ਖ਼ਤਰੇ ਦੀ ਘੰਟੀ : ਪੀ. ਜੀ. ਆਈ. ’ਚ ਹੋ ਸਕਦੀ ਹੈ ਆਕਸੀਜਨ ਦੀ ਕਮੀ
Sunday, May 09, 2021 - 04:09 PM (IST)
ਚੰਡੀਗੜ੍ਹ (ਪਾਲ) : ਚੰਡੀਗੜ੍ਹ ਪ੍ਰਸ਼ਾਸਨ ਦੀ ਪੀ. ਜੀ. ਆਈ. ਨਾਲ ਠਣ ਗਈ ਹੈ। ਹਾਲਤ ਇਹ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਪੀ. ਜੀ. ਆਈ. ਦੀ ਆਕਸੀਜਨ ਸਪਲਾਈ ਰੋਕ ਦਿੱਤੀ ਹੈ। ਮਾਮਲਾ ਡੇਰਾਬੱਸੀ ਤੋਂ ਪੀ. ਜੀ. ਆਈ. ਨੂੰ ਮਿਲਣ ਵਾਲੀ ਆਕਸੀਜਨ ਸਪਲਾਈ ਨਾਲ ਸਬੰਧਤ ਹੈ। ਵਧਦੇ ਕੇਸਾਂ ਕਾਰਨ ਪੀ. ਜੀ. ਆਈ. ਨੇ ਹਾਲ ਹੀ ਵਿਚ ਆਪਣੀ ਬੈੱਡ ਸਮਰੱਥਾ ਵਧਾਈ ਹੈ। ਇਸ ਕਾਰਨ ਪੀ. ਜੀ. ਆਈ. ਦੀ ਆਕਸੀਜਨ ਸਪਲਾਈ ਰੋਜ਼ਾਨਾ 20 ਐੱਮ. ਟੀ. ਤੋਂ ਵਧ ਗਈ ਹੈ। ਇਸ ਕਾਰਨ ਪੀ. ਜੀ. ਆਈ. ਡੇਰਾਬੱਸੀ ਦੇ ਐਨੇਸਥੈਟਿਕ ਗੈਸਿਸ ਪ੍ਰਾਈਵੇਟ ਲਿਮਿਟਡ ਤੋਂ ਸਪਲਾਈ ਲੈ ਰਿਹਾ ਸੀ ਪਰ ਸ਼ਨੀਵਾਰ ਸ਼ਾਮ ਅਚਾਨਕ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਕਹਿੰਦਿਆਂ ਸਪਲਾਈ ਰੋਕ ਦਿੱਤੀ ਕਿ ਪੀ. ਜੀ. ਆਈ. ਗ਼ੈਰਕਾਨੂੰਨੀ ਤਰੀਕੇ ਨਾਲ ਸਪਲਾਈ ਲੈ ਰਿਹਾ ਹੈ, ਜਿਸ ਨੂੰ ਤੁਰੰਤ ਰੋਕ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਪੀ. ਜੀ. ਆਈ. ਨੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਆਕਸੀਜਨ ਸਪਲਾਈ ਰੋਕਣ ਨਾਲ ਮਰੀਜ਼ਾਂ ਵਿਚ ਤਨਾਅ ਦੀ ਸਥਿਤੀ ਪੈਦਾ ਹੋਵੇਗੀ। ਉੱਧਰ ਚੰਡੀਗੜ੍ਹ ਪ੍ਰਸ਼ਾਸਨ ਨੇ ਜਲਦਬਾਜ਼ੀ ਵਿਚ ਆਪਣਾ ਬਚਾਅ ਕਰਦਿਆਂ ਕਿਹਾ ਕਿ ਮੰਤਰਾਲੇ ਵੱਲੋਂ ਚੰਡੀਗੜ੍ਹ ਨੂੰ 40 ਐੱਮ. ਟੀ. ਆਕਸੀਜਨ ਅਲਾਟ ਕੀਤੀ ਗਈ ਹੈ, ਜਿਸ ਵਿਚੋਂ 20 ਐੱਮ. ਟੀ. ਆਕਸੀਜਨ ਪਹਿਲਾਂ ਹੀ ਪੀ. ਜੀ. ਆਈ. ਨੂੰ ਜਾ ਰਹੀ ਹੈ। ਬਾਕੀ ਦੀ ਆਕਸੀਜਨ ਸ਼ਹਿਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਜਾਣੀ ਜ਼ਰੂਰੀ ਹੈ। ਪੀ. ਜੀ. ਆਈ. ਨੇ ਕੇਂਦਰ ਸਰਕਾਰ ਕੋਲ 40 ਐੱਮ. ਟੀ. ਆਕਸੀਜਨ ਦੀ ਮੰਗ ਰੱਖੀ ਸੀ। ਇਸ ’ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਕਿ ਪੀ. ਜੀ. ਆਈ. ਦੀ ਇਸ ਮੰਗ ਨੂੰ ਪੂਰਾ ਕਰਨ ਵਿਚ ਪ੍ਰਸ਼ਾਸਨ ਵੱਲੋਂ ਸਹਿਯੋਗ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ’ਤੇ ਕੈਪਟਨ ਦਾ ਵੱਡਾ ਬਿਆਨ, ਕਿਹਾ ਬੰਦਿਸ਼ਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ
ਆਕਸੀਜਨ ਸਿਲੰਡਰ ਦੀ ਸਪਲਾਈ ਸਬੰਧੀ ਇਨਕਾਰ ਕਰਨ ਨਾਲ ਪੀ. ਜੀ. ਆਈ. ਵਿਚ ਕੋਵਿਡ ਮਰੀਜ਼ਾਂ ਦੀ ਪ੍ਰੇਸ਼ਾਨੀ ਵਧ ਸਕਦੀ ਹੈ। ਐਨੇਸਥੈਟਿਕ ਗੈਸਸ ਪ੍ਰਾਈਵੇਟ ਲਿਮਿਟਡ ਡੇਰਾਬੱਸੀ ਨੇ ਪੀ. ਜੀ. ਆਈ. ਨੂੰ ਆਕਸੀਜਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੀ. ਜੀ. ਆਈ. ਪ੍ਰਸ਼ਾਸਨ ਨੂੰ ਦੱਸਿਆ ਗਿਆ ਕਿ ਬੀ-ਟਾਈਪ ਮੈਡੀਕਲ ਆਕਸੀਜਨ ਗੈਸ ਸਿਲੰਡਰਾਂ ਦੀ ਸਪਲਾਈ ’ਤੇ ਰੋਕ ਲਾ ਦਿੱਤੀ ਗਈ ਹੈ। ਪੀ. ਜੀ. ਆਈ. ਪ੍ਰਸ਼ਾਸਨ ਨੇ ਸ਼ਨੀਵਾਰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣਾਈ ਗਈ ਟੀਮ, ਜਿਸ ਵਿਚ ਨੋਡਲ ਅਫ਼ਸਰ ਸਮੇਤ ਤਿੰਨ ਵੱਡੇ ਅਫ਼ਸਰ ਸ਼ਾਮਲ ਹਨ, ਨੇ ਪੀ. ਜੀ. ਆਈ. ਨੂੰ ਆਕਸੀਜਨ ਸਿਲੰਡਰ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਦੋਂ ਤਕ ਸਪਲਾਈ ਲਈ ਅਗਲੇ ਹੁਕਮ ਨਹੀਂ ਆਉਂਦੇ। ਪੀ. ਜੀ. ਆਈ. ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਹਸਪਤਾਲ ਵਿਚ ਵਧ ਰਹੀ ਹੈ, ਉਸ ਨੂੰ ਵੇਖਦਿਆਂ ਆਕਸੀਜਨ ਦੀ ਮੰਗ ਵੀ ਵਧ ਰਹੀ ਹੈ। ਪੀ. ਜੀ. ਆਈ. ਵਿਚ ਉਹੀ ਮਰੀਜ਼ ਦਾਖਲ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਹੈ। ਇਸ ਕਾਰਨ ਸਪਲਾਈ ’ਤੇ ਰੋਕ ਮਰੀਜ਼ਾਂ ਲਈ ਵੱਡੀ ਮੁਸੀਬਤ ਬਣ ਸਕਦੀ ਹੈ। ਮਾਮਲਾ ਛੇਤੀ ਸੁਲਝਾਉਣ ਲਈ ਇਹ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ। ਪੀ. ਜੀ. ਆਈ. ਦੇ ਕੋਲ ਫਿਲਹਾਲ ਦੋ ਦਿਨਾਂ ਦਾ ਬੈਕਅੱਪ ਹੈ। ਨਾਲ ਹੀ 350 ਆਕਸੀਜਨ ਸਿਲੰਡਰਾਂ ਦਾ ਸਟਾਕ ਹੈ। ਇਸ ਤੋਂ ਇਲਾਵਾ ਇਕ ਹੋਰ ਆਕਸੀਜਨ ਸਟੋਰੇਜ ਟੈਂਕ ਨੂੰ ਇੰਸਟਾਲ ਕੀਤੇ ਜਾਣ ਦਾ ਪ੍ਰੋਸੈੱਸ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਮੋਟਰਸਾਈਕਲ ਨੂੰ ਬਚਾਉਂਦੇ ਕਾਰ ਬੇਕਾਬੂ ਹੋ ਕੇ ਨਹਿਰ ’ਚ ਡਿੱਗੀ
ਆਕਸੀਜਨ ਨਹੀਂ ਮਿਲੇਗੀ ਤਾਂ ਦਾਖਲ ਨਹੀਂ ਕਰ ਸਕਾਂਗੇ ਮਰੀਜ਼
ਪੀ. ਜੀ. ਆਈ. ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਹਿਰੂ ਐਕਸਟੈਂਸ਼ਨ ਨੂੰ ਕੋਵਿਡ ਹਸਪਤਾਲ ਦੱਸਿਆ ਗਿਆ ਹੈ। ਪੀ. ਜੀ. ਆਈ. ਨੂੰ ਆਕਸੀਜਨ ਦਾ 20 ਐੱਮ. ਟੀ. ਕੋਟਾ ਇਕ ਦਿਨ ਵਿਚ ਅਲਾਟ ਕੀਤਾ ਗਿਆ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ। ਇਸ ਕਾਰਨ ਹਸਪਤਾਲ 20 ਐੱਮ. ਟੀ. ਕੋਟੇ ਤਕ ਪਹੁੰਚ ਗਿਆ ਹੈ। ਕੋਵਿਡ ਮਰੀਜ਼ਾਂ ਦੀ ਗਿਣਤੀ ਵੇਖਦਿਆਂ ਸਾਨੂੰ ਹੋਰ ਆਕਸੀਜਨ ਦੀ ਜ਼ਰੂਰਤ ਹੈ। ਅਸੀਂ ਬੈੱਡ ਵਧਾ ਦਿੱਤੇ ਹਨ। ਜੇਕਰ ਪੀ. ਜੀ. ਆਈ. ਦਾ ਆਕਸੀਜਨ ਕੋਟਾ ਨਾ ਵਧਾਇਆ ਗਿਆ ਤਾਂ ਇੱਥੇ ਹੋਰ ਮਰੀਜ਼ਾਂ ਨੂੰ ਦਾਖਲ ਨਹੀਂ ਕੀਤਾ ਜਾ ਸਕੇਗਾ ਅਤੇ ਨਾ ਹੀ ਬੈੱਡਾਂ ਦੀ ਗਿਣਤੀ ਵਧਾਈ ਜਾ ਸਕੇਗੀ।
ਨਹੀਂ ਦੇ ਸਕਦੇ ਹੋਰ ਆਕਸੀਜਨ
ਅਸੀਂ ਪਹਿਲਾਂ ਹੀ 40 ਮੀਟ੍ਰਿਕ ਟਨ ਦੇ ਕੋਟੇ ਵਿਚੋਂ 20 ਐੱਮ. ਟੀ. ਆਕਸੀਜਨ ਪੀ. ਜੀ. ਆਈ. ਨੂੰ ਦੇ ਰਹੇ ਹਾਂ। ਪ੍ਰਾਈਵੇਟ ਅਤੇ ਸਰਕਾਰੀ ਹਾਸਪਤਾਲ ਵੀ ਸਾਡੇ ਅੰਡਰ ਹਨ, ਜਿਨ੍ਹਾਂ ਦੀ ਅਸੀਂ ਅਣਦੇਖੀ ਨਹੀਂ ਕਰ ਸਕਦੇ। ਇਸ ਲਈ ਅਸੀਂ ਹੋਰ ਜ਼ਿਆਦਾ ਆਕਸੀਜਨ ਜਾਂ ਸਿਲੰਡਰ ਨਹੀਂ ਦੇ ਸਕਦੇ। ਪੀ. ਜੀ. ਆਈ. ਨੇ ਕੇਂਦਰ ਸਰਕਾਰ ਨੂੂੰ ਆਪਣਾ ਕੋਟਾ ਵਧਾਉਣ ਦੀ ਬੇਨਤੀ ਕੀਤੀ ਹੈ। 20 ਐੱਮ. ਟੀ. ਤੋਂ 40 ਐੱਮ. ਟੀ. ਤਕ ਕੀਤੇ ਜਾਣ ਦੀ ਮੰਗ ਕੀਤੀ ਹੈ। ਯੂ. ਟੀ. ਪ੍ਰਸ਼ਾਸਨ ਇਸ ਦਾ ਸਮਰਥਨ ਕਰਦਾ ਹੈ। -ਮਨੋਜ ਪਰਿਦਾ, ਐਡਵਾਈਜ਼ਰ
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ, ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਦਾ ਮੰਜ਼ਰ ਦੇਖ ਲੋਕਾਂ ਦੇ ਕੰਬੇ ਦਿਲ
ਇਜਾਜ਼ਤ ਤੋਂ ਬਿਨਾਂ ਭਰੇ ਜਾ ਰਹੇ ਸਨ ਸਿਲੰਡਰ
ਚੰਡੀਗੜ੍ਹ ਵਿਚ ਆਕਸੀਜਨ ਸਪਲਾਈ ਦੇ ਨੋਡਲ ਅਫ਼ਸਰ ਯਸ਼ਪਾਲ ਗਰਗ ਨੇ ਦੱਸਿਆ ਕਿ ਯੂ. ਟੀ. ਨੂੰ ਕੁੱਲ 40 ਐੱਮ. ਟੀ. ਆਕਸੀਜਨ ਦਾ ਕੋਟਾ ਦਿੱਤਾ ਗਿਆ ਹੈ, ਜਿਸ ਵਿਚ ਪੀ. ਜੀ. ਆਈ. ਲਈ ਖਾਸ ਤੌਰ ’ਤੇ 20 ਐੱਮ. ਟੀ. ਆਕਸੀਜਨ ਸ਼ਾਮਲ ਹੈ। ਬਾਕੀ 20 ਐੱਮ. ਟੀ. ਆਕਸੀਜਨ ਯੂ. ਟੀ. ਪ੍ਰਸ਼ਾਸਨ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਲਈ ਹੈ। 20 ਐੱਮ. ਟੀ. ਕੋਟੇ ਵਿਚੋਂ ਲਗਭਗ 17 ਮੀਟ੍ਰਿਕ ਟਨ ਆਕਸੀਜਨ ਦੀ ਵਰਤੋ ਸਿੱਧੀ ਜੀ. ਐੱਮ. ਸੀ. ਐੱਚ.-32, ਜੀ. ਐੱਮ. ਐੱਸ. ਐੱਚ.-16 ਅਤੇ ਸੈਕਟਰ-48 ਹਸਪਤਾਲ ਵਿਚ ਕੀਤੀ ਜਾਂਦੀ ਹੈ।
ਸ਼ਨੀਵਾਰ ਸੀਨੀਅਰ ਅਫ਼ਸਰਾਂ ਦੀ ਟੀਮ ਨੇ ਡੇਰਾਬੱਸੀ ਵਿਚ ਆਕਸੀਜਨ ਰੀ-ਫਿਲਿੰਗ ਪਲਾਂਟ ਦਾ ਦੌਰਾ ਕੀਤਾ। ਇੱਥੇ ਵੇਖਿਆ ਗਿਆ ਕਿ ਪੀ. ਜੀ. ਆਈ. ਦੇ ਕੁਝ ਸਿਲੰਡਰ ਯੂ. ਟੀ. ਪ੍ਰਸ਼ਾਸਨ ਦੀ ਇਜਾਜ਼ਤ ਦੇ ਬਿਨਾਂ ਭਰੇ ਗਏ ਸਨ। ਇਹ ਚੰਡੀਗੜ੍ਹ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਸੀ। ਪ੍ਰਾਈਵੇਟ ਵੈਂਡਰ ਨੂੰ 20 ਐੱਮ. ਟੀ. ਆਕਸੀਜਨ ਕੋਟੇ ਦੀ ਵਰਤੋਂ ਸਿਰਫ਼ ਵਿਸ਼ੇਸ਼ ਹਸਪਤਾਲਾਂ ਲਈ ਅਤੇ ਪੀ. ਜੀ. ਆਈ. ਦੇ ਸਿਲੰਡਰਾਂ ਨੂੰ ਭਰਨ ਲਈ ਨਿਰਦੇਸ਼ ਦਿੱਤੇ ਗਏ ਸਨ । ਆਕਸੀਜਨ ਦੀ ਸਪਲਾਈ ਪੀ. ਜੀ. ਆਈ. ਵੱਲੋਂ 20 ਐੱਮ. ਟੀ. ਦੇ ਆਪਣੇ ਹੋਰ ਕੋਟੇ ’ਚੋਂ ਕੀਤੀ ਜਾ ਸਕਦੀ ਹੈ। ਚੰਡੀਗੜ੍ਹ ਵਿਚ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਵਿਚ ਆਕਸੀਜਨ ਸਿਲੰਡਰ ਦੀ ਸਪਲਾਈ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਇਹ ਹੁਕਮ ਦਿੱਤੇ ਗਏ ਸਨ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਵੱਲੋਂ ਗੁਰਦੁਆਰਾ ਸਾਹਿਬਾਨ ’ਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਨੂੰ ਕੀਤੀ ਅਪੀਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?