ਗੁਰਦੁਆਰਾ ਸਾਹਿਬ ’ਚ ਚੋਰੀ ਕਰਨ ਵਾਲੇ ਕਾਬੂ

Friday, Jul 20, 2018 - 07:32 AM (IST)

ਲਾਂਬੜਾ, (ਵਰਿੰਦਰ)— ਸਥਾਨਕ ਪੁਲਸ ਵੱਲੋਂ ਪਿੰਡ ਅਠੌਲਾ ਦੇ ਇਕ ਗੁਰਦੁਆਰਾ ਸਾਹਿਬ ’ਚ  ਚੋਰੀ ਕਰਨ ਦੇ ਮਾਮਲੇ ’ਚ ਲੋਕਾਂ ਦੇ ਸਹਿਯੋਗ ਨਾਲ 2 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਨਕਦੀ ਤੇ ਸਾਮਾਨ ਬਰਾਮਦ ਕਰ ਲਿਆ ਗਿਆ ਹੈ। ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਗੁਰਦੁਆਰਾ ਬਾਬਾ ਠੁਕਰਾਣਾ ਸਾਹਿਬ ਅੰਦਰ ਅੱਜ 2 ਨੌਜਵਾਨ ਉਥੇ ਪਈ ਗੋਲਕ ਦਾ ਤਾਲਾ ਤੋੜ ਕੇ ਪੈਸੇ ਕੱਢ ਰਹੇ ਸਨ। ਇੰਨੇ ਨੂੰ ਰਣਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਅਠੌਲਾ ਅੰਦਰ ਮੱਥਾ ਟੇਕਣ ਆ ਗਿਆ।
ਜਿਸ ਨੂੰ ਦੇਖ ਕੇ ਦੋਵੇਂ ਨੌਜਵਾਨ ਕੰਧ ਟੱਪ ਕੇ ਬਾਹਰ ਦੌੜ ਗਏ। ਉਨ੍ਹਾਂ ਨੂੰ ਬਾਅਦ ’ਚ ਲੋਕਾਂ ਦੇ ਸਹਿਯੋਗ ਨਾਲ ਕਾਬੂ ਕਰ ਲਿਆ ਗਿਆ। ਥਾਣਾ ਮੁਖੀ ਨੇ ਦੱਸਿਆ ਮੁਲਜ਼ਮਾਂ ਕੋਲੋਂ ਚੋਰੀ ਕੀਤੇ 1005 ਰੁਪਏ ਦੇ ਸਿੱਕੇ, ਇਕ ਤਾਲਾ, ਛੈਣੀ ਤੇ ਇਕ ਕਿੱਲ ਬਰਾਮਦ ਹੋਇਆ ਹੈ। ਮੁਲਾਜ਼ਮਾਂ ਦੀ ਪਛਾਣ ਮੰਗਤ ਰਾਮ ਉਰਫ ਗੋਲਡੀ ਪੁੱਤਰ ਸੰਤੋਖ ਸਿੰਘ ਅਤੇ ਗੁਰਜੀਤ ਸਿੰਘ ਉਰਫ ਘੀਤਾ ਪੁੱਤਰ ਕਮਲਜੀਤ ਸਿੰਘ ਵਾਸੀ ਪਿੰਡ ਅਠੌਲਾ ਵਜੋਂ ਹੋਈ ਹੈ। ਦੋਵੇਂ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ ਅਤੇ ਸ਼ਰਾਬ ਪੀਣ ਦੇ ਆਦੀ ਹਨ। ਪੁਲਸ ਵੱਲੋਂ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News