ਚੋਰਾਂ ਦੇ ਹੌਸਲੇ ਬੁਲੰਦ, ਇਲੈਕਟ੍ਰਾਨਿਕਸ ਦੀ ਦੁਕਾਨ ਨੂੰ ਲਾਇਆ ਪਾੜ

Wednesday, May 27, 2020 - 01:56 PM (IST)

ਚੋਰਾਂ ਦੇ ਹੌਸਲੇ ਬੁਲੰਦ, ਇਲੈਕਟ੍ਰਾਨਿਕਸ ਦੀ ਦੁਕਾਨ ਨੂੰ ਲਾਇਆ ਪਾੜ

ਲੁਧਿਆਣਾ (ਰਾਮ) : ਰਾਤ ਦਾ ਕਰਫਿਊ ਲੱਗਾ ਹੋਣ ਦੇ ਬਾਅਦ ਵੀ ਚੋਰਾਂ ਦੇ ਹੌਸਲੇ ਬੁਲੰਦ ਹਨ, ਜੋ ਰੋਜ਼ਾਨਾ ਵੱਖ-ਵੱਖ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਚੰਡੀਗੜ੍ਹ ਰੋਡ ’ਤੇ ਸਥਿਤ ਫੋਰਟਿਸ ਹਸਪਤਾਲ ਦੇ ਨੇੜੇ ਅੰਬੈ ਟੈਲੀਕਾਮ ਇਲੈਕਟ੍ਰਾਨਿਕਸ ਨਾਮ ਦੀ ਦੁਕਾਨ ਦੀ ਕੰਧ ਨੂੰ ਪਾੜ ਲਗਾ ਕੇ ਚੋਰਾਂ ਨੇ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ।

ਘਟਨਾ ਸਬੰਧੀ ਪਤਾ ਉਸ ਸਮੇਂ ਲੱਗਿਆ, ਜਦੋਂ ਦੁਕਾਨ ਮਾਲਕ ਸਵੇਰ ਨੂੰ ਦੁਕਾਨ ਖੋਲ੍ਹਣ ਲਈ ਆਇਆ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਦੰਗ ਰਹਿ ਗਿਆ। ਸਾਰਾ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਇਕ ਪਾਸੇ ਦੀ ਕੰਧ ਨੂੰ ਪਾੜ ਲੱਗਾ ਹੋਇਆ ਸੀ, ਜਿਸ ਤੋਂ ਬਾਅਦ ਉਸ ਨੇ ਇਸ ਸਬੰਧੀ ਪੁਲਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ। ਜਾਣਕਾਰੀ ਅਨੁਸਾਰ ਸੰਜੇ ਕੁਮਾਰ ਪੁੱਤਰ ਤੂਫਾਨੀ ਸਾਅ ਵਾਸੀ ਮੋਗਾ ਕਾਲੋਨੀ, ਮੂੰਡੀਆਂ ਖੁਰਦ ਲੁਧਿਆਣਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾ ਹੀ ਬੀਤੀ ਸ਼ਾਮ 6 ਵਜੇ ਦੁਕਾਨ ਬੰਦ ਕਰਕੇ ਗਿਆ ਸੀ। ਜਦੋਂ ਦੂਸਰੀ ਸਵੇਰ ਆ ਕੇ ਦੇਖਿਆ ਤਾਂ ਉਸ ਦੀ ਦੁਕਾਨ ਦੀ ਇਕ ਕੰਧ ’ਚ ਪਾੜ ਲੱਗਾ ਹੋਇਆ ਸੀ। ਅੰਦਰ ਤੋਂ ਇਕ ਲੈਪਟਾਪ ਲੈਨੋਵੋ, ਇਕ ਟੈਬ ਸੈਮਸੰਗ, ਇਕ ਹੋਮ ਥੀਏਟਰ, ਪਾਵਰ ਬੈਂ, ਪੈਨ ਡਰਾਈਵ, ਮੈਮਰੀ ਕਾਰਡਸ ਅਤੇ ਹੋਰ ਕੀਮਤੀ ਸਾਮਾਨ ਗਾਇਬ ਸੀ। ਜਿਸ ਨੂੰ ਅਣਪਛਾਤੇ ਚੋਰਾਂ ਨੇ ਚੋਰੀ ਕਰ ਲਿਆ। ਚੋਰਾਂ ਵੱਲੋਂ ਅੰਜਾਮ ਦਿੱਤੀ ਗਈ ਪੂਰੀ ਘਟਨਾ ਦੁਕਾਨ ’ਚ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਸੀ. ਸੀ. ਟੀ. ਵੀ. ਫੁਟੇਜ਼ ਅਨੁਸਾਰ ਚੋਰ ਕੰਧ ’ਚ ਲਾਏ ਗਏ ਪਾੜ ਰਾਹੀਂ ਸਾਮਾਨ ਬਾਹਰ ਕੱਢ ਕੇ ਉਥੋਂ ਹੀ ਫਰਾਰ ਹੋ ਗਏ। ਥਾਣਾ ਜਮਾਲਪੁਰ ਦੀ ਪੁਲਸ ਨੇ ਫੁਟੇਜ ਹਾਸਲ ਕਰ ਕੇ ਮਾਮਲੇ ਸਬੰਧੀ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।


author

Babita

Content Editor

Related News