ਸਮਰਾਲਾ ਦੇ ਸਰਕਾਰੀ ਸਮਾਰਟ ਸਕੂਲ ''ਚ ਹੋਈ ਚੋਰੀ, ਲੱਖਾਂ ਦਾ ਸਮਾਨ ਲੈ ਚੋਰ ਫ਼ਰਾਰ

Tuesday, May 11, 2021 - 02:41 PM (IST)

ਸਮਰਾਲਾ ਦੇ ਸਰਕਾਰੀ ਸਮਾਰਟ ਸਕੂਲ ''ਚ ਹੋਈ ਚੋਰੀ, ਲੱਖਾਂ ਦਾ ਸਮਾਨ ਲੈ ਚੋਰ ਫ਼ਰਾਰ

ਸਮਰਾਲਾ (ਗਰਗ, ਬੰਗੜ) : ਇੱਥੋਂ ਦੇ ਨਜ਼ਦੀਕੀ ਸਰਕਾਰੀ ਹਾਈ ਸਮਾਰਟ ਸਕੂਲ ਕੋਟਲਾ ਸਮਸ਼ਪੁਰ ਦੇ ਸਕੂਲ ਵਿੱਚ ਬੀਤੀ ਰਾਤ ਚੋਰਾਂ ਵੱਲੋਂ 5 ਕਮਰਿਆਂ ਦੇ ਤਾਲੇ ਤੋੜ ਕੇ ਚੋਰੀ ਕਰ ਲਈ ਗਈ। ਚੋਰਾਂ ਵੱਲੋਂ ਸਕੂਲ ਦਾ ਲੱਖਾਂ ਦਾ ਸਮਾਨ ਚੋਰੀ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਚੋਰ ਦੋ ਐਲ. ਈ. ਡੀ., ਸਿਲੰਡਰ, ਮਿਡ ਡੇਅ ਮੀਲ ਦਾ ਸਾਰਾ ਰਾਸ਼ਨ, ਬੈਟਰੀਆਂ, ਪ੍ਰਿੰਟਰ ਕਮ ਸਕੈਨਰ, ਯੂ. ਪੀ. ਐਸ. ਤੋਂ ਇਲਾਵਾ ਹੋਰ ਵੀ ਕੀਮਤੀ ਸਮਾਨ ਆਪਣੇ ਨਾਲ ਲੈ ਗਏ।

ਚੋਰ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਚੋਰੀ ਕਰਕੇ ਆਪਣੇ ਨਾਲ ਲੈ ਗਏ। ਇਸ ਤੋਂ ਇਲਾਵਾ ਦਫ਼ਤਰ ਦਾ ਸਮਾਨ, ਚਾਰ ਅਲਮਾਰੀਆਂ ਦੇ ਤਾਲੇ ਤੋੜ ਕੇ ਅਲਮਾਰੀਆਂ ਵਿੱਚ ਪਏ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਗਈ। ਸਕੂਲ ਦੇ ਕੈਂਪਸ ਵਿੱਚ ਹੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਵੀ ਤਾਲਾ ਤੋੜ ਕੇ ਗੈਸ ਸਿਲੰਡਰ ਚੋਰੀ ਕਰ ਲਿਆ ਗਿਆ। ਇਸ ਘਟਨਾ ਦਾ ਪਤਾ ਲੱਗਣ ਤੇ ਸਕੂਲ ਮੁੱਖੀ ਵੱਲੋਂ ਤੁਰੰਤ ਪੁਲਸ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ।

ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਕੂਲ ਸਟਾਫ਼, ਪਿੰਡ ਦੇ ਸਰਪੰਚ ਅਤੇ ਪਿੰਡ ਦੇ ਮੋਹਤਵਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਹਾਲਾਤ ਦਾ ਜਾਇਜ਼ਾ ਲਿਆ ਅਤੇ ਬਣਦੀ ਕਾਰਵਾਈ ਕਰਕੇ ਕੇਸ ਦਰਜ ਕਰ ਲਿਆ ਗਿਆ। ਪੁਲਸ ਅਧਿਕਾਰੀਆਂ ਵੱਲੋਂ ਸੰਬਧਿਤ ਦੋਸ਼ੀਆਂ ਨੂੰ ਜਲਦੀ ਫੜ੍ਹਨ ਦਾ ਭਰੋਸਾ ਦਿਵਾਇਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।


 


author

Babita

Content Editor

Related News