ਪੈਲਸ 'ਚ ਚੱਲਦੀ ਵਿਆਹ ਦੀ ਪਾਰਟੀ ਦੌਰਾਨ ਮੁੰਡੇ ਵਾਲਿਆਂ ਦੇ ਉੱਡੇ ਹੋਸ਼, ਜਾਣੋ ਕੀ ਹੈ ਪੂਰਾ ਮਾਜਰਾ

01/31/2023 3:44:50 PM

ਮੁੱਲਾਂਪੁਰ ਦਾਖਾ (ਕਾਲੀਆ) : ਸਥਾਨਕ ਲੁਧਿਆਣਾ ਰੋਡ 'ਤੇ ਇੱਕ ਪੈਲੇਸ 'ਚ ਚੱਲ ਰਹੀ ਵਿਆਹ ਦੀ ਪਾਰਟੀ 'ਚ 2 ਚੋਰਾਂ ਨੇ ਸ਼ਿਰੱਕਤ ਕਰਕੇ ਇੱਕ ਨੋਟਾਂ ਦਾ ਭਰਿਆ ਬੈਗ ਉਦੋਂ ਉਡਾ ਲਿਆ, ਜਦੋਂ ਪਰਿਵਾਰਕ ਮੈਂਬਰ ਬੈਗ ਸੋਫ਼ੇ 'ਤੇ ਰੱਖ ਕੇ ਕੇਕ ਕੱਟਣ ਦੀ ਰਸਮ ਕਰਨ ਲੱਗੇ ਸਨ। ਥਾਣਾ ਦਾਖਾ ਦੀ ਪੁਲਸ ਨੇ ਵੀਡੀਓ ਕੈਮਰੇ ਅਤੇ ਡਰੋਨ ਦੀ ਮਦਦ ਨਾਲ 7 ਲੱਖ ਰੁਪਏ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਦਬੋਚ ਲਿਆ, ਜਦੋਂ ਕਿ ਬੈਗ ਚੋਰੀ ਕਰਕੇ ਭੱਜੇ ਚੋਰ ਦੀ ਭਾਲ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਿਲਕ ਰਾਜ ਪੁੱਤਰ ਪੰਜੂ ਰਾਮ ਵਾਸੀ ਹੈਬੋਵਾਲ ਕਲਾਂ ਨੇ ਪੁਲਸ ਨੂੰ ਦਿੱਤੀ ਦਰਖ਼ਾਸਤ 'ਚ ਦੋਸ਼ ਲਗਾਇਆ ਸੀ ਕਿ ਉਸ ਦੇ ਪੁੱਤਰ ਦੇ ਵਿਆਹ ਦੀ ਰਿਸ਼ੈਪਸ਼ਨ ਪਾਰਟੀ ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਸਥਿਤ ਪੈਲੇਸ 'ਚ ਚੱਲ ਰਹੀ ਸੀ।

ਇਹ ਵੀ ਪੜ੍ਹੋ : ਪੰਜਾਬ ਤੋਂ ਕਾਸ਼ੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ, ਇਸ ਤਾਰੀਖ਼ ਤੋਂ ਚੱਲਣਗੀਆਂ ਸਪੈਸ਼ਲ ਗੱਡੀਆਂ

ਕਰੀਬ 11.30 ਵਜੇ ਕੇਕ ਕੱਟਣ ਦੀ ਰਸਮ ਸਮੇਂ ਉਨ੍ਹਾਂ ਨੇ ਸਟੇਜ 'ਤੇ ਜਾਣ ਦੌਰਾਨ ਆਪਣਾ ਬੈਗ ਸੋਫ਼ਿਆਂ 'ਤੇ ਰੱਖ ਦਿੱਤਾ, ਜਿਸ 'ਚ 7 ਲੱਖ ਰੁਪਏ ਦੀ ਨਕਦੀ ਸੀ। ਉਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ, ਜਿਸ ਦੀ ਉਨ੍ਹਾਂ ਨੇ ਆਪਣੇ ਤੌਰ 'ਤੇ ਪੜਤਾਲ ਕੀਤੀ ਅਤੇ ਵੀਡੀਓ ਬਣਾਉਣ ਵਾਲੇ ਡਰੋਨ ਦੀ ਫੁਟੇਜ ਰਾਹੀਂ ਚੋਰੀ ਕਰਨ ਵਾਲੇ ਦਾ ਪਤਾ ਲਗਾਇਆ। ਉਨ੍ਹਾਂ ਦੀ ਪਛਾਣ ਅਰਜੁਨ ਵਾਸੀ ਗੁਲਖੇੜੀ ਘੜੀਆ (ਐੱਮ. ਪੀ.) ਅਤੇ ਬੌਬੀ ਸਾਗਰ ਪੁੱਤਰ ਸਾਗਰ ਸ਼ਾਮ ਵਾਸੀ ਮਹਾਰਾਸ਼ਟਰ ਵਜੋਂ ਹੋਈ।

ਇਹ ਵੀ ਪੜ੍ਹੋ : 15 ਸਾਲਾਂ ਦੀ ਕੁੜੀ ਨੂੰ ਡਰਾ ਕੇ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ, ਇੰਝ ਜੱਗ-ਜ਼ਾਹਰ ਹੋਈ ਗੰਦੀ ਕਰਤੂਤ

ਮੌਕੇ 'ਤੇ ਬੌਬੀ ਸਾਗਰ ਨੂੰ ਕਾਬੂ ਕਰ ਲਿਆ, ਜਦਕਿ ਅਰਜੁਨ 7 ਲੱਖ ਰੁਪਏ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਿਆ। ਥਾਣਾ ਦਾਖਾ ਦੇ ਏ. ਐੱਸ. ਆਈ. ਪ੍ਰੀਤਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਾ ਇੱਕ ਗਿਰੋਹ ਹੈ, ਜੋ ਪੈਲਸਾਂ 'ਚ ਚੋਰੀਆਂ ਕਰਨ ਦਾ ਗੋਰਖ਼ ਧੰਦਾ ਕਰਦਾ ਹੈ। ਇਨ੍ਹਾਂ ਦੇ 2 ਸਾਥੀ ਰਾਹੁਲ ਅਤੇ ਰਿਤਿਕ ਲੁਧਿਆਣਾ ਵਿਖੇ ਰਹਿ ਰਹੇ ਹਨ, ਜੋ ਕਿ ਪੈਲਸਾਂ 'ਚ ਹੋ ਰਹੇ ਵਿਆਹ ਆਦਿ ਸਮਾਗਮਾਂ ਦੀ ਜਾਣਕਾਰੀ ਇਨ੍ਹਾਂ ਨੂੰ ਦਿੰਦੇ ਹਨ ਅਤੇ ਇਹ ਸਮਾਗਮਾਂ 'ਚ ਵਧੀਆ ਕੱਪੜੇ ਪਾ ਕੇ ਸ਼ਿਰੱਕਤ ਕਰਦੇ ਹਨ ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਫਿਲਹਾਲ ਪੁਲਸ ਵੱਲੋਂ ਪੈਸਿਆਂ ਵਾਲਾ ਬੈਗ ਲੈ ਕੇ ਫ਼ਰਾਰ ਹੋਏ ਅਰਜੁਨ ਦੀ ਭਾਲ ਜਾਰੀ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News