ਟਿੱਡੀ ਦਲ ਦੇ ਹਮਲੇ ਤੋਂ ਘਬਰਾਉਣ ਦੀ ਨਹੀਂ ਸੁਚੇਤ ਰਹਿਣ ਦੀ ਜ਼ਰੂਰਤ, ਜ਼ਰੂਰਤ ਪੈਣ ''ਤੇ ਇਸ ਨੰਬਰ ''ਤੇ ਕਰੋ ਫ਼ੋਨ
Tuesday, Jul 21, 2020 - 05:38 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ) - ਸਾਉਣੀ 2020 ਦੌਰਾਨ ਜ਼ਿਲ੍ਹਾ ਸੰਗਰੂਰ ਅੰਦਰ ਟਿੱਡੀ ਦਲ ਦੇ ਹਮਲੇ ਦੇ ਖਦਸ਼ੇ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਹਾਇਕ ਕਮਿਸ਼ਨਰ (ਸ਼ਿਕਾਇਤਾਂ)-ਕਮ-ਨੋਡਲ ਅਫਸਰ ਟਿੱਡੀ ਦਲ ਕੰਟਰੋਲ ਸੰਗਰੂਰ ਲਤੀਫ ਅਹਿਮਦ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਟਿੱਡੀ ਦਲ ਤੋਂ ਰੋਕਥਾਮ ਲਈ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ 'ਤੇ ਅਧਾਰਿਤ ਸਬ-ਡਵੀਜ਼ਨ ਪੱਧਰ ਦੀਆਂ ਟੀਮਾਂ ਵੱਲੋਂ ਨਿਰੰਤਰ ਸਰਵੈ ਕੀਤੇ ਜਾ ਰਹੇ ਹਨ। ਅਜੇ ਤੱਕ ਜ਼ਿਲ੍ਹੇ ਵਿਚ ਕਿਤੇ ਵੀ ਟਿੱਡੀ ਦਲ ਦਾ ਹਮਲਾ ਦੇਖਣ ਵਿਚ ਨਹੀਂ ਆਇਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਟਿੱਡੀ ਦਲ ਦੇ ਹਮਲੇ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਸਗੋਂ ਪੂਰੀ ਵਿਊਂਤਬੰਦੀ ਨਾਲ ਟਾਕਰਾ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੀ ਮਦਦ ਨਾਲ ਰੋਕਥਾਮ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਬ-ਡਵੀਜ਼ਨ ਪੱਧਰ 'ਤੇ ਸਫਲਤਾਪੂਰਵਕ ਮੌਕ ਡਰਿੱਲਾਂ ਕੀਤੀਆਂ ਗਈਆਂ ਹਨ।
ਇਸ ਮੌਕੇ ਡਾ. ਜਸਵਿੰਦਰਪਾਲ ਸਿੰਘ ਗਰੇਵਾਲ, ਮੁੱਖ ਖੇਤੀਬਾੜੀ ਅਫ਼ਸਰ, ਸੰਗਰੂਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਕਿਸਾਨਾਂ ਨਾਲ ਨਿਰੰਤਰ ਰੂਪ ਵਿਚ ਤਾਲਮੇਲ ਬਣਾਇਆ ਹੋਇਆ ਹੈ ਅਤੇ ਇਸ ਪ੍ਰਤੀ ਕਿਸਾਨਾਂ ਨੂੰ ਜਾਗਰੁਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਇਸ ਦਾ ਹਮਲਾ ਦੇਖਣ ਵਿਚ ਆਉਂਦਾ ਹੈ ਤਾਂ ਤੁਰੰਤ ਮੋਬਾਇਲ ਨੰਬਰ 9417251031 'ਤੇ ਸੂਚਨਾ ਦਿੱਤੀ ਜਾਵੇ। ਹਮਲੇ ਦੇ ਖਦਸੇ ਨੂੰ ਦੇਖਦਿਆਂ ਬਲਾਕ ਖੇਤੀਬਾੜੀ ਅਫਸਰਾਂ ਵੱਲੋਂ ਕਿਸਾਨਾਂ, ਕੋ-ਆਪਰੇਟਿਵ ਸੋਸਾਇਟੀਆਂ, ਸਰਕਾਰੀ ਅਦਾਰਿਆਂ ਆਦਿ ਪਾਸ ਉਪਲਬਧ ਸਪਰੇਅ ਪੰਪਾਂ ਬਾਰੇ ਸੂਚਨਾ ਇਕੱਤਰ ਕੀਤਾ ਜਾ ਚੁੱਕੀ ਹੈ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਲੋੜੀਂਦੇ ਕੀਟਨਾਸ਼ਕਾਂ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ।