ਵਾਹਨ ਅਤੇ ਘਰ ''ਚ ਚੋਰੀ ਹੋਣ ''ਤੇ ਹੁਣ ਨਹੀਂ ਜਾਣਾ ਪਵੇਗਾ ''ਪੁਲਸ ਥਾਣੇ''
Wednesday, Nov 06, 2019 - 02:03 PM (IST)
ਲੁਧਿਆਣਾ (ਰਿਸ਼ੀ) : ਵਾਹਨ ਚੋਰੀ, ਸਨੈਚਿੰਗ ਤੇ ਘਰ 'ਚ ਚੋਰੀ ਹੋਣ 'ਤੇ ਹੁਣ ਲੋਕਾਂ ਨੂੰ ਨਾ ਤਾਂ ਪੁਲਸ ਥਾਣੇ ਜਾਣ ਦੀ ਲੋੜ ਹੈ ਅਤੇ ਨਾ ਹੀ ਕਾਰਵਾਈ ਲਈ ਪੁਲਸ ਦੀਆਂ ਮਿੰਨਤਾਂ ਕਰਨ ਦੀ, ਕਿਉਂਕਿ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵਲੋਂ ਲੁਧਿਆਣਵੀਆਂ ਲਈ ਇਕ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਹੁਣ ਬਿਨਾ ਕਿਸੇ ਪਰੇਸ਼ਾਨੀ ਦਾ ਸਾਹਮਣਾ ਕੀਤੇ ਪੁਲਸ ਤੁਹਾਡੀ ਸੇਵਾ 'ਚ ਮੌਜੂਦ ਰਹੇਗੀ।
ਜਾਣਕਾਰੀ ਮੁਤਾਬਕ ਕਮਿਸ਼ਨਰੇਟ ਪੁਲਸ ਵਲੋਂ ਸ਼ਹਿਰ 'ਚ ਹੋ ਰਹੇ ਇਨ੍ਹਾਂ 4 ਤਰ੍ਹਾਂ ਦੇ ਅਪਰਾਧਾਂ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਉਕਤ ਕਦਮ ਚੁੱਕਿਆ ਗਿਆ ਹੈ। ਹੁਣ ਵਾਰਦਾਤ ਹੋਣ ਤੋਂ ਬਾਅਦ ਪੀੜਤ ਨੂੰ ਪਹਿਲਾਂ ਪੁਲਸ ਸਟੇਸ਼ਨ ਨਹੀਂ ਜਾਣਾ ਪਵੇਗਾ। ਉਹ ਸਿਰਫ ਲੁਧਿਆਣਾ ਪੁਲਸ ਦੀ ਵੈੱਬਸਾਈਟ 'ਤੇ ਆਪਣੀ ਸਾਰੀ ਡਿਟੇਲ ਮੇਲ ਕਰੇਗਾ, ਜਿਸ ਤੋਂ 24 ਘੰਟੇ ਗੁਜ਼ਰਨ ਤੋਂ ਬਾਅਦ ਪਹਿਲਾਂ ਸਬੰਧਿਤ ਪੁਲਸ ਥਾਣੇ ਵਲੋਂ ਐੱਫ. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਸ਼ਿਕਾਇਤ ਕਰਤਾ ਨੂੰ ਮੋਬਾਇਲ ਅਤੇ ਮੇਲ 'ਤੇ ਐੱਫ. ਆਈ. ਆਰ. ਦੀ ਕਾਪੀ ਪੁੱਜ ਜਾਵੇਗੀ। ਕੇਸ ਦਰਜ ਕਰਨ ਤੋਂ ਪਹਿਲਾਂ ਪੀੜਤ ਤੋਂ ਪੁਲਸ ਕੋਈ ਸਵਾਲ-ਜਵਾਬ ਵੀ ਕਰੇਗੀ। ਨਾਲ ਹੀ ਸ਼ਿਕਾਇਤ ਦੇ ਤੱਥਾਂ ਦੀ ਜਾਂਚ ਵੀ ਬਾਅਦ 'ਚ ਹੋਵੇਗੀ।