ਖੁਰਾਕ ਵਿਭਾਗ ਦੇ ਇੰਸਪੈਕਟਰ ਦੀ ਕੋਠੀ ''ਚ ਚੋਰੀ
Sunday, Sep 17, 2017 - 04:23 AM (IST)
ਲੁਧਿਆਣਾ(ਮਹੇਸ਼)-ਪੱਖੋਵਾਲ ਦੇ ਸੈਂਟਰਲ ਟਾਊਨ ਇਲਾਕੇ ਵਿਚ ਚੋਰ ਸ਼ੁੱਕਰਵਾਰ ਰਾਤ ਖੁਰਾਕ ਵਿਭਾਗ ਦੇ ਇਕ ਇੰਸਪੈਕਟਰ ਦੀ ਕੋਠੀ 'ਤੇ ਹੱਥ ਸਾਫ਼ ਕਰ ਗਏ। ਚੋਰ ਗਹਿਣਿਆਂ ਤੇ ਨਕਦੀ ਨਾਲ ਭਰਿਆ ਇਲੈਕਟ੍ਰਾਨਿਕ ਲਾਕਰ, ਲਾਇਸੈਂਸੀ ਰਿਵਾਲਵਰ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਲਾਕਰ ਵਿਚ 8 ਲੱਖ ਰੁਪਏ ਦੇ ਗਹਿਣੇ ਤੇ 2 ਲੱਖ ਰੁਪਏ ਦੀ ਨਕਦੀ ਸੀ ਜਦਕਿ ਕੋਠੀ ਦੇ ਉਪਰ ਰਹਿਣ ਵਾਲੇ ਕਿਰਾਏਦਾਰਾਂ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ। ਸਦਰ ਪੁਲਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ। ਇੰਸਪੈਕਟਰ ਪ੍ਰਭਜੋਤ ਸਿੰਘ ਸੁਧਾਰ ਵਿਚ ਤਾਇਨਾਤ ਹਨ। ਉਹ ਆਪਣੀ ਪਤਨੀ ਨਵਦੀਪ ਕੌਰ ਨਾਲ ਸੈਂਟਰਲ ਟਾਊਨ ਵਿਚ ਰਹਿੰਦੇ ਹਨ। ਨਵਦੀਪ ਬਲਾਕ ਡਿਵੈੱਲਪਮੈਂਟ ਅਫਸਰ ਹੈ। ਉਨ੍ਹਾਂ ਦੀ ਪੋਸਟਿੰਗ ਦੋਰਾਹੇ ਵਿਚ ਹੈ। ਕੋਠੀ ਦਾ ਉਪਰਲਾ ਹਿੱਸਾ ਉਨ੍ਹਾਂ ਨੇ ਇਕ ਪਰਿਵਾਰ ਨੂੰ ਕਿਰਾਏ 'ਤੇ ਦਿੱਤਾ ਹੋਇਆ ਹੈ। ਕੋਠੀ ਵੀ ਪੇਂਟ ਦੇ ਕਾਰੀਗਰ ਕੰਮ ਲੱਗੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਪੇਂਟ ਦਾ ਕੰਮ ਚੱਲਣ ਕਾਰਨ ਰਾਤ ਨੂੰ ਪ੍ਰਭਜੋਤ ਪਤਨੀ ਨਾਲ ਕੋਠੀ ਨੇੜੇ ਇਕ ਘਰ ਵਿਚ ਸੌਣ ਲਈ ਚਲੇ ਗਏ ਸਨ। ਸ਼ਨੀਵਾਰ ਸਵੇਰੇ 8 ਵਜੇ ਜਦੋਂ ਪ੍ਰਭਜੋਤ ਘਰ ਆਏ ਅਤੇ ਉਨ੍ਹਾਂ ਨੇ ਲਾਕ ਖੋਲ੍ਹਿਆ ਤਾਂ ਸਾਰਾ ਸਾਮਾਨ ਖਿੱਲਰਿਆ ਪਿਆ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਲਾਕਰ ਵਿਚ ਨਕਦੀ ਤੇ ਗਹਿਣੇ, ਲਾਇਸੈਂਸੀ ਰਿਵਾਲਵਰ ਤੋਂ ਇਲਾਵਾ ਹੋਰ ਕੀਮਤੀ ਸਾਮਾਨ ਗਾਇਬ ਸੀ, ਜਿਸ 'ਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਲਲਤੋਂ ਚੌਕੀ ਪੁਲਸ ਘਟਨਾ ਸਥਾਨ 'ਤੇ ਪਹੁੰਚੀ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਚੋਰ ਗਰਿੱਲ ਤੋੜ ਕੇ ਅੰਦਰ ਦਾਖਲ ਹੋਏ ਅਤੇ ਸਾਰਾ ਸਾਮਾਨ ਲੈ ਕੇ ਇਸੇ ਰਸਤੇ ਤੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਆਲੇ- ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਫਿਲਹਾਲ ਅਜੇ ਤੱਕ ਉਨ੍ਹਾਂ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ।
