‘ਕੋਰੋਨਾ : ਤੀਜੀ ਲਹਿਰ ਤੋਂ ਬਚਾਅ ਲਈ ਚਰਚਾ ਬਹੁਤ ਪਰ ਤਿਆਰੀਆਂ ਸਿਰਫ ਕਾਗਜ਼’
Friday, May 28, 2021 - 07:32 PM (IST)
ਲੁਧਿਆਣਾ (ਸਹਿਗਲ) : ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਸਬੰਧੀ ਮਾਹਿਰ ਇਨ੍ਹਾਂ ਦਿਨਾਂ ਵਿਚ ਕਾਫੀ ਚਰਚਾ ਕਰ ਰਹੇ ਹਨ ਪਰ ਜਿੱਥੋਂ ਤੱਕ ਤਿਆਰੀਆਂ ਦੀ ਗੱਲ ਹੈ, ਉਹ ਸਭ ਕਾਗਜ਼ਾਂ ’ਚ ਹਨ। ਸਿਹਤ ਮਹਿਕਮੇ ਦੇ ਕੋਲ ਨਾ ਤਾਂ ਮੈਨਪਾਵਰ ਹੈ, ਨਾਂ ਢਾਚਾ। ਅਜਿਹੇ ’ਚ ਨਿੱਜੀ ਹਸਪਤਾਲਾਂ ਨੂੰ ਇਕ ਵਾਰ ਤਿਆਰ ਰਹਿਣ ਲਈ ਕਿਹਾ ਜਾ ਰਿਹਾ ਹੈ। ਤੀਜੀ ਲਹਿਰ ’ਚ ਬੱਚਿਆਂ ਦੇ ਜ਼ਿਆਦਾ ਪ੍ਰਭਾਵਿਤ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਵਿਚ 2 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ’ਚ ਕੋਰੋਨਾ ਦੇ ਕੇਸ ਦੇਖੇ ਗਏ ਹਨ। ਹਾਲਾਂਕਿ ਮਾਹਿਰ ਉਸ ਨੂੰ ਤੀਜੀ ਲਹਿਰ ਦਾ ਆਗਮਨ ਨਹੀਂ ਮੰਨ ਰਹੇ। ਫਿਰ ਵੀ ਇਸ ਕੇਸ ’ਚ ਵੱਡੇ ਪੱਧਰ ’ਤੇ ਤਿਆਰੀਆਂ ਦੀ ਲੋੜ ਹੈ। ਜ਼ਿਲ੍ਹੇ ਵਿਚ ਪਿਛਲੇ 24 ਘੰਟਿਆਂ ਦੌਰਾਨ 23 ਮਰੀਜ਼ਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ, ਜਦੋਂਕਿ 465 ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਸਿਵਲ ਸਰਜਨ ਮੁਤਾਬਕ ਮ੍ਰਿਤਕ ਮਰੀਜ਼ਾਂ ’ਚ 17 ਜ਼ਿਲ੍ਹੇ ਦੇ, ਜਦੋਂਕਿ 6 ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਤ ਸਨ। ਪਾਜ਼ੇਟਿਵ ਮਰੀਜ਼ਾਂ ਵਿਚ 411 ਮਰੀਜ਼ ਜ਼ਿਲ੍ਹੇ ਦੇ, ਜਦੋਂਕਿ 54 ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਦੇ ਹਨ। ਮਹਾਨਗਰ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 82835 ਹੋ ਗਈ ਹੈ। ਇਨ੍ਹਾਂ ’ਚੋਂ 1945 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲੇ ’ਚ 10770 ਲਗਭਗ ਮਰੀਜ਼ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ’ਚੋਂ 963 ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਵਿਚ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਵਿਚੋਂ 74701 ਮਰੀਜ਼ ਠੀਕ ਹੋ ਚੁੱਕੇ ਹਨ। ਐਕਟਿਵ ਮਰੀਜ਼ਾਂ ਦੀ ਗਿਣਤੀ ਪਹਿਲਾਂ ਤੋਂ ਘੱਟ ਹੋ ਕੇ 6189 ਰਹਿ ਗਈ ਹੈ।
ਇਹ ਵੀ ਪੜ੍ਹੋ : ਹਸਪਤਾਲਾਂ ’ਚ ਕੋਵਿਡ ਮਰੀਜ਼ਾਂ ਤੋਂ ਜ਼ਿਆਦਾ ਵਸੂਲੀ ਕਰਨ ਦੇ ਮਾਮਲੇ ’ਚ ਮੁੱਖ ਮੰਤਰੀ ਨੇ ਸੂਬਾ ਪੱਧਰੀ ਕਮੇਟੀ ਗਠਿਤ
834 ਮਰੀਜ਼ ਹੋਏ ਡਿਸਚਾਰਜ, 52 ਦੀ ਹਾਲਤ ਗੰਭੀਰ
ਜ਼ਿਲ੍ਹੇ ਦੇ ਹਸਪਤਾਲਾਂ ’ਚ ਠੀਕ ਹੋਣ ਉਪਰੰਤ 834 ਮਰੀਜ਼ਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ। ਹਸਪਤਾਲਾਂ ਵਿਚ 1205 ਪਾਜ਼ੇਟਿਵ ਮਰੀਜ਼ ਜ਼ੇਰੇ ਇਲਾਜ ਹਨ। ਇਨ੍ਹਾਂ ’ਚੋਂ 150 ਸਰਕਾਰੀ ਹਸਪਤਾਲਾਂ ਵਿਚ, ਜਦੋਂਕਿ 1055 ਮਰੀਜ਼ ਨਿੱਜੀ ਹਸਪਤਾਲਾਂ ਵਿਚ ਦਾਖਲ ਹਨ। ਇਨ੍ਹਾਂ ਮਰੀਜ਼ਾਂ ਵਿਚ 52 ਮਰੀਜ਼ਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾਂਦੀ ਹੈ। ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ। ਇਨ੍ਹਾਂ ’ਚੋਂ 30 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ, ਜਦੋਂਕਿ 22 ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ : ਸਿਹਤ ਮੰਤਰੀ ਵੱਲੋਂ ਕੋਵਿਡ ਫਾਸਟ ਟੈਸਟਿੰਗ ਮਸ਼ੀਨ ਲੋਕਾਂ ਨੂੰ ਸਮਰਪਿਤ
ਸਿਹਤ ਮਹਿਕਮੇ ਕੋਲ ਵੈਕਸੀਨ ਦੀ ਸ਼ਾਰਟੇਜ
ਸਿਹਤ ਮਹਿਕਮੇ ਕੋਲ ਇੰਜੈਕਸ਼ਨਾਂ ਦੀ ਸ਼ਾਰਟੇਜ ਚੱਲ ਰਹੀ ਹੈ। ਜ਼ਿਲ੍ਹੇ ਵਿਚ 1780 ਵਿਅਕਤੀਆਂ ਨੇ ਟੀਕਾਕਰਨ ਕਰਵਾਇਆ, ਜਦੋਂਕਿ ਬਹੁਤ ਸਾਰੇ ਲੋਕ ਨਿਰਾਸ਼ ਹੋ ਕੇ ਮੁੜ ਗਏ। ਸਿਹਤ ਅਧਿਕਾਰੀਆਂ ਮੁਤਾਬਕ ਅਜੇ ਉਨ੍ਹਾਂ ਕੋਲ ਵੈਕਸੀਨ ਆਉਣ ਵਿਚ ਕੁਝ ਦਿਨ ਦਾ ਸਮਾਂ ਲੱਗ ਸਕਦਾ ਹੈ।
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ