''ਮੇਰੀ ਰਿਵਾਲਵਰ ਫੜਾਈਂ ਜ਼ਰਾ...'' ਬੀਬੀ ਦੀ ਦਲੇਰੀ ਵੇਖ ਭੱਜ ਗਏ ਘਰੇ ਵੜੇ ਚੋਰ

Friday, Aug 21, 2026 - 02:18 PM (IST)

''ਮੇਰੀ ਰਿਵਾਲਵਰ ਫੜਾਈਂ ਜ਼ਰਾ...'' ਬੀਬੀ ਦੀ ਦਲੇਰੀ ਵੇਖ ਭੱਜ ਗਏ ਘਰੇ ਵੜੇ ਚੋਰ

ਮਾਛੀਵਾੜਾ ਸਾਹਿਬ (ਟੱਕਰ)- ਨੇੜਲੇ ਪਿੰਡ ਸਹਿਬਾਜਪੁਰ ਵਿਖੇ ਅੱਧੀ ਰਾਤ ਨੂੰ ਚੋਰਾਂ ਨੇ ਘਰ ਵਿਚ ਧਾਵਾ ਬੋਲ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਘਰ ਦੀ ਮਾਲਕਣ ਇੰਦਰਜੀਤ ਕੌਰ ਨੇ ਦੱਸਿਆ ਕਿ ਉਹ ਘਰ ਦੇ ਇਕ ਕਮਰੇ ਵਿਚ ਆਪਣੇ ਪਰਿਵਾਰ ਸਮੇਤ ਸੁੱਤੇ ਪਏ ਸਨ ਜਦਕਿ ਉਨ੍ਹਾਂ ਦਾ ਪਤੀ ਮਾਛੀਵਾੜਾ ਵਿਖੇ ਫੈਕਟਰੀ ਵਿਚ ਕੰਮ ਕਰਨ ਗਿਆ ਹੋਇਆ ਸੀ। ਇੰਦਰਜੀਤ ਕੌਰ ਨੇ ਦੱਸਿਆ ਕਿ ਰਾਤ 12 ਵਜੇ ਤੱਕ ਘਰ ਵਿਚ ਸਭ ਕੁਝ ਠੀਕ-ਠਾਕ ਸੀ ਅਤੇ ਕਰੀਬ ਡੇਢ ਵਜੇ ਬਿਜਲੀ ਸਪਲਾਈ ਬੰਦ ਹੋਈ, ਜਿਸ ਤੋਂ ਬਾਅਦ ਕੁਝ ਚੋਰ ਕੰਧ ਟੱਪ ਕੇ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਗਏ। ਚੋਰਾਂ ਵੱਲੋਂ ਕਮਰੇ ਦੇ ਨਾਲ ਬਣੇ ਸਟੋਰ ਦਾ ਦਰਵਾਜਾ ਤੋੜਿਆ ਅਤੇ ਉਸ ਵਿਚ ਪਈ ਅਲਮਾਰੀ ਦਾ ਲਾਕਰ ਵੀ ਤੋੜ ਦਿੱਤਾ। ਚੋਰਾਂ ਨੇ ਸਾਰੀ ਅਲਮਾਰੀ ਦੀ ਚੰਗੀ ਤਰ੍ਹਾਂ ਫਰੌਲਾ-ਫਰਾਲੀ ਕੀਤੀ ਅਤੇ ਉਸ ’ਚੋਂ ਕਰੀਬ 7 ਤੋਲੇ ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਚੋਰੀ ਕਰ ਲਈ। 

ਚੋਰਾਂ ਵੱਲੋਂ ਜਿਸ ਕਮਰੇ ਵਿਚ ਉਹ ਸੁੱਤੇ ਪਏ ਸੀ ਉਸਦਾ ਦਰਵਾਜ਼ਾ ਵੀ ਖੜਕਾਉਣਾ ਸ਼ੁਰੂ ਕੀਤਾ ਤਾਂ ਉਹ ਡਰ ਕੇ ਉੱਠ ਪਏ। ਇੰਦਰਜੀਤ ਕੌਰ ਨੇ ਦੱਸਿਆ ਕਿ ਉਸ ਨੇ ਆਪਣੇ ਫੋਨ ਰਾਹੀਂ ਗੁਆਂਢੀਆਂ ਨੂੰ ਸੂਚਿਤ ਕੀਤਾ ਅਤੇ ਉਹ ਸਾਰੇ ਇਕੱਠੇ ਹੋ ਗਏ ਜਿਸ ਤੋਂ ਬਾਅਦ ਚੋਰ ਫ਼ਰਾਰ ਹੋ ਗਏ। ਇੰਦਰਜੀਤ ਕੌਰ ਨੇ ਦੱਸਿਆ ਕਿ ਚੋਰੀ ਸਬੰਧੀ ਤੁਰੰਤ ਸੂਚਨਾ ਮਾਛੀਵਾੜਾ ਪੁਲਸ ਨੂੰ ਦਿੱਤੀ ਜੋ ਕਿ ਮੌਕੇ ’ਤੇ ਪਹੁੰਚ ਗਈ। ਪਿੰਡ ਵਾਸੀਆਂ ਤੇ ਪੁਲਸ ਵੱਲੋਂ ਆਸਪਾਸ ਪਿੰਡਾਂ ਵਿਚ ਚੋਰਾਂ ਦਾ ਪਿੱਛਾ ਵੀ ਕੀਤਾ ਗਿਆ ਪਰ ਕੋਈ ਸੁਰਾਗ ਨਾ ਮਿਲਿਆ। ਘਰ ਦੀ ਮਾਲਕਣ ਅਨੁਸਾਰ ਉਸ ਦਾ 10 ਲੱਖ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਹੋ ਗਈ।

'ਮੇਰੀ ਰਿਵਾਲਵਰ ਫੜਾਈਂ...' ਸੁਣ ਕੇ ਚੋਰ ਭੱਜ ਗਏ

ਇੰਦਰਜੀਤ ਕੌਰ ਨੇ ਦੱਸਿਆ ਕਿ ਜਦੋਂ ਚੋਰ ਉਸ ਦਾ ਦਰਵਾਜ਼ਾ ਖੜਕਾ ਰਹੇ ਸਨ ਤਾਂ ਉਸ ਨੇ ਆਪਣੀ ਲੜਕੀ ਨੂੰ ਕਿਹਾ ਕਿ ‘ਮੇਰਾ ਰਿਵਾਲਵਰ ਫੜਾਈ ਤਾਂ ਜੋ ਇਨ੍ਹਾਂ ਚੋਰਾਂ ਨਾਲ ਨਜਿੱਠਿਆ ਜਾ ਸਕੇ।’ ਇੰਦਰਜੀਤ ਕੌਰ ਅਨੁਸਾਰ ਜਦੋਂ ਚੋਰਾਂ ਨੇ ਐਨੀ ਗੱਲ ਸੁਣੀ ਤਾਂ ਉਨ੍ਹਾਂ ਦੇ ਭੱਜਣ ਦੀ ਅਵਾਜ ਸੁਣਾਈ ਦਿੱਤੀ ਜੋ ਕਿ ਕੰਧ ਟੱਪ ਕੇ ਫ਼ਰਾਰ ਹੋ ਗਏ। ਇਸ ਦੌਰਾਨ ਗੁਆਂਢੀ ਵੀ ਇਕੱਠੇ ਹੋ ਗਏ ਪਰ ਉਦੋਂ ਤੱਕ ਚੋਰ ਭੱਜ ਚੁੱਕੇ ਸਨ।


author

Anmol Tagra

Content Editor

Related News