਅਜਿਹੀਆਂ ਸਮਾਜ ਵਿਰੋਧੀ ਘਟਨਾਵਾਂ ਨੂੰ ਲੈ ਕੇ ਸਵਾਲ ਚੁੱਕਦੇ ਹੋਏ ਮਾਨ ਨੇ ਕਿਹਾ ਕਿ ਇਹ ਗੰਦੀ ਅਤੇ ਘਟੀਆ ਰਾਜਨੀਤੀ ਦਾ ਨਤੀਜਾ ਹੈ, ਜਿਸ ਰਾਹੀਂ ਕੁਝ ਲੋਕ ਆਮ ਜਨਜੀਵਨ ਨੂੰ ਠੇਸ ਪਹੁੰਚਾ ਕੇ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਆਪਣੇ ਚੋਣ ਏਜੰਡੇ ਅਤੇ ਮਨਸੂਬਿਆਂ ਨੂੰ ਪੂਰਾ ਕਰਨਾ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਮਾਰਚ ਸਾਡੇ ਦਿਲਾਂ ’ਚ, ਪੰਜਾਬ ’ਚ ਸ਼ਾਂਤੀ ਅਤੇ ਖ਼ੁਸ਼ਹਾਲੀ ਕਾਇਮ ਕਰਨ ਲਈ ਇਕ ਆਸ ਅਤੇ ਅਰਦਾਸ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਇਸ ਸ਼ਾਂਤੀ ਮਾਰਚ ’ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਤਾਂ ਜੋ ਸਾਰੇ ਸਮਾਜ ਵਿਰੋਧੀ ਅਨਸਰਾਂ ਨੂੰ ਸਪੱਸ਼ਟ ਸੁਨੇਹਾ ਮਿਲ ਸਕੇ ਕਿ ਪੰਜਾਬ ਅਜਿਹੇ ਲੋਕ ਵਿਰੋਧੀ ਯਤਨਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ। ਉਨ੍ਹਾਂ ਕਿਹਾ ਕਿ ਸਾਡੀ ਏਕਤਾ ਅਤੇ ਬਿਹਤਰ ਤਾਲਮੇਲ ਨੇ ਕਈ ਵਾਰ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਹਮੇਸ਼ਾ ਜਿੱਤ ਪ੍ਰਾਪਤ ਕੀਤੀ ਹੈ ਤੇ ਅੱਗੇ ਵੀ ਅਸੀਂ ਅਜਿਹੀਆਂ ਚੁਣੌਤੀਆਂ ਦੇ ਖ਼ਿਲਾਫ਼ ਇਕਜੁਟ ਰਹਾਂਗੇ।

ਇਹ ਵੀ ਪੜ੍ਹੋ : ਕੋਵਿਡ ਵੈਕਸੀਨ ਲਗਵਾਉਣ ਉਪਰੰਤ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News