6 ਮੁਕੱਦਮਿਆਂ ’ਚ ਜੇਲ ਜਾ ਚੁੱਕਾ ਮੁਲਜ਼ਮ ਚੋਰੀ ਦੇ ਮਾਮਲੇ ’ਚ ਗ੍ਰਿਫਤਾਰ, 2 ਸਾਥੀ ਫਰਾਰ
Sunday, Aug 12, 2018 - 06:27 AM (IST)

ਜਲੰਧਰ, (ਮਹੇਸ਼)— ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਹਮੀਰਪੁਰ ਦੇ ਨਾਲ-ਨਾਲ ਦਿਹਾਤੀ ਪੁਲਸ ਥਾਣਾ ਲਾਂਬੜਾ ਅਤੇ ਕਮਿਸ਼ਨਰੇਟ ਦੇ ਥਾਣਾ ਸਦਰ ਵਿਚ ਦਰਜ ਚੋਰੀ, ਡਕੈਤੀ ਅਤੇ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲਿਆਂ ਵਿਚ ਕਈ ਵਾਰ ਜੇਲ ਜਾ ਚੁੱਕੇ ਮੁਲਜ਼ਮ ਨੂੰ ਸ਼ਨੀਵਾਰ ਫਤਿਹਪੁਰ (ਪ੍ਰਤਾਪਪੁਰਾ) ਪੁਲਸ ਚੌਕੀ ਦੇ ਇੰਚਾਰਜ ਨੇ ਚੋਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ ਚੋਰੀ ਕੀਤੀਆਂ ਗਈਆਂ ਬਿਜਲੀ ਦੀਆਂ ਤਾਰਾਂ ਬਰਾਮਦ ਹੋਈਆਂ ਹਨ। ਤਾਰਾਂ ਉਸਨੇ ਤਾਂਬਾ ਤੇ ਸਿਲਵਰ ਕੱਢਣ ਪਿੱਛੋਂ ਸਾੜ ਦਿੱਤੀਆਂ ਸਨ। ਗ੍ਰਿਫਤਾਰ ਮੁਲਜ਼ਮ ਦੀ ਪਛਾਣ ਰਣਜੀਤ ਸਿੰਘ ਲਾਡੀ ਪੁੱਤਰ ਪਰਮਜੀਤ ਸਿੰਘ ਮੂਲ ਵਾਸੀ ਪਿੰਡ ਭਗਵਾਨਪੁਰ ਹਾਲ ਵਾਸੀ ਐੱਨ. ਆਰ. ਆਈ. ਕਾਲੋਨੀ
ਥਾਣਾ ਲਾਂਬੜਾ ਵਜੋਂ ਹੋਈ ਹੈ।
ਉਸ ਦੇ 2 ਸਾਥੀ ਐਡੀ ਕਲਿਆਣਪੁਰ ਅਤੇ ਪੁਰੀ ਲਾਂਬੜਾ ਫਰਾਰ ਹੋਣ ਵਿਚ ਸਫਲ ਹੋ ਗਏ। ਲਾਡੀ ਅਤੇ ਉਸ ਦੇ ਸਾਥੀਆਂ ਨੇ 9 ਅਗਸਤ ਦੀ ਰਾਤ ਨੂੰ ਬਲਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਖੇਤਾਂ ਵਿਚ ਲੱਗੀਆਂ ਮੋਟਰ ਦੀਆਂ ਤਾਰਾਂ, ਸਟਾਰਟਰ ਅਤੇ ਗਰਿੱਪ ਚੋਰੀ ਕਰ ਲਏ ਸਨ। ਇਸ ਸਬੰਧੀ ਸਦਰ ਪੁਲਸ ਨੇ ਮਾਮਲਾ ਦਰਜ ਕੀਤਾ ਸੀ।
ਐੱਸ. ਐੱਚ. ਓ. ਸਦਰ ਵਿਮਲ ਕਾਂਤ ਨੇ ਦੱਸਿਆ ਕਿ ਲਾਡੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਉਸ ਕੋਲੋਂ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਦੇ ਫਰਾਰ ਸਾਥੀਆਂ ਦੀ ਭਾਲ ਵਿਚ ਛਾਪੇ ਮਾਰੇ ਜਾ ਰਹੇ ਹਨ। ਲਾਡੀ ਨੇ ਸਟਾਰਟਰ ਅਤੇ ਗਰਿੱਪ ਉਸ ਦੇ ਕੋਲ ਹੀ ਹੋਣ ਦੀ ਗੱਲ ਕਹੀ ਹੈ।