ਬੈਂਕ ਤੋਂ ਲੋਨ ਕਰਵਾ ਕੇ ਘਰ ’ਚ ਰੱਖੇ ਹਜ਼ਾਰਾਂ ਰੁਪਏ ਚੋਰੀ
Friday, Jul 26, 2024 - 04:59 PM (IST)
ਅਬੋਹਰ (ਸੁਨੀਲ) : ਬੀਤੀ ਰਾਤ ਚੋਰ ਨੇ ਸਿਹਤ ਵਿਭਾਗ ਦੀ ਆਸ਼ਾ ਵਰਕਰ ਦੇ ਘਰ ਧਾਵਾ ਬੋਲ ਕੇ ਉੱਥੇ ਰੱਖੀ ਬੈਂਕ ਲੋਨ ਦੀ ਰਕਮ ਚੋਰੀ ਕਰ ਲਈ। ਵਿਧਵਾ ਆਸ਼ਾ ਵਰਕਰ ਦੇ ਨਿਰਮਾਣ ਅਧੀਨ ਮਕਾਨ ਦੀ ਉਸਾਰੀ ਦਾ ਕੰਮ ਵੀ ਲੋਕਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ, ਅਜਿਹੇ ’ਚ ਚੋਰ ਨੇ ਉਸ ਦੇ ਲੋਨ ਦੀ ਰਕਮ ਵੀ ਚੋਰੀ ਕਰ ਲਈ। ਜਾਣਕਾਰੀ ਅਨੁਸਾਰ ਪਿੰਕੀ ਰਾਣੀ ਪਤਨੀ ਸਵ. ਜੁਗਨੂੰ ਵਾਸੀ ਰਾਜੀਵ ਨਗਰ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਉਨ੍ਹਾਂ ਦੇ ਘਰ ’ਚ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜੋ ਸਮਾਜਸੇਵੀ ਸੰਸਥਾਵਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਹਾਲ ਹੀ ਵਿਚ ਉਸ ਨੇ ਐੱਚ. ਡੀ. ਐੱਫ. ਸੀ. ਬੈਂਕ ਤੋਂ ਕਰੀਬ 70 ਹਜ਼ਾਰ ਰੁਪਏ ਦਾ ਲੋਨ ਲਿਆ ਸੀ, ਜਿਸ ਦੀ ਰਕਮ ਘਰ ’ਚ ਹੀ ਰੱਖੀ ਹੋਈ ਸੀ।
ਬੀਤੀ ਰਾਤ ਜਦੋਂ ਉਹ ਅਤੇ ਉਸ ਦੀ ਧੀ ਘਰ ’ਚ ਸੌਂ ਰਹੀਆਂ ਸਨ ਤਾਂ ਦੇਰ ਰਾਤ ਇਕ ਨੌਜਵਾਨ ਉਨ੍ਹਾਂ ਦੇ ਘਰ ’ਚ ਦਾਖ਼ਲ ਹੋ ਕੇ ਅਲਮਾਰੀ ’ਚ ਰੱਖੀ ਨਕਦੀ ਚੋਰੀ ਕਰ ਕੇ ਲੈ ਗਿਆ, ਜਦ ਰੌਲਾ ਸੁਣ ਕੇ ਉਸ ਦੀ ਅੱਖ ਖੁੱਲ੍ਹੀ ਤਾਂ ਦੇਖਿਆ ਕਿ ਨੌਜਵਾਨ ਪੈਸੇ ਲੈ ਕੇ ਜਾ ਰਿਹਾ ਸੀ, ਵਿਰੋਧ ਕਰਨ ’ਤੇ ਉਸ ਨੇ ਤਿੱਖੀ ਕਿਰਚ ਨਾਲ ਉਸ ਨੂੰ ਡਰਾਇਆ ਅਤੇ ਭੱਜ ਗਿਆ। ਇਸ ਸਬੰਧੀ ਸਵੇਰੇ ਉਸ ਨੇ ਇਸ ਦੀ ਸ਼ਿਕਾਇਤ ਸਿਟੀ ਥਾਣਾ ਨੰਬਰ-2 ਦੀ ਪੁਲਸ ਨੂੰ ਕੀਤੀ ਅਤੇ ਪੁਲਸ ਨੂੰ ਚੋਰ ਦੀ ਪਛਾਣ ਵੀ ਦੱਸੀ।
ਸੂਚਨਾ ਮਿਲਣ ’ਤੇ ਸਿਟੀ ਥਾਣਾ ਨੰਬਰ-2 ਦੀ ਪੁਲਸ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ। ਜਾਂਚ ਕਰ ਰਹੇ ਸਹਾਇਕ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਜਿਸ ਦੀ ਪਛਾਣ ਔਰਤ ਨੇ ਦਿੱਤੀ ਸੀ, ਦੇ ਘਰ ਛਾਪਾ ਮਾਰਿਆ ਗਿਆ ਪਰ ਉਹ ਨਹੀਂ ਮਿਲਿਆ। ਜਲਦੀ ਹੀ ਉਸ ਨੂੰ ਫੜ੍ਹ ਕੇ ਪੁੱਛਗਿੱਛ ਕੀਤੀ ਜਾਵੇਗੀ। ਵਾਰਡ ਦੇ ਕੌਂਸਲਰ ਡਾ. ਮੁਕੇਸ਼ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹੋਲੀ ਦੇ ਤਿਉਹਾਰ ਮੌਕੇ ਇਸੇ ਪਿੰਕੀ ਰਾਣੀ ਦੇ ਘਰ ਚੋਰੀ ਦੀ ਘਟਨਾ ਵਾਪਰੀ ਸੀ ਅਤੇ ਚੋਰਾਂ ਨੇ 20 ਹਜ਼ਾਰ ਰੁਪਏ ਚੋਰੀ ਕਰ ਲਏ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਇਲਾਕੇ ’ਚ ਚੋਰੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਉਹ ਕਈ ਵਾਰ ਪੁਲਸ ਨੂੰ ਸੂਚਿਤ ਕਰ ਚੁੱਕੇ ਹਨ ਪਰ ਪੁਲਸ ਇਸ ਵੱਲ ਧਿਆਨ ਨਹੀਂ ਦਿੰਦੀ।