ਸੇਖਪੁਰਾ ਦੀ ਕੋਆਪ੍ਰੇਟਿਵ ਬੈਂਕ ''ਚ ਚੋਰੀ ਦੀ ਕੋਸ਼ਿਸ਼

Thursday, Oct 05, 2017 - 02:20 AM (IST)

ਸੇਖਪੁਰਾ ਦੀ ਕੋਆਪ੍ਰੇਟਿਵ ਬੈਂਕ ''ਚ ਚੋਰੀ ਦੀ ਕੋਸ਼ਿਸ਼

ਤਲਵੰਡੀ ਸਾਬੋ(ਮੁਨੀਸ਼)-ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸੇਖਪੁਰਾ ਵਿਖੇ ਕੋਆਪ੍ਰੇਟਿਵ ਬੈਂਕ ਦੀ ਬ੍ਰਾਂਚ 'ਚ ਬੀਤੀ ਰਾਤ ਕੁੱਝ ਲੁਟੇਰਿਆਂ ਵੱਲੋਂ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਪਿੰਡ ਸੇਖਪੁਰਾ ਵਿਖੇ ਫੋਕਲ ਪੁਆਇੰਟ 'ਚ ਸਥਿਤ ਕੋਆਪ੍ਰੇਟਿਵ ਬੈਂਕ ਦੀ ਬ੍ਰਾਂਚ ਦੇ ਪਿਛਲੇ ਪਾਸੇ ਖਿੜਕੀ ਨੂੰ ਬੀਤੀ ਰਾਤ ਕੁੱਝ ਲੁਟੇਰਿਆਂ ਵੱਲੋਂ ਕਥਿਤ ਤੌਰ 'ਤੇ ਚੋਰੀ ਦੀ ਨੀਅਤ ਨਾਲ ਸੰਨ੍ਹ ਲਾ ਲਈ ਗਈ। ਚੋਰਾਂ ਨੇ ਸੰਨ੍ਹ ਲਾ ਕੇ ਬੈਂਕ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੋਰੀ ਕਰ ਲਏ, ਇਸ ਨਾਲ ਹੀ ਬੈਂਕ ਦੀ ਐੱਲ.ਸੀ.ਡੀ. ਅਤੇ ਕੰਪਿਊਟਰ ਸਿਸਟਮ ਵੀ ਚੋਰੀ ਕੀਤਾ ਜਾਣਾ ਸੀ ਪਰ ਸਾਹਮਣੇ ਇਕ ਗੋਦਾਮ 'ਚ ਚੌਕੀਦਾਰ ਨੂੰ ਖੜਕਾ ਸੁਣਨ 'ਤੇ ਜਦੋਂ ਉਹ ਆਪਣਾ ਦਰਵਾਜ਼ਾ ਖੋਲ੍ਹ ਰਿਹਾ ਸੀ ਤਾਂ ਚੋਰ ਕੰਪਿਊਟਰ ਅਤੇ ਐੱਲ.ਸੀ.ਡੀ. ਉਥੇ ਹੀ ਛੱਡ ਕੇ ਭੱਜ ਗਏ ਭਾਵੇਂ ਕਿ ਚੋਰ ਆਪਣੇ ਨਾਲ ਬੈਂਕ ਦੇ ਤਿੰਨ ਸੀ.ਸੀ.ਟੀ.ਵੀ. ਕੈਮਰੇ ਚੋਰੀ ਕਰ ਕੇ ਲੈ ਗਏ। ਇੰਨਾ ਹੀ ਨਹੀਂ ਕਥਿਤ ਚੋਰ ਚੋਰੀ ਸਮੇਂ ਵਰਤੇ ਗਏ ਆਪਣੇ ਸੰਦ ਵੀ ਘਟਨਾ ਸਥਾਨ 'ਤੇ ਹੀ ਸੁੱਟ ਕੇ ਭੱਜ ਗਏ। ਇਸ ਘਟਨਾ ਦਾ ਸਵੇਰੇ ਕਰੀਬ 6 ਵਜੇ ਬੈਂਕ ਅਧਿਕਾਰੀਆਂ ਨੂੰ ਪਤਾ ਲੱਗਾ, ਜਿਨ੍ਹਾਂ ਤੁਰੰਤ ਤਲਵੰਡੀ ਸਾਬੋ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਜਿਸ 'ਤੇ ਵਰਿੰਦਰ ਸਿੰਘ ਡੀ. ਐੱਸ. ਪੀ. ਤੇ ਮਨੋਜ ਸ਼ਰਮਾ ਥਾਣਾ ਮੁਖੀ ਨੇ ਘਟਨਾ ਸਥਾਨ 'ਤੇ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ। ਤਲਵੰਡੀ ਸਾਬੋ ਪੁਲਸ ਨੇ ਬੈਂਕ ਮੈਨੇਜਰ ਅਸ਼ੋਕ ਕੁਮਾਰ ਦੇ ਬਿਆਨਾਂ 'ਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੈਂਕ ਦੀ ਸੁਰੱਖਿਆ ਰਾਤ ਸਮੇਂ ਰਾਮ ਭਰੋਸੇ 
ਪਿੰਡ ਸੇਖਪੁਰਾ ਵਿਖੇ ਕੋਆਪ੍ਰੇਟਿਵ ਬੈਂਕ ਦੀ ਬ੍ਰਾਂਚ ਦੀ ਰਾਤ ਸਮੇਂ ਸੁਰੱਖਿਆ ਰਾਮ ਭਰੋਸੇ ਹੈ। ਬੈਂਕ 'ਚ ਦਿਨ ਸਮੇਂ ਭਾਵੇਂ ਕਿ ਇਕ ਸਕਿਓਰਿਟੀ ਗਾਰਡ ਦਾ ਪ੍ਰਬੰਧ ਕੀਤਾ ਹੋਈਆ ਹੈ ਪਰ ਰਾਤ ਸਮੇਂ ਨਾ ਕੋਈ ਚੌਕੀਦਾਰ ਤੇ ਨਾ ਹੀ ਸਕਿਓਰਿਟੀ ਗਾਰਡ ਬੈਂਕ ਵਿਚ ਮੌਜੂਦ ਹੁੰਦਾ ਹੈ, ਇਸ ਤੋਂ ਪਹਿਲਾਂ ਵੀ ਬੈਂਕ ਦੇ ਜਿੰਦੇ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਸਮੇਂ ਵੀ ਚੋਰ ਨਾਕਾਮ ਰਹੇ ਸਨ। ਬੈਂਕ ਮੈਨੇਜਰ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਇਕ ਹੋਰ ਸਕਿਓਰਿਟੀ ਗਾਰਡ ਲਈ ਉਨ੍ਹਾਂ ਕਈ ਵਾਰ ਉਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਹੈ ਪਰ ਉਸ ਦਾ ਕੋਈ ਪ੍ਰਬੰਧ ਨਹੀਂ ਹੋ ਸਕਿਆ।
 


Related News