ਗਾਇਕ ਸਤਿੰਦਰ ਸਰਤਾਜ ਦੇ ਦਫਤਰ ’ਚ ਸੰਨ੍ਹ ਲਾਉਣ ਵਾਲੇ 3 ਕਾਬੂ

08/26/2018 3:28:28 AM

ਚੰਡੀਗਡ਼੍ਹ, (ਸੁਸ਼ੀਲ)-ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਦਫ਼ਤਰ ਵਿਚ ਸੰਨ੍ਹ ਲਾਉਣ ਵਾਲੇ ਅਤੇ ਸ਼ਹਿਰ ਦੀਅਾਂ ਬੰਦ ਕੋਠੀਆਂ ਵਿਚੋਂ  ਨਕਦੀ ਅਤੇ ਗਹਿਣੇ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਸਮੇਤ ਚਾਰ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਅੰਬਾਲਾ ਨਿਵਾਸੀ ਜਗਦੀਪ ਸਿੰਘ (ਗਿਰੋਹ ਦਾ ਸਰਗਨਾ), ਪਲਸੌਰਾ ਨਿਵਾਸੀ ਸ਼ੰਕਰ ਥਾਪਾ, ਅਸ਼ੋਕ ਕੁਮਾਰ ਤ੍ਰਿਪਾਠੀ ਤੇ ਚੋਰੀ ਦਾ ਸਾਮਾਨ ਖਰੀਦਣ ਵਾਲੇ ਜਿਊਲਰ ਗੁਰਮਿੰਦਰ ਸਿੰਘ ਉਰਫ ਹੈਪੀ  ਵਜੋਂ  ਹੋਈ। ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ 16  ਮਾਮਲੇ  ਹੱਲ  ਕਰ ਕੇ ਡੇਢ ਲੱਖ  ਦੀ  ਨਕਦੀ ਸਮੇਤ 50 ਲੱਖ ਰੁਪਏ ਦਾ ਸਾਮਾਨ ਬਰਾਮਦ ਹੋਇਆ ਹੈ। ਪੁਲਸ ਨੇ ਦੱਸਿਆ ਕਿ ਜਗਦੀਪ ’ਤੇ ਪੰਜਾਬ ਵਿਚ ਧੋਖਾਦੇਹੀ, ਸ਼ੰਕਰ ਥਾਪਾ ’ਤੇ ਬੁਡ਼ੈਲ ਵਿਚ ਚੋਰੀ ਤੇ ਅਸ਼ੋਕ  ’ਤੇ ਰੋਪਡ਼ ਵਿਚ ਚੋਰੀ ਦਾ ਕੇਸ ਦਰਜ ਹੈ। ਕ੍ਰਾਈਮ ਬ੍ਰਾਂਚ ਨੇ ਮੁਲਜ਼ਮਾਂ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਗਿਆ।  ਐੱਸ. ਪੀ. ਕ੍ਰਾਈਮ ਰਵੀ ਕੁਮਾਰ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਅਮਨਜੋਤ ਨੂੰ 20 ਅਗਸਤ ਨੂੰ ਸੂਚਨਾ ਮਿਲੀ ਸੀ ਕਿ ਬੰਦ ਕੋਠੀਆਂ ਵਿਚ ਚੋਰੀ ਕਰਨ ਵਾਲੇ ਗਿਰੋਹ ਦਾ ਮੈਂਬਰ ਅਾਲਟੋ ਕਾਰ ਵਿਚ ਸੈਕਟਰ-36 ਵਿਚ ਚੋਰੀ ਦੇ ਇਰਾਦੇ ਨਾਲ ਘੁੰਮ ਰਿਹਾ ਹੈ। ਇਸ ’ਤੇ ਪੁਲਸ ਨੇ ਸੈਕਟਰ-35/36 ਚੌਕ ’ਚ ਨਾਕਾ ਲਾਇਆ ਤੇ ਕਾਰ ਸਵਾਰ ਅੰਬਾਲਾ ਨਿਵਾਸੀ ਜਗਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿਛ ਵਿਚ ਜਗਦੀਪ ਨੇ ਦੱਸਿਆ ਕਿ ਉਹ ਦੋ ਸਾਥੀਆਂ ਪਲਸੌਰਾ ਨਿਵਾਸੀ ਸ਼ੰਕਰ ਥਾਪਾ ਤੇ ਅਸ਼ੋਕ ਕੁਮਾਰ ਤ੍ਰਿਪਾਠੀ ਨਾਲ ਮਿਲ ਕੇ ਚੋਰੀਅਾਂ ਕਰਦਾ ਹੈ। ਉਹ ਚੋਰੀ ਦਾ ਸਾਮਾਨ ਬਡ਼ਹੇਡ਼ੀ ਦੇ ਜਿਊਲਰ ਗੁਰਮਿੰਦਰ ਸਿੰਘ ਉਰਫ ਹੈਪੀ ਨੂੰ ਵੇਚਦੇ ਹਨ। ਕ੍ਰਾਈਮ ਬ੍ਰਾਂਚ ਨੇ ਜਗਦੀਪ ਦੀ ਨਿਸ਼ਾਨਦੇਹੀ ’ਤੇ ਫਰਾਰ ਸ਼ੰਕਰ, ਅਸ਼ੋਕ ਤੇ ਗੁਰਮਿੰਦਰ ਨੂੰ ਦਬੋਚ ਲਿਆ। ਐੱਸ. ਪੀ. ਰਵੀ ਕੁਮਾਰ ਨੇ ਦੱਸਿਆ ਕਿ ਚੋਰਾਂ ਦੀ ਨਿਸ਼ਾਨਦੇਹੀ ’ਤੇ 50 ਲੱਖ ਰੁਪਏ ਦਾ ਸਾਮਾਨ ਰਿਕਵਰ ਕੀਤਾ  ਗਿਅਾ ਹੈ।  ਐੱਸ. ਪੀ. ਕ੍ਰਾਈਮ ਨੇ ਦੱਸਿਆ ਕਿ ਜਗਦੀਪ ਨੇ ਦੋਵਾਂ ਸਾਥੀਆਂ ਨਾਲ ਸੈਕਟਰ-34 ਦੀ ਕੋਠੀ ਵਿਚ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਬਣੇ ਦਫ਼ਤਰ ਵਿਚ ਸੰਨ੍ਹ ਲਾਈ ਸੀ। ਦਫਤਰ ਵਿਚੋਂ ਉਨ੍ਹਾਂ ਨੂੰ ਕੋਈ ਸਾਮਾਨ ਨਹੀਂ ਮਿਲਿਆ ਤਾਂ ਮੁਲਜ਼ਮ ਸੀ. ਸੀ. ਟੀ. ਵੀ. ਤੇ ਡੀ. ਵੀ. ਆਰ. ਨਾਲ ਲੈ ਗਏ ਸਨ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਸੈਕਟਰ-36 ਵਿਚ ਡਾਕਟਰ ਵਿਕਰਮ ਦੀ ਕੋਠੀ ’ਚੋਂ 18 ਲੱਖ ਰੁਪਏ ਦੇ ਗਹਿਣੇ ਚੋਰੀ ਕੀਤੇ ਸਨ। ਮੁਲਜ਼ਮਾਂ ਨੇ ਮੋਹਾਲੀ ਫੇਜ਼-7 ਤੋਂ ਇਕ ਡਬਲ ਬੈਰਲ ਬੰਦੂਕ, ਕੈਮਰਾ ਤੇ ਸੋਨੇ ਦੇ ਗਹਿਣੇ ਚੋਰੀ ਕੀਤੇ ਸਨ। ਮੁਲਜ਼ਮ ਅਸ਼ੋਕ ਨੇ ਡਬਲ ਬੈਰਲ ਬੰਦੂਕ ਅਯੁੱਧਿਆ ਵਿਚ ਆਪਣੇ ਸਾਥੀ ਨੂੰ ਦਿੱਤੀ ਹੈ। ਜਗਦੀਪ ਅੰਬਾਲਾ ਤੋਂ ਆ ਕੇ ਸਾਥੀਆਂ ਨਾਲ ਚੋਰੀ ਕਰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਚੋਰੀ ਦੇ  16 ਮਾਮਲੇ  ਸੁਲਝਾਏ ਹਨ। ਇਨ੍ਹਾਂ ਵਿਚ ਸੈਕਟਰ-39 ਥਾਣੇ ਦੇ 6 ਕੇਸ, ਸੈਕਟਰ-36 ਥਾਣੇ ਦੇ 4, ਮੌਲੀਜਾਗਰਾਂ ਥਾਣੇ ਦੇ 2, ਸੈਕਟਰ-31, 49, 3 ਥਾਣੇ ਦਾ ਇਕ-ਇਕ ਕੇਸ  ਹੱਲ ਹੋਏ ਹਨ। 
 ਹੀਰੇ ਦੇ ਗਹਿਣੇ, ਤਿੰਨ ਸਾਲੀਟੇਅਰ ਡਾਇਮੰਡ ਰਿੰਗ, ਦੋ ਜੋਡ਼ੀਅਾਂ ਸਾਲੀਟੇਅਰ ਡਾਇਮੰਡ ਟਾਪਸ ਤੇ ਡੇਢ ਲੱਖ ਰੁਪਏ ਕੈਸ਼, ਪੰਜ ਸੋਨੇ ਦੇ ਨੈਕਲੇਸ, ਚਾਰ ਸੋਨੇ ਦੀਅਾਂ ਚੇਨਾਂ, ਦੋ ਸੋਨੇ ਦੇ ਲਾਕੇਟ, ਪੰਜ ਸੋਨੇ ਦੀਅਾਂ ਅੰਗੂਠੀਅਾਂ, ਇਕ ਸੋਨੇ ਦਾ ਮੰਗਲਸੂਤਰ, ਚਾਰ ਜੋਡ਼ੀਅਾਂ ਸੋਨੇ ਦੇ ਟਾਪਸ, ਚਾਰ ਜੋਡ਼ੀਅਾਂ ਕੰਨਾਂ ਦੀਆਂ ਵਾਲੀਅਾਂ, ਰੈੱਡ ਸਟੋਨ ਲੱਗੀਆਂ ਦੋ ਜੋਡ਼ੀਅਾਂ ਸੋਨੇ ਦੀਅਾਂ ਅੰਗੂਠੀਅਾਂ ਤੇ ਦੋ ਜੋਡ਼ੀਅਾਂ ਸੋਨੇ ਦੇ ਝੁਮਕੇ, ਦੋ ਜੋਡ਼ੀਅਾਂ ਚਾਂਦੀ ਦੇ ਬਰੈਸਲੇਟ, ਦਸ ਚਾਂਦੀ ਦੇ ਸਿੱਕੇ, 13 ਚਾਂਦੀ ਦੀਆਂ ਅੰਗੂਠੀਆਂ, ਚਾਂਦੀ ਦੀਆਂ ਚੂਡ਼ੀਆਂ, ਚਾਰ ਚਾਂਦੀ ਦੇ ਪੈਂਡਲ ਸੈੱਟ, 6 ਚਾਂਦੀ ਦੀਆਂ ਝਾਂਜਰਾਂ ਦੀ ਜੋਡ਼ੀ, ਇਕ ਚਾਂਦੀ ਦਾ ਕਡ਼ਾ ਤੇ ਇਕ ਚਾਂਦੀ ਦਾ ਨੈਕਲੇਸ, ਇਕ ਐੱਲ. ਸੀ. ਡੀ., ਇਕ ਐੱਲ. ਈ. ਡੀ., ਇਕ ਡੀ. ਵੀ. ਆਰ., ਬੀ. ਐੱਮ. ਡਬਲਿਊ. ਸਮੇਤ ਪੰਜ ਗੱਡੀਆਂ ਦੀਆਂ ਚਾਬੀਆਂ, ਸੱਤ ਘਡ਼ੀਆਂ, ਦੋ ਲੇਡੀਜ਼ ਬੈਗ  ਤੇ 500 ਸਿੱਕੇ ਆਦਿ।
ਇੰਝ ਵਾਰਦਾਤ ਨੂੰ ਦਿੰਦੇ ਸਨ ਅੰਜਾਮ
 ਜਗਦੀਪ ਸਿੰਘ ਸਵੇਰੇ ਆਲਟੋ ਕਾਰ ਵਿਚ ਚੰਡੀਗਡ਼੍ਹ ਆ ਕੇ ਬੰਦ ਕੋਠੀਆਂ ਦੀ ਪਛਾਣ ਕਰਦਾ ਸੀ ਤੇ ਸ਼ਾਮ ਹੁੰਦਿਅਾਂ ਹੀ ਉਹ ਆਪਣੇ ਗਿਰੋਹ ਦੇ ਦੋ ਮੈਂਬਰਾਂ ਸ਼ੰਕਰ ਥਾਪਾ ਤੇ ਅਸ਼ੋਕ ਕੁਮਾਰ ਨਾਲ ਕੋਠੀ ਕੋਲ ਪੁੱਜਦਾ ਸੀ। ਸਾਢੇ 12 ਵੱਜਦਿਅਾਂ ਹੀ ਸ਼ੰਕਰ ਤੇ ਅਸ਼ੋਕ ਕੋਠੀ ਵਿਚ ਸੰਨ੍ਹ ਲਾ ਕੇ ਚੋਰੀ ਕਰਦੇ ਸਨ ਅਤੇ ਜਗਦੀਪ ਗੱਡੀ ਵਿਚ ਬਾਹਰ ਲੋਕਾਂ ’ਤੇ ਨਜ਼ਰ ਰੱਖਦਾ ਸੀ। ਚੋਰੀ ਤੋਂ ਬਾਅਦ ਸ਼ੰਕਰ, ਅਸ਼ੋਕ ਪਲਸੌਰਾ ਸਥਿਤ ਘਰ ਤੇ ਜਗਦੀਪ ਅੰਬਾਲਾ ਚਲਾ ਜਾਂਦਾ ਸੀ। ਚੋਰੀ ਦੇ ਗਹਿਣੇ  ਬਡਹੇੜੀ ਦੇ ਜਿਊਲਰ ਗੁਰਮਿੰਦਰ ਸਿੰਘ ਉਰਫ ਹੈਪੀ ਨੂੰ ਵੇਚ ਕੇ ਉਹ ਆਪਣਾ-ਆਪਣਾ ਹਿੱਸਾ ਵੰਡ ਲੈਂਦੇ ਸਨ।  
ਕਰਜ਼ਾ ਉਤਾਰਨ ਲਈ ਚੋਰੀਅਾਂ ਕਰਨੀਅਾਂ ਕੀਤੀਅਾਂ ਸ਼ੁਰੂ
 ਪੁਲਸ ਨੇ ਦੱਸਿਆ ਕਿ ਜਗਦੀਪ ਸਿੰਘ ’ਤੇ ਪੰਜਾਬ ਵਿਚ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਦਾ ਕੇਸ ਦਰਜ ਹੋਇਆ ਸੀ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਪਟਿਆਲਾ ਜੇਲ ਭੇਜ ਦਿੱਤਾ ਸੀ ਅਤੇ ਉੱਥੇ ਉਸ ਦੀ ਦੋਸਤੀ ਮੋਹਨੀ ਨਾਂ ਦੇ ਕੈਦੀ ਨਾਲ ਹੋਈ। ਮੋਹਨੀ ਨੂੰ ਉਸ ਨੇ ਆਪਣਾ ਕਰਜ਼ਾ ਉਤਰਵਾਉਣ ਵਿਚ ਮਦਦ ਕਰਨ ਲਈ ਕਿਹਾ। ਜ਼ਮਾਨਤ ’ਤੇ ਜੇਲ ਤੋਂ ਬਾਹਰ ਆਉਣ ’ਤੇ ਮੋਹਨੀ ਨੇ ਜਗਦੀਪ ਦੀ ਜਾਣ-ਪਛਾਣ ਚੋਰ ਸ਼ੰਕਰ ਥਾਪਾ ਤੇ ਅਸ਼ੋਕ ਕੁਮਾਰ ਨਾਲ ਕਰਵਾਈ। ਇਸ ਤੋਂ ਬਾਅਦ ਤਿੰਨੇ ਗਿਰੋਹ ਬਣਾ ਕੇ ਚੋਰੀ ਕਰਨ ਲੱਗੇ। ਉਥੇ ਹੀ ਦੋਵੇਂ ਮੁਲਜ਼ਮ ਮੌਜ-ਮਸਤੀ ਤੇ ਜੂਆ ਖੇਡਣ ਲਈ ਚੋਰੀ ਕਰਦੇ ਸਨ।  
 


Related News