ਤਨਖਾਹਾਂ ਲੈਣ ਲਈ ਵੀ ਕਰਨਾ ਪੈ ਰਿਹੈ ਸੰਘਰਸ਼
Wednesday, Jul 25, 2018 - 02:00 AM (IST)
ਹੁਸ਼ਿਆਰਪੁਰ, (ਘੁੰਮਣ)- ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ, ਚੰਡੀਗਡ਼੍ਹ ਦੇ ਸੱਦੇ ’ਤੇ ਅੱਜ ਦੂਜੇ ਦਿਨ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਮੁਲਾਜ਼ਮਾਂ ਵੱਲੋਂ ਜੂਨ ਮਹੀਨੇ ਦੀ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਨਿਗਰਾਨ ਇੰਜੀਨੀਅਰ, ਟਿਊਬਵੈੱਲ ਸਰਕਲ ਦੇ ਜ਼ਿਲਾ ਪ੍ਰੀਸ਼ਦ ਸਥਿਤ ਦਫਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਰੈਲੀ ਦੌਰਾਨ ਮੁਲਾਜ਼ਮਾਂ ਵੱਲੋਂ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦਾ ਪਿੱਟ-ਸਿਆਪਾ ਕੀਤਾ। ਰੈਲੀ ਨੂੰ ਸੰਬੋਧਨ ਕਰਦਿਅਾਂ ਐਕਸ਼ਨ ਕਮੇਟੀ ਦੇ ਕੋ-ਕਨਵੀਨਰ ਰਾਮ ਜੀ ਦਾਸ ਚੌਹਾਨ ਅਤੇ ਸੂਬਾ ਸਕੱਤਰ ਸਤੀਸ਼ ਰਾਣਾ ਨੇ ਆਖਿਆ ਕਿ ਅੱਜ 24 ਦਿਨ ਬੀਤ ਜਾਣ ਦੇ ਬਾਵਜੂਦ ਮੁਲਾਜ਼ਮਾਂ ਨੂੰ ਜੂਨ ਮਹੀਨੇ ਦੀ ਤਨਖਾਹ ਨਸੀਬ ਨਹੀ ਹੋਈ, ਜਿਸ ਕਰ ਕੇ ਮੁਲਾਜ਼ਮ ਆਰਥਕ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਰਹੇ ਹਨ। ਆਗੂਆਂ ਨੇ ਮੈਨੇਜਮੈਂਟ ’ਤੇ ਦੋਸ਼ ਲਾਇਆ ਕਿ ਉਹ ਮੁਲਾਜ਼ਮਾਂ ਦੀ ਤਨਖਾਹ ਪ੍ਰਤੀ ਬਿਲਕੁਲ ਵੀ ਚਿੰਤਤ ਨਹੀਂ ਹੈ। ਜਿਥੇ ਮੁਲਾਜ਼ਮ ਤਨਖਾਹ ਨਾ ਮਿਲਣ ਕਰ ਕੇ ਪ੍ਰੇਸ਼ਾਨ ਹਨ, ਉਥੇ ਮੁਲਾਜ਼ਮਾਂ ਦੇ ਬਕਾਏ ਵੀ ਕਾਫੀ ਦੇਰ ਤੋਂ ਲਟਕ ਰਹੇ ਹਨ, ਜਿਸ ਕਰ ਕੇ ਮੁਲਾਜ਼ਮਾਂ ਅੰਦਰ ਮੈਨੇਜਮੈਂਟ ਪ੍ਰਤੀ ਕਾਫੀ ਗੁੱਸਾ ਹੈ। ਉਕਤ ਆਗੂਆਂ ਨੇ ਆਖਿਆ ਕਿ ਇਕ ਪਾਸੇ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਤਿੰਨ ਕਿਸ਼ਤਾਂ ਮਹਿੰਗਾਈ ਦੀਆਂ ਰੋਕ ਕੇ ਬੈਠੀ ਹੈ, ਤਨਖਾਹ ਕਮਿਸ਼ਨ ਨੂੰ ਲਗਾਤਾਰ ਲਟਕਾਇਆ ਜਾ ਰਿਹਾ ਹੈ, ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਤੇ ਸਮਾਜਕ ਸੁਰੱਖਿਆ ਦੇ ਤੌਰ ’ਤੇ ਮਿਲ ਰਹੀ ਪੈਨਸ਼ਨ ਮੁਡ਼ ਬਹਾਲ ਨਹੀਂ ਕੀਤੀ ਜਾ ਰਹੀ, ਦੂਜੇ ਪਾਸੇ ਮੁਲਾਜ਼ਮਾਂ ਦੇ ਸਾਂਝੇ ਸੰਘਰਸ਼ ਨਾਲ ਜੇਕਰ ਕੋਈ ਪ੍ਰਾਪਤੀ ਹੁੰਦੀ ਹੈ ਤਾਂ ਅਦਾਰੇ ਦੀ ਮੈਨੇਜਮੈਂਟ ਉਸ ਨੂੰ ਲਾਗੂ ਕਰਨ ਵਿਚ ਲੰਮਾ ਸਮਾਂ ਲਾਉਂਦੀ ਹੈ। ਆਗੂਅਾਂ ਨੇ ਐਲਾਨ ਕੀਤਾ ਕਿ ਤਨਖਾਹ ਸਮੇਤ ਬਾਕੀ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਮੱਖਣ ਸਿੰਘ ਲੰਗੇਰੀ, ਪਰਮਜੀਤ ਸਿੰਘ, ਕੁਲਵੰਤ ਸਿੰਘ ਪੰਨੂ, ਪ੍ਰੇਮ ਚੰਦ, ਹਰੀ ਕ੍ਰਿਸ਼ਨ, ਕੁਲ ਬਹਾਦਰ, ਧਰਮਰਾਜ, ਬਲਦੇਵ ਸਿੰਘ, ਬ੍ਰਿਜ ਬਿਹਾਰੀ ਲਾਲ, ਰਾਜ ਕੁਮਾਰ, ਰਾਮ ਪਾਲ, ਜੀਤ ਸਿੰਘ ਬਗਵਾਈ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਮਾਹਿਲਪੁਰ, (ਜ. ਬ.)-ਪੰਜਾਬ ਜਲ ਸਰੋਤ ਸਾਂਝੀ ਐਕਸ਼ਨ ਕਮੇਟੀ ਚੰਡੀਗਡ਼੍ਹ ਦੇ ਸੱਦੇ ’ਤੇ ਜੂਨ ਮਹੀਨੇ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਮਕੈਨੀਕਲ ਅਤੇ ਟਿਊਬਵੈੱਲ ਸਬ-ਡਵੀਜ਼ਨ ਦੇ ਦਫਤਰ ਅੱਗੇ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਮੁਲਾਜ਼ਮਾਂ ਵੱਲੋਂ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੀ ਭ੍ਰਿਸ਼ਟ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦਾ ਪਿੱਟ-ਸਿਆਪਾ ਕੀਤਾ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਨੇ ਕਿਹਾ ਕਿ ਮੁਲਾਜ਼ਮ ਜੂਨ ਮਹੀਨੇ ਦੀ ਤਨਖ਼ਾਹ ਨਾ ਮਿਲਣ ਕਾਰਨ ਬੱਚਿਆਂ ਦੀਆਂ ਫ਼ੀਸਾਂ, ਮਕਾਨਾਂ ਦੇ ਕਿਰਾਏ ਅਤੇ ਘਰਾਂ ਦੇ ਖਰਚੇ ਚਲਾਉਣ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਅਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ 30 ਜੁਲਾਈ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਵਿਚ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਮੁਲਾਜ਼ਮ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੇ ਅਤੇ ਤਨਖ਼ਾਹ ਨਾ ਮਿਲਣ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ, ਕੁਲਦੀਪ ਸਿੰਘ ਭਾਮ, ਹਰਵਿੰਦਰ ਕੁਮਾਰ, ਜਰਨੈਲ ਸਿੰਘ, ਅਜਮੇਰ ਸਿੰਘ, ਮਨਜਿੰਦਰ ਸਿੰਘ, ਗੁਰਪਾਲ ਸਿੰਘ, ਕੁਲਦੀਪ ਸਿੰਘ, ਰਜਿੰਦਰ ਕੁਮਾਰ, ਰਾਮ ਪਾਲ, ਭਾਗ ਸਿੰਘ, ਚਮਨ ਲਾਲ, ਕੁਲਵੰਤ ਕੌਰ, ਜੈ ਨਾਥੀ, ਬਿਮਲਾ ਦੇਵੀ ਆਦਿ ਹਾਜ਼ਰ ਸਨ।
