ਵੋਟ ਬਟੋਰਨ ਦਾ ਹਥਿਆਰ 'ਨਸ਼ਾ' ! ਰੂਹ ਕੰਬਾਊ ਵੀਡੀਓਜ਼ ਹੋ ਚੁੱਕੀਆਂ ਵਾਇਰਲ, ਨਹੀਂ ਲੱਭਿਆ ਕੋਈ ਪੱਕਾ ਹੱਲ
Monday, Dec 19, 2022 - 04:20 PM (IST)
ਸੁਲਤਾਨਪੁਰ ਲੋਧੀ (ਧੀਰ)-ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਸ਼ਾ ਇਕ ਵੱਡਾ ਮੁੱਦਾ ਰਿਹਾ ਸੀ, ਜਿਸ ਨੂੰ ਪਾਰਟੀਆਂ ਨੇ ਆਪਣੀ ਰੈਲੀਆਂ ਅਤੇ ਨੁੱਕੜ ਮੀਟਿੰਗਾਂ ’ਚ ਪੂਰੀ ਤਰ੍ਹਾਂ ਚੁੱਕੀ ਰੱਖਿਆ। ਨਸ਼ਾ ਜਿਉਂ ਦਾ ਤਿਉਂ ਹੀ ਵਿਕ ਰਿਹਾ ਅਤੇ ਵਰਤਿਆਂ ਜਾ ਰਿਹਾ ਹੈ। ਕਪੂਰਥਲਾ ਅਤੇ ਸੁਲਤਾਨਪੁਰ ਹਲਕੇ ਦੇ ਅਜਿਹੇ ਬਹੁਤ ਸਾਰੇ ਪਿੰਡ ਅਜਿਹੇ ਮਿਲ ਜਾਣਗੇ, ਜਿੱਥੇ ਨਸ਼ਾਂ ਸ਼ਰੇਆਮ ਵਿਕਦਾ ਹੈ। ਬੇਸ਼ੱਕ ਪੁਲਸ ਨੇ ਉਨ੍ਹਾਂ ਖੇਤਰਾਂ ’ਚ ਨਸ਼ਾ ਰੋਕਣ ਲਈ ਘਰ-ਘਰ ਜਾ ਕੇ ਤਲਾਸ਼ੀ ਅਭਿਆਨ ਵੀ ਛੇੜਿਆ ਪਰ ਪੁਲਸ ਆਪਣੇ ਹੀ ਮਹਿਕਮੇ ਦੀਆਂ ਕੁਝ ਕਾਲੀਆਂ ਭੇਡਾਂ ਦੇ ਹੱਥੋਂ ਮਾਰ ਖਾ ਰਹੀ ਹੈ ਅਤੇ ਵੱਡੇ ਪੱਧਰ ’ਤੇ ਚਲਾਏ ਗਏ ਨਸ਼ਾ ਵਿਰੋਧੀ ਅਭਿਆਨ ਦੇ ਨਤੀਜੇ ਪੁਲਸ ਨੂੰ ਬਹੁਤ ਵਧਿਆਂ ਮਿਲੇ ਹਨ। ਪੁਲਸ ਨੇ ਕਈ ਨਾਮੀ ਸਮੱਗਲਰਾਂ ਵੱਲੋਂ ਬਣਾਈ ਜਾਇਦਾਦ ਵੀ ਅਟੈਚ ਕੀਤੀ ਹੈ। ਉਨ੍ਹਾਂ ਪਿੰਡਾਂ ’ਚ ਹੁਣ ਨਸ਼ਾਂ ਸਮੱਗਲਰ ਕੁਝ ਤਾਂ ਪੁਲਸ ਵੱਲੋਂ ਫੜੇ ਜਾ ਚੁੱਕੇ ਹਨ ਅਤੇ ਕੁਝ ਫਰਾਰ ਹਨ, ਜੋ ਹੁਣ ਪੁਲਸ ਦੀ ਸਖ਼ਤ ਕਾਰਵਾਈ ਦੇ ਡਰ ਨਾਲ ਆਪਣੇ ਪਿੰਡਾਂ ’ਚ ਵਾਪਸ ਨਹੀਂ ਆ ਰਹੇ, ਜਿਸ ਲਈ ਪੁਲਸ ਨੂੰ ਹੋਰ ਸਾਵਧਾਨੀ ਵਰਤਣ ਦੀ ਲੋੜ ਹੈ।
ਹੁਣ ਤੱਕ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ ਐਕਸਾਈਜ਼ ਅਤੇ ਐੱਨ. ਡੀ. ਪੀ. ਐੱਸ. ਐਕਟ ਦੇ ਵੱਡੀ ਗਿਣਤੀ ’ਚ ਮਾਮਲੇ ਦਰਜ ਕੀਤੇ ਜਾ ਚੁਕੇ ਹਨ। ਪੁਲਸ ਨਸ਼ੇ ਦੀਆਂ ਬ੍ਰਾਂਚਾਂ ਨੂੰ ਤਾਂ ਕਿਸੇ ਹੱਦ ਤੱਕ ਬੇਨਕਾਬ ਕਰ ਰਹੀ ਹੈ ਪਰ ਸਮੱਗਲਿੰਗ ਦੇ ਮੁੱਢ ’ਤੇ ਹੱਥ ਨਹੀਂ ਪਾਇਆ ਜਾ ਰਿਹਾ। ਪੰਜਾਬ ’ਚ ਨਸ਼ਿਆਂ ਨੂੰ ਲੈ ਕੇ ਹਮੇਸ਼ਾ ਹੀ ਰਾਜਨੀਤੀ ਹੁੰਦੀ ਆਈ ਹੈ ਅਤੇ ਇਸ ਦਾ ਠੋਸ ਹੱਲ ਅਜੇ ਤੱਕ ਨਹੀਂ ਨਿਕਲਿਆ। ਜੇਕਰ ਨਸ਼ੇ ’ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਹੈ ਤਾਂ ਇਸ ’ਚ ਹੋ ਰਹੀ ਰਾਜਨੀਤੀ ’ਤੇ ਰੋਕ ਲਾਉਣ ਦੀ ਲੋੜ ਹੈ ਅਤੇ ਪੁਲਸ ਨੂੰ ਨਸ਼ਾ ਸਮੱਗਲਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਖੋਲ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਨਕੋਦਰ 'ਚ ਹੋਏ ਕੱਪੜਾ ਵਪਾਰੀ ਦੇ ਕਤਲ ਦੇ ਮਾਮਲੇ 'ਚ ਦੋ ਹੋਰ ਸ਼ੂਟਰ ਗ੍ਰਿਫ਼ਤਾਰ
ਸੋਸ਼ਲ ਮੀਡੀਆਂ ’ਤੇ ਵੀ ਦਿਲ ਦਹਿਲਾਉਣ ਵਾਲੀਆਂ ਵੀਡੀਓ ਹੋ ਚੁਕੀਆਂ ਨੇ ਵਾਇਰਲ
ਪਿਛਲੇ ਕੁਝ ਸਮਾਂ ਪਹਿਲਾ ਸੋਸ਼ਲ ਮੀਡੀਆ ਉਪਰ ਵਾਇਰਲ ਹੋਈਆਂ ਨੌਜਵਾਨਾਂ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਵੀਡਿਓ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਖੁੱਲ੍ਹੇਆਮ ਆਸਾਨੀ ਨਾਲ ਮਿਲ ਰਹੇ ਡਰੱਗਜ਼ ਕਾਰਨ ਰੋਜ਼ਾਨਾ ਵੱਡੀ ਗਿਣਤੀ ’ਚ ਨੌਜਵਾਨ ਮਰ ਰਹੇ ਹਨ ਪਰ ਸਮਾਜਿਕ ਕਾਰਨਾਂ ਕਰਕੇ ਮਾਂ-ਪਿਓ ਅਕਸਰ ਆਪਣੇ ਬੱਚਿਆਂ ਦੀ ਮੌਤ ਦੇ ਅਸਲ ਕਾਰਨ ਛੁਪਾਉਂਦੇ ਹਨ। ਨੌਜਵਾਨਾਂ ਵੱਲੋਂ ਅਜਿਹੇ ਵੱਡੇ ਪੱਧਰ ’ਤੇ ਡਰੱਗਜ਼ ਦਾ ਸੇਵਨ ਕਰਨਾ ਉਨ੍ਹਾਂ ਦੀ ਗਲਤੀ ਨਹੀਂ ਹੈ, ਇਹ ਬੇਰੋਜ਼ਗਾਰੀ ਅਤੇ ਖੇਤੀਬਾੜੀ ਅਰਥਵਿਵਸਥਾ ਦੇ ਫੇਲ ਹੋਣ ਦਾ ਨਤੀਜਾ ਲੱਗਦਾ ਹੈ।
ਨਸ਼ਿਆਂ ਦੇ ਗੜ ਵਜੋਂ ਜਾਣੇ ਜਾਨ ਲੱਗੇ ਕਈ ਕਪੂਰਥਲਾ ਦੇ ਕਈ ਪਿੰਡ
ਕਪੂਰਥਲਾ ਅਤੇ ਸੁਲਤਾਨਪੁਰ ਹਲਕੇ ’ਚ ਕੁਝ ਅਜਿਹੇ ਖੇਤਰ ਹਨ, ਜਿੱਥੇ ਨਸ਼ਾ ਪੂਰੇ ਧੜੱਲੇ ਨਾਲ ਵਿਕ ਰਿਹਾ ਹੈ, ਜੋ ਪੁਲਸ ਦੀ ਨਾਕਾਮੀ ਤਾਂ ਵਿਖਾ ਹੀ ਰਿਹਾ ਹੈ, ਸਗੋਂ ਉਨ੍ਹਾਂ ਖੇਤਰਾਂ ’ਚ ਤਾਇਨਾਤ ਪੁਲਸ ਅਧਿਕਾਰੀਆਂ ਦੇ ਨਾਲ-ਨਾਲ ਵਿਭਾਗ ਦੀਆਂ ਕਾਲੀਆਂ ਭੇਡਾਂ ’ਤੇ ਭਿ੍ਸ਼ਟਾਚਾਰੀ ਹੋਣ ਦਾ ਸੰਕੇਤ ਦੇ ਰਿਹਾ ਹੈ। ਅੱਜ ਵੀ ਕਪੂਰਥਲਾ ਅਤੇ ਸੁਲਤਾਨਪੁਰ ਹਲਕੇ ਦੇ ਪਿੰਡ ਤੋਤੀ, ਬੂਟਾਂ, ਸੁੰਦਰ ਨਗਰ ਆਦਿ ਤੋਂ ਇਲਾਵਾ ਸ਼ਹਿਰ ’ਚ ਮਹਿਤਾਬਗੜ੍ਹ ਖੇਤਰ ਦੇ ਨਾਲ-ਨਾਲ ਕੁਝ ਅੰਦਰੂਨੀ ਖੇਤਰ ਵੀ ਹੈ, ਜਿੱਥੇ ਜ਼ਿਲਾ ਪੁਲਸ ਨਸ਼ੇ ਦੀ ਸਮੱਗਲਿੰਗ ’ਤੇ ਰੋਕ ਲਗਾਉਣ ’ਚ ਅਜੇ ਤੱਕ ਨਾਕਾਮ ਸਾਬਿਤ ਹੋਈ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਨੂੰ ਇਨ੍ਹਾਂ ਪਿੰਡਾਂ ਦੀ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਇਨ੍ਹਾਂ ਥਾਵਾਂ ’ਤੇ ਖਾਨਾਪੂਰਤੀ ਵਜੋਂ ਐਕਸ਼ਨ ਲਏ ਜਾ ਰਹੇ ਹਨ, ਜੇਕਰ ਪੁਲਸ ਚਾਹੇ ਤਾ ਇਨ੍ਹਾਂ ਪਿੰਡਾਂ ’ਚ ਇਕ ਦਿਨ ’ਚ ਹੀ ਸਾਰਾ ਨਸ਼ਾ ਖ਼ਤਮ ਕਰ ਸਕਦੀ ਹੈ।
ਇਹ ਵੀ ਪੜ੍ਹੋ : ‘ਆਪ’ ਵਿਧਾਇਕਾਂ ਲਈ ਭਾਜਪਾ ਕਰੋੜਾਂ ਦੀ ਬੋਲੀ ਲਾ ਰਹੀ ਪਰ ਕੋਈ ਵਿਕਣ ਨੂੰ ਤਿਆਰ ਨਹੀਂ: ਭਗਵੰਤ ਮਾਨ
80 ਫ਼ੀਸਦੀ ਨੌਜਵਾਨਾਂ ਕੋਲੋਂ ਨਹੀਂ ਛੱਡਿਆ ਜਾ ਰਿਹਾ ਨਸ਼ਾ
ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਨਕਸ਼ੇ ’ਚ ਪੰਜਾਬ ਨੂੰ ਨਸ਼ਿਆਂ ਦੀ ਮੰਡੀ ਦੇ ਤੌਰ ’ਤੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਹੋਰ ਤਾਂ ਹੋਰ ਇਸ ਮਾਮਲੇ ’ਤੇ ਆਧਾਰਿਤ ਇਕ ਫਿਲਮ ‘ਉੜਤਾ ਪੰਜਾਬ’ ਵੀ ਆਈ ਹੈ, ਜਿਸ ’ਚ ਪੰਜਾਬ ਦੇ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਨਸ਼ਿਆਂ ਦੀ ਗ੍ਰਿਫ਼ਤ ’ਚ ਵਿਖਾਇਆ ਗਿਆ ਹੈ। ਅਜਿਹੇ ਸਮੇਂ ’ਚ ਪੰਜਾਬ ’ਚ ਨਸ਼ੀਲੇ ਪਦਾਰਥਾਂ ’ਤੇ ਨਿਰਭਰ ਲੋਕਾਂ ’ਤੇ ਆਧਾਰਿਤ ਇਕ ਸਰਵੇ ਕਰਵਾਇਆ ਗਿਆ। ਕੁਝ ਸਮਾਂ ਪਹਿਲਾਂ ਆ ਚੁੱਕੀ ਉਸ ਰਿਪੋਰਟ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ’ਚ ਨਸ਼ਾ ਕਰਨ ਵਾਲੇ ਨੌਜਵਾਨਾਂ ’ਚੋਂ 80 ਫ਼ੀਸਦੀ ਨੌਜਵਾਨ ਅਜਿਹੇ ਹਨ, ਜੋ ਨਸ਼ਾ ਛੱਡਣਾ ਚਾਹੁੰਦੇ ਹਨ ਪਰ ਛੱਡ ਨਹੀਂ ਸਕਦੇ। ਹੁਣ ਭਾਵੇਂ ਕਿਉ ਨਾ ਸਰਕਾਰੀ ਜਾਂ ਨਿੱਜੀ ਸੰਸਥਾਵਾਂ ਵੱਲੋਂ ਨਸ਼ਾ ਛੁਡਾਊ ਕੇਂਦਰ ਖੋਲ੍ਹ ਗਏ ਹੋਣ।
ਉੱਜੜ ਰਹੇ ਘਰਾਂ ਦੇ ਘਰ
ਪੰਜਾਬ ’ਚ ਨਸ਼ਿਆਂ ਦੇ ਕਹਿਰ ਦਾ ਪ੍ਰਕੋਪ ਪੂਰੇ ਸਿਖਰ ’ਤੇ ਹੈ ਤੇ ਇਸਦੀ ਵਰਤੋਂ ਨਾਲ ਸੂਬੇ ’ਚੋਂ ਨੌਜਵਾਨੀ ਤਕਰੀਬਨ ਖਤਮ ਹੁੰਦੀ ਜਾ ਰਹੀ ਹੈ। ਜਿੱਥੇ ਆਏ ਦਿਨਾਂ ਨਸ਼ਿਆਂ ਦੇ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ, ਉੱਥੇ ਹੀ ਇਸ ਨਾਲ ਘਰਾਂ ਦੇ ਘਰ ਵੀ ਉਜੜ ਰਹੇ ਹਨ। ਮਾਂਵਾ ਦੀ ਗੋਦ ਵੀ ਸੁੰਨੀ ਹੋ ਰਹੀ ਹੈ। ਨਸ਼ਾ ਸਰਕਾਰ ਦੇ ਮੱਥੇ ’ਤੇ ਕਲੰਕ ਬਣ ਚੁਕਾ ਹੈ, ਜਿਸ ਨੂੰ ਹੁਣ ਸ਼ਾਇਦ ਹੀ ਸਾਫ਼ ਕੀਤਾ ਜਾ ਸਕੇ।
35 ਫ਼ੀਸਦੀ ਨੌਜਵਾਨਾਂ ਨੂੰ ਨਹੀਂ ਮਿਲ ਰਹੀ ਸਹੀ ਗਾਈਡੈਂਸ
ਜੇਕਰ ਸਰਵੇ ਰਿਪੋਰਟ ਦੇ ਅੰਕੜਿਆਂ ਨੂੰ ਵੇਖਿਆ ਜਾਵੇ ਤਾਂ ਨਸ਼ਿਆਂ ਦੇ ਆਦੀ ਨੌਜਵਾਨਾਂ ’ਚੋਂ ਸਿਰਫ਼ 35 ਫ਼ੀਸਦੀ ਹੀ ਨੌਜਵਾਨਾਂ ਨੂੰ ਸਹੀ ਸਮੇਂ ’ਤੇ ਸਹੀ ਗਾਈਡੈਂਸ ਜਾਂ ਮਦਦ ਮਿਲਦੀ ਹੈ। ਇਨ੍ਹਾਂ ’ਚੋਂ ਕਈ ਨਸ਼ਾ ਛੰਡ ਵੀ ਦਿੰਦੇ ਹਨ ਪਰ ਛੱਡਣ ਵਾਲਿਆਂ ਦੀ ਰੇਸ਼ੋ ਬਹੁਤ ਜ਼ਿਆਦਾ ਨਹੀਂ ਹੁੰਦੀ। ਪੰਜਾਬ ’ਚ ਨਸ਼ੀਲੇ ਪਦਾਰਥਾਂ ’ਤੇ ਨਿਰਭਰ ਲੋਕਾਂ ’ਤੇ ਕਰਵਾਏ ਗਏ ਸਰਵੇ ’ਚ ਵੱਖ-ਵੱਖ ਜ਼ਿਲ੍ਹਿਆਂ ਦੇ 3620 ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ, ਜੋ ਕਿਸੇ ਨਾ ਕਿਸੇ ਨਸ਼ੀਲੇ ਪਦਾਰਥ ਦੀ ਵਰਤੋਂ ਕਰਦੇ ਆ ਰਹੇ ਹਨ, ਇਨ੍ਹਾਂ ’ਚੋਂ 53 ਫ਼ੀਸਦੀ ਅਜਿਹੇ ਹਨ, ਜੋ ਹੈਰੋਇਨ, ਸਮੈਕ ਆਦਿ ਜਿਹੇ ਮਹਿੰਗੇ ਨਸ਼ਿਆਂ ਦਾ ਇਸਤੇਮਾਲ ਕਰਦੇ ਹਨ। ਇਸ ਤੋਂ ਇਲਾਵਾ 33 ਫ਼ੀਸਦੀ ਮੈਡੀਕਲ ਨਸ਼ਾਂ ਜਾਂ ਟੀਕਿਆਂ ’ਤੇ ਨਿਰਭਰ ਹਨ ਅਤੇ ਬਾਕੀ ਵੱਖ-ਵੱਖ ਨਸ਼ਿਆਂ ਦੀ ਲਪੇਟ ’ਚ ਹਨ।
ਇਹ ਵੀ ਪੜ੍ਹੋ : ਪੰਜਾਬ 'ਚੋਂ ਹੋਵੇਗਾ ਗੈਂਗਸਟਰਾਂ ਦਾ ਸਫ਼ਾਇਆ, ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਭਗਵੰਤ ਮਾਨ ਨੇ ਆਖੀ ਵੱਡੀ ਗੱਲ
ਨਸ਼ਾ ਕਰਨ ਵਾਲਿਆਂ ’ਚ ਜ਼ਿਆਦਾਤਰ 18 ਤੋਂ 35 ਸਾਲ ਦੇ
ਸਰਵੇ ਰਿਪੋਰਟ ਵਿਚ ਜੋ ਅੰਕੜੇ ਦੱਸੇ ਗਏ ਹਨ, ਉਨ੍ਹਾਂ ’ਚੋਂ ਇਕ ਰਿਪੋਰਟ ਅਨੁਸਾਰ ਨਸ਼ਾ ਕਰਨ ਦੇ ਆਦੀ ਨੌਜਵਾਨਾਂ ’ਚੋਂ 76 ਫ਼ੀਸਦੀ 18 ਤੋਂ 35 ਸਾਲ ਦੀ ਉਮਰ ਦੇ ਹਨ। ਜੇਕਰ ਦੇਖਿਆ ਜਾਵੇ ਤਾਂ ਕਿਸੇ ਵੀ ਸਰਕਾਰੀ ਨੌਕਰੀ ਲਈ ਵੀ ਇਹ ਉਮਰ ਹੁੰਦੀ ਹੈ। ਨੌਜਵਾਨੀ ਨਸ਼ਿਆਂ ਵੱਲ ਜਾਣ ਦਾ ਕਾਰਨ ਜਿੱਥੇ ਸਰਕਾਰਾਂ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਵਰਤੀ ਜਾ ਰਹੀ ਢਿੱਲ ਹੈ, ਉੱਥੇ ਹੀ ਇਸਦਾ ਮੁੱਖ ਤੇ ਅਹਿਮ ਕਾਰਨ ਬੇਰੋਜ਼ਗਾਰੀ ਹੈ। ਅੱਜ ਦੇ ਸਮੇਂ ’ਚ ਨੌਕਰੀਆਂ ਨਾ ਮਿਲਣ ਕਾਰਨ ਕੁੱਝ ਨੌਜਵਾਨ ਜ਼ਮੀਨਾਂ ਵੇਚ ਕੇ ਜਾਂ ਲੋਨ ਲੈ ਕੇ ਬਾਹਰਲੇ ਦੇਸ਼ਾਂ ’ਚ ਜਾ ਚੁਕੇ ਹਨ ਅਤੇ ਜਿਹੜੇ ਬਚੇ ਹਨ, ਉਹ ਤਕਰੀਬਨ ਬੇਰੋਜ਼ਗਾਰੀ ਕਾਰਨ ਨਸ਼ਿਆਂ ਦੀ ਦਲਦਲ ’ਚ ਬੁਰੀ ਤਰ੍ਹਾਂ ਫਸ ਗਏ ਹਨ।
ਨਸ਼ਿਆਂ ਕਾਰਨ ਵੀ ਵਧ ਰਿਹੈ ਕ੍ਰਾਈਮ ਦਾ ਗ੍ਰਾਫ਼
ਪੰਜਾਬ ’ਚ ਪਿਛਲੇ ਕੁਝ ਸਾਲਾਂ ’ਚ ਕ੍ਰਾਈਮ ਦਾ ਗ੍ਰਾਫ਼ ਵੀ ਉਪਰ ਹੀ ਰਿਹਾ ਹੈ, ਜਿਸ ਦੇ ਪਿੱਛੇ ਵੀ ਮੁੱਖ ਨਸ਼ੇ ਹੀ ਹਨ, ਜੇਕਰ ਪੰਜਾਬ ’ਚ ਰਹਿਣ ਵਾਲੇ ਨੌਜਵਾਨਾਂ ਦੀ ਸਰਵੇ ਰਿਪੋਰਟ ਵੇਖੀਏ ਤਾਂ ਹਾਈ ਪ੍ਰੋਫਾਈਲ ਨਸ਼ਾ ਕਰਨ ਵਾਲੇ ਔਸਤਨ 1400 ਰੁਪਏ ਦਾ ਇਕ ਨਸ਼ਾ ਕਰ ਲੈਂਦੇ ਹਨ। ਉਥੇ ਲੋਅਰ ਕਲਾਸ ’ਚ ਨਸ਼ਾ ਕਰਨ ਦੇ ਆਦੀ ਲੋਕ ਔਸਤਨ 340 ਰੁਪਏ ਰੋਜ਼ਾਨਾ ਦਾ ਨਸ਼ਾ ਕਰਦੇ ਹਨ, ਜਦੋਂਕਿ ਮੈਡੀਕਲ ਨਸ਼ਿਆਂ ਦੀ ਵੀ ਲੋਕ ਔਸਤਨ 200 ਤੋਂ ਉਪਰ ਰੋਜ਼ ਨਸ਼ਿਆਂ ਦੀ ਪੂਰਤੀ ਲਈ ਇਹ ਲੋਕ ਕ੍ਰਾਇਮ ਦੀ ਦੁਨੀਆਂ ’ਚ ਕਦਮ ਰੱਖਦੇ ਹਨ, ਜਿਸ ਤੋਂ ਬਾਅਦ ਇਹ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਭੰਗ ਬੂਟੀ ਮਲ ਕੇ ਨੌਜਵਾਨ ਕਰ ਰਹੇ ਹਨ ਨਸ਼ੇ ਦੀ ਪੂਰਤੀ
ਅੱਜ ਨੌਜਵਾਨੀ ਨਸ਼ਿਆਂ ਦੀ ਪੂਰਤੀ ਲਈ ਕੁਝ ਵੀ ਕਰਨ ਨੂੰ ਤਿਆਰ ਬੈਠੀ ਹੈ। ਨਸ਼ੇ ਵੀ ਇਨੇ ਮਹਿੰਗੇ ਹੋ ਗਏ ਹਨ ਇਸਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਲੁੱਟਾਂ-ਖੋਹਾਂ ਕਰਨੀਆਂ ਪੈ ਰਹੀ ਹੈ ਪਰ ਭੰਗ ਨਸ਼ੇੜੀਆਂ ਲਈ ਇਕ ਵਰਦਾਨ ਸਾਬਿਤ ਹੋ ਰਹੀ ਹੈ, ਜੋ ਕਿ ਇਕ ਸਸਤਾ ਨਸ਼ਾ ਹੈ। ਸੜਕਾਂ ਕਿਨਾਰੇ ਜਾਂ ਪਿੰਡਾਂ ਦੀਆਂ ਖੁੱਲ੍ਹੀਆਂ ਥਾਵਾਂ, ਪਲਾਟਾਂ ਆਦਿ ’ਚ ਉੱਗੀ ਭੰਗ ਬੂਟੀ ਨੂੰ ਮਲ ਕੇ ਨਸ਼ੇ ਦੀ ਪੂਰਤੀ ਕਰ ਰਹੇ ਹਨ, ਜਿੱਥੇ ਆਮ ਇਨਸਾਨ ਨੂੰ ਇਸ ਜੰਗਲ ਦੇ ਰੂਪ ’ਚ ਉੱਗੀ ਭੰਗ ਬੂਟੀ ਦੇ ਨਜ਼ਦੀਕ ਜਾਣ ਨੂੰ ਡਰ ਲਗਦਾ ਹੈ, ਉੱਥੇ ਹੀ ਨਸ਼ੇੜੀ ਨੌਜਵਾਨ ਇਨਾਂ ’ਚ ਲੁੱਕ ਲੁੱਕ ਕੇ ਬਿਨਾਂ ਡਰੇ ਇਸਨੂੰ ਮਲ ਕੇ ਨਸ਼ੇ ਦੀ ਪੂਰਤੀ ਕਰਦੇ ਹਨ।
ਖਾਲੀ ਪਈਆਂ ਸਰਕਾਰੀ ਬਿਲਡਿੰਗਾਂ ਨਸ਼ੇੜੀਆਂ ਲਈ ਬਣੀਆਂ ਮਦਦਗਾਰ
ਜ਼ਿਕਰਯੋਗ ਹੈ ਕਿ ਜ਼ਿਲੇ ਦੇ ਬਹੁਤ ਸਾਰੇ ਸਰਕਾਰੀ ਕੁਆਰਟਰ, ਇਤਿਹਾਸਕ ਬਿਲਡਿੰਗਾਂ ਤੇ ਹੋਰ ਕਈ ਥਾਵਾਂ ਖਾਲੀ ਪਈਆਂ ਹਨ, ਜਿੱਥੇ ਨੌਜਵਾਨ ਨਸ਼ੇ ਦੀ ਪੂਰਤੀ ਕਰਨ ਲਈ ਇਨ੍ਹਾਂ ਦੀ ਵਰਤੋਂ ਲੁਕਣ ਲਈ ਕਰ ਰਹੇ ਹਨ। ਇਨ੍ਹਾਂ ਬਿਲਡਿੰਗਾਂ ’ਚ ਕਈ ਥਾਈਂ ਟੀਕੇ, ਸਰਿੰਜਾਂ, ਸਿਗਰੇਟਾਂ, ਬੀੜੀਆਂ, ਮਾਚਿਸਾਂ, ਫੋਆਲਪੇਪਰ ਆਦਿ ਖਿੱਲਰੇ ਪਏ ਦੇਖੇ ਗਏ ਹਨ। ਨਸ਼ੇੜੀਆਂ ਲਈ ਖਾਲੀ ਪਈਆਂ ਬਿਲਡਿੰਗਾਂ ਉਨ੍ਹਾਂ ਲਈ ਮਦਦਗਾਰ ਸਿੱਧ ਹੋ ਰਹੀਆਂ ਹਨ।
ਨਸ਼ੇੜੀਆਂ ਦੇ ਪਰਿਵਾਰ ਵਾਲੇ ਡਰ ਕੇ ਕੱਟ ਰਹੇ ਰਾਤਾਂ
ਨਸ਼ਿਆਂ ਦੇ ਆਦੀ ਹੋ ਚੁਕੇ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਮਾਵਾਂ ਜਿੱਥੇ ਰੋਂਦੀਆਂ ਕੁਰਲਾਉਂਦੀਆਂ ਹਨ, ਉੱਥੇ ਹੀ ਹਰ ਸਮੇਂ ਉਨ੍ਹਾਂ ਅੰਦਰ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਨਸ਼ੇ ਦੀ ਪੂਰਤੀ ਕਰਨ ਲਈ ਉਨ੍ਹਾਂ ਦਾ ਪੁੱਤਰ ਸਾਰੇ ਸੁੱਤੇ ਪਏ ਪਰਿਵਾਰ ਨੂੰ ਮਾਰ ਹੀ ਨਾ ਦੇਵੇ। ਉਪਰੋਂ ਮਾਵਾਂ ਨੂੰ ਪੁੱਤਰਾਂ ਦੇ ਅੱਧੀ ਅੱਧੀ ਰਾਤ ਨੂੰ ਘਰ ਆਉਣ ’ਤੇ ਕਈ ਵਾਰੀ ਘਰ ਨਾ ਆਉਣ ਕਾਰਨ ਡਰ ਬਣਿਆਂ ਰਹਿੰਦਾ ਹੈ ਕਿ ਮੇਰਾ ਪੁੱਤਰ ਅਜੇ ਤੱਕ ਘਰ ਕਿਉ ਨਹੀਂ ਆਇਆ, ਉਪਰੋਂ ਪਤਾ ਲਗਦਾ ਹੈ ਕਿ ਤੇਰਾ ਪੁੱਤਰ ਤਾਂ ਨਾਲੀ ਦੇ ਕੰਢੇ ’ਤੇ ਨਸ਼ੇ ’ਚ ਧੁੱਤ ’ਤੇ ਡਿੱਗਿਆ ਪਿਆ ਹੈ। ਅੱਜ ਕਈ ਪਰਿਵਾਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ।
ਇਹ ਵੀ ਪੜ੍ਹੋ : ਸ਼ਹੀਦ ਕਾਂਸਟੇਬਲ ਮਨਦੀਪ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ ਸੌਂਪੇ 2 ਕਰੋੜ ਰੁਪਏ ਦੇ ਚੈੱਕ
ਜ਼ਿਆਦਾਤਰ ਨਸ਼ਾ ਪੂਰਾ ਕਰਨ ਲਈ ਹੋ ਰਹੀਆਂ ਹਨ ਲੁੱਟ ਦੀਆਂ ਵਾਰਦਾਤਾਂ
ਲੁੱਟ ਦੀਆਂ ਵਾਰਦਾਤਾਂ ’ਚ ਜ਼ਿਆਦਾਤਰ ਨਸ਼ਾ ਪੂਰਤੀ ਲਈ ਹਨ, ਜਿਨ੍ਹਾਂ ’ਚ ਲੁਟੇਰੇ ਨਸ਼ਾ ਖਰੀਦਣ ਲਈ ਭੋਲੇ ਭਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਤੇ ਥੋੜੀ ਜਿਹੀ ਕੀਮਤ ’ਤੇ ਲੁੱਟ ਦਾ ਮਾਲ ਵੇਚ ਕੇ ਨਸ਼ਾ ਖਰੀਦ ਰਹੇ ਹਨ। ਇਹ ਖੁਲਾਸੇ ਕਈ ਵਾਰ ਪੁਲਸ ਦੇ ਸਾਹਮਣੇ ਹੋ ਚੁਕੇ ਹਨ। ਹੈਰਾਨੀ ਇਹ ਹੈ ਕਿ ਪੁਲਸ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਕੇ ਗਿ੍ਫਤਾਰ ਲੁਟੇਰੇ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੰਦੀ ਹੈ, ਜਦੋਂਕਿ ਲੁਟੇਰਿਆਂ ਦੇ ਨਾਲ ਲੁੱਟ ਦੇ ਮਾਲ ਦਾ ਸੌਦਾ ਕਰਨ ਵਾਲੇ ਅੱਜ ਵੀ ਬਾਹਰ ਘੁੰਮਦੇ ਹਨ। ਕਾਨੂੰਨ ’ਚ ਇਹ ਪ੍ਰਾਵਧਾਨ ਹੈ ਕਿ ਲੁੱਟ ਦਾ ਮਾਲ ਵੇਚਣ ਤੇ ਖਰੀਦਣ ਦੋਨਾਂ ’ਤੇ ਹੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਪੁਲਸ ਇੰਨੀ ਗਹਿਰਾਈ ਤੱਕ ਨਾ ਜਾ ਕੇ ਲੁਟੇਰਿਆਂ ਨੂੰ ਫੜ ਕੇ ਮਾਲ ਬਰਾਮਦ ਕਰਦੀ ਹੈ ਤੇ ਮਾਮਲਾ ਅਦਾਲਤ ’ਚ ਲਿਜਾਇਆ ਜਾਂਦਾ ਹੈ, ਜੋ ਕਿ ਪੁਲਸ ਦੀ ਕਾਰਗੁਜ਼ਾਰੀ ’ਤੇ ਇਕ ਸਵਾਲੀਆ ਨਿਸ਼ਾਨ ਖੜੇ ਕਰ ਰਹੇ ਹਨ।
ਨੌਜਵਾਨਾਂ ’ਚ ਵੱਧ ਰਹੀ ਹੈ ਮੈਡੀਕਲ ਨਸ਼ਿਆਂ ਦੀ ਲਤ
ਬੀਮਾਰ ਵਿਅਕਤੀਆਂ ਨੂੰ ਜ਼ਿੰਦਗੀ ਦੇਣ ਲਈ ਬਣੀਆਂ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਅੱਜ ਦਾ ਨੌਜਵਾਨ ਕੁਰਾਹੇ ਪੈ ਕੇ ਨਸ਼ੇ ਦੀ ਪੂਰਤੀ ਕਰਨ ਲਈ ਕਰ ਰਿਹਾ ਹੈ। ਸਰਕਾਰ ਜਾਂ ਡਰੱਗ ਵਿਭਾਗ ਜਿੰਨੇ ਮਰਜ਼ੀ ਦਾਅਵੇ ਨਸ਼ਿਆਂ ਨੂੰ ਰੋਕਣ ਦੇ ਕਰਦੇ ਰਹਿਣ ਪਰ ਇਹ ਨਾਮੁਰਾਦ ਨਸ਼ਿਆਂ ਦੀ ਦਲਦਲ ਖਤਮ ਹੋਣੀ ਤਕਰੀਬਨ ਅਸੰਭਵ ਹੋ ਚੁਕੀ ਹੈ। ਡਰੱਗ ਵਿਭਾਗ ਸ਼ਹਿਰਾਂ, ਕਸਬਿਆਂ ਆਦਿ ਦੀ ਚੈਕਿੰਗ ਤਾਂ ਕਰਦਾ ਹੈ ਪਰ ਦੂਰ-ਦੁਰਾਡੇ ਅਤੇ ਪੇਂਡੂ ਹਲਕਿਆਂ ’ਚ ਵਿਭਾਗ ਦੇ ਕਰਮਚਾਰੀ ਪਹੁੰਚ ਨਹੀਂ ਕਰਦੇ ਤੇ ਇਨਾਂ ਇਲਾਕਿਆਂ ’ਚ ਦਵਾਈਆਂ ਵੇਚਣ ਵਾਲੇ ਕੁੱਝ ਸਮਾਜ ਵਿਰੋਧੀ ਤੇ ਲਾਲਚੀ ਕਿਸਮ ਦੇ ਦੁਕਾਨਦਾਰ ਨੌਜਵਾਨਾਂ ਨੂੰ ਨੁਕਸਾਨਦਾਇਕ ਦਵਾਈਆਂ ਦੇ ਕੇ ਮੋਟੀ ਕਮਾਈ ਕਰ ਰਹੇ ਹਨ। ਨਸ਼ੇੜੀਆਂ ਨੇ ਦਵਾਈਆਂ ਦੇ ਕੋਡ ਵਰਡ ਰੱਖੇ ਹੋਏ ਹਨ, ਜਿਨ੍ਹਾਂ ਦੇ ਨਾਂ ਦੱਸ ਕੇ ਹੋਮ ਡਿਲਵਰੀ ਤੱਕ ਹੋ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਬਿਨਾਂ ਡਾਕਟਰ ਦੀ ਪਰਚੀ ਤੋਂ ਅਜਿਹੀਆਂ ਦਵਾਈਆਂ ਦੇਣ ਵਾਲੇ ਦਵਾਈ ਵਿਕਰੇਤਾਵਾਂ ’ਤੇ ਡਰੱਗ ਵਿਭਾਗ ਕਾਰਵਾਈ ਕਿਉ ਨਹੀਂ ਕਰਦਾ। ਦਿਨ ਪ੍ਰਤੀਦਿਨ ਮੈਡੀਕਲ ਨਸ਼ਿਆਂ ਦੀ ਵੱਧ ਰਹੀ ਲਤ ਨੇ ਪਿੰਡਾਂ ਦੇ ਲੋਕਾਂ ਨੂੰ ਡੂੰਘੀ ਚਿੰਤਾ ’ਚ ਪਾ ਦਿੱਤਾ ਹੈ।
ਨਸ਼ੇ ਦੀ ਰੋਕਥਾਮ ਲਈ ਛਾਪੇਮਾਰੀ ਅਭਿਆਨ ਜਾਰੀ : ਐੱਸ. ਐੱਸ. ਪੀ.
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਲਾ ਪੁਲਸ ਵੱਲੋਂ ਨਸ਼ੇ ਦੀ ਰੋਕਥਾਮ ਲਈ ਲਗਾਤਾਰ ਛਾਪੇਮਾਰੀ ਅਭਿਆਨ ਜਾਰੀ ਹੈ, ਜਿਸ ’ਚ ਸਾਨੂੰ ਬਹੁਤ ਵਧਿਆਂ ਨਤੀਜਾ ਮਿਲੇ ਹਨ ਅਤੇ ਪੁਲਸ ਵੱਲੋ ਇਸ ਮੁਹਿਮ ਨੂੰ ਕਦੀ ਵੀ ਨਹੀਂ ਰੋਕਿਆ ਜਾਵੇਗਾ। ਉਨ੍ਹਾਂ ਦੱਸਿਆਂ ਕਿ ਅਸੀ ਕਈ ਨਸ਼ਾ ਸਮੱਗਲਰਾਂ ਦੀ ਗ੍ਰਿਫਤਾਰੀ ਵੀ ਕੀਤੀ ਗਈ ਹੈ। ਨਸ਼ੇ ਵੇਚਣ ਵਾਲੇ ਕਿਸੇ ਵੀ ਤਸਕਰ ਦਾ ਲਿਹਾਜ ਨਹੀਂ ਕੀਤਾ ਜਾਂਦਾ। ਉਨ੍ਹਾਂ ਆਮ ਜਨਤਾ ਤੋਂ ਸਹਿਯੋਗ ਦੀ ਅਪੀਲ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਬਿਨਾਂ ਕਿਸੇ ਡਰ ਦੇ ਨਸ਼ਾ ਵੇਚਣ ਵਾਲੇ ਤਸਕਰਾਂ ਦੀ ਸੂਚਨਾ ਪੁਲਸ ਨੂੰ ਦੇਣੀ ਚਾਹੀਦੀ ਹੈ, ਸੂਚਨਾ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਵੇਗਾ। ਜੇਕਰ ਕੋਈ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੁਲਸ ਪ੍ਰਸ਼ਾਸਨ ਵੱਲੋਂ ਉਸਨੂੰ ਨਸ਼ਾ ਛੱਡਣ ’ਚ ਪੂਰੀ ਮਦਦ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਫਰੀਦਕੋਟ ਵਿਖੇ ਸ਼ੱਕੀ ਹਾਲਾਤ 'ਚ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ