ਝੋਨੇ ਦੀ ਫਸਲ ਦਾ ਝਾੜ ਵਧਿਆ, ਖਰੀਦ ਨੇ ਰਿਕਾਰਡ ਤੋੜਿਆ

Thursday, Nov 16, 2023 - 04:36 PM (IST)

ਝੋਨੇ ਦੀ ਫਸਲ ਦਾ ਝਾੜ ਵਧਿਆ, ਖਰੀਦ ਨੇ ਰਿਕਾਰਡ ਤੋੜਿਆ

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਇਸ ਵਾਰ ਝੋਨੇ ਦੀ ਫਸਲ ਦਾ ਝਾੜ ਵਧਣ ਕਾਰਨ ਖਰੀਦ ਨੇ ਵੀ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਹੁਣ ਤਕ ਸਰਕਾਰੀ ਏਜੰਸੀਆਂ ਨੇ 13 ਲੱਖ 91 ਹਜ਼ਾਰ 736 ਕੁਇੰਟਲ ਝੋਨਾ ਖਰੀਦ ਕੀਤਾ ਹੈ। ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਸਾਲ ਮਾਛੀਵਾੜਾ ਦਾਣਾ ਮੰਡੀ ਅਤੇ ਇਸ ਨਾਲ ਸਬੰਧਿਤ ਖਰੀਦ ਕੇਂਦਰ ਬੁਰਜ ਪਵਾਤ, ਹੇਡੋਂ ਬੇਟ ਤੇ ਸ਼ੇਰਪੁਰ ਬੇਟ ਵਿਖੇ 13 ਲੱਖ 29 ਹਜ਼ਾਰ ਕੁਇੰਟਲ ਝੋਨੇ ਦੀ ਖਰੀਦ ਹੋਈ ਸੀ ਪਰ ਇਸ ਵਾਰ ਝੋਨੇ ਦੀ ਫਸਲ ਦਾ ਝਾੜ ਵਧਿਆ, ਜਿਸ ਕਾਰਨ ਇਹ ਖਰੀਦ 13 ਲੱਖ 91 ਹਜ਼ਾਰ ਤਕ ਪਹੁੰਚ ਗਈ ਅਤੇ ਅਜੇ ਵੀ 25 ਹਜ਼ਾਰ ਤੋਂ 40 ਹਜ਼ਾਰ ਕੁਇੰਟਲ ਦੇ ਕਰੀਬ ਝੋਨਾ ਮੰਡੀਆਂ ਵਿਚ ਆਉਣ ਦੀ ਸੰਭਾਵਨਾ ਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਬੈਟਿੰਗ ਐਪਸ ’ਤੇ ਵਿਖਾਏ ਜਾ ਰਹੇ ਵੱਡੀਆਂ ਹਸਤੀਆਂ ਦੇ ਇਸ਼ਤਿਹਾਰਾਂ ’ਤੇ ਲਗਾਮ ਕੱਸਣ ਦੀ ਤਿਆਰੀ ’ਚ ਕੇਂਦਰ ਸਰਕਾਰ

ਸਭ ਤੋਂ ਵੱਧ ਫਸਲ ਪਨਗ੍ਰੇਨ ਨੇ ਖਰੀਦੀ
ਸਭ ਤੋਂ ਵੱਧ ਫਸਲ 5 ਲੱਖ 40 ਹਜ਼ਾਰ ਕੁਇੰਟਲ ਪਨਗ੍ਰੇਨ ਏਜੰਸੀ ਨੇ ਖਰੀਦੀ। ਮਾਛੀਵਾਡ਼ਾ ਮੰਡੀ ਵਿਚ ਹੁਣ ਤਕ 12 ਲੱਖ 67 ਹਜ਼ਾਰ 868 ਕੁਇੰਟਲ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ, ਜਦਕਿ 1 ਲੱਖ 23 ਹਜ਼ਾਰ 867 ਕੁਇੰਟਲ ਲਿਫਟਿੰਗ ਦੇ ਇੰਤਜ਼ਾਰ ਵਿਚ ਪਿਆ ਹੈ। ਇਸ ਵਾਰ ਬਾਸਮਤੀ ਦੀ ਫਸਲ ਵੀ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਈ ਅਤੇ ਝੋਨੇ ਦੀ ਫਸਲ ਦਾ ਵੀ ਝਾੜ ਵੱਧ ਨਿਕਲਣ ਕਾਰਨ ਕਿਸਾਨਾਂ ਲਈ ਇਹ ਫਸਲ ਆਰਥਿਕ ਪੱਖੋਂ ਲਾਭਦਾਇਕ ਰਹੀ।

ਉਪ ਖਰੀਦ ਕੇਂਦਰ ਬੰਦ ਹੋਣ ਕਾਰਨ ਕਿਸਾਨ ਪ੍ਰੇਸ਼ਾਨ
ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਨਵੇਂ ਫੁਰਮਾਨਾਂ ਅਨੁਸਾਰ ਇਹ ਪਹਿਲੀ ਵਾਰ ਹੋਇਆ ਹੈ ਕਿ ਮੰਡੀਆਂ ਵਿਚ ਫਸਲ ਦੀ ਸਰਕਾਰੀ ਖਰੀਦ ਤਾਂ ਚਾਲੂ ਹੈ ਪਰ ਉਪ ਖਰੀਦ ਕੇਂਦਰ ਬੰਦ ਕਰ ਦਿੱਤੇ ਗਏ ਹਨ। ਮਾਛੀਵਾੜਾ ਨਾਲ ਸਬੰਧਿਤ ਉਪ ਖਰੀਦ ਕੇਂਦਰ ਬੁਰਜ ਪਵਾਤ, ਸ਼ੇਰਪੁਰ ਬੇਟ, ਲੱਖੋਵਾਲ ਕਲਾਂ ਅਤੇ ਹੇਡੋਂ ਬੇਟ ਵਿਖੇ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਹੁਣ ਦੂਰ ਮਾਛੀਵਾੜਾ ਮੰਡੀ ’ਚ ਆਉਣਾ ਪਵੇਗਾ, ਜੋ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇਗਾ। ਸਰਕਾਰ ਵਲੋਂ ਬੇਸ਼ੱਕ ਇਹ ਫੈਸਲਾ ਬਾਹਰਲੇ ਸੂਬਿਆਂ ਤੋਂ ਆਉਣ ਵਾਲਾ ਸਸਤਾ ਝੋਨਾ ਪੰਜਾਬ ਦੀਆਂ ਮੰਡੀਆਂ ਵਿਚ ਵਿਕਣ ਆਉਣ ਦੀਆਂ ਚਰਚਾਵਾਂ ਕਾਰਨ ਲਿਆ ਗਿਆ ਹੈ ਪਰ ਉਪ ਖਰੀਦ ਕੇਂਦਰ ਬੰਦ ਹੋਣ ਕਾਰਨ ਆੜ੍ਹਤੀ ਤੇ ਕਿਸਾਨ ਪ੍ਰੇਸ਼ਾਨ ਹਨ ਕਿ ਉਨ੍ਹਾਂ ਨੂੰ ਹੁਣ ਸਿਰਫ਼ ਮਾਛੀਵਾੜਾ ਮੰਡੀ ਵਿਚ ਹੀ ਝੋਨੇ ਦੀ ਸਫ਼ਾਈ ਤੇ ਤੁਲਾਈ ਕਰਨੀ ਪਵੇਗੀ।

ਇਹ ਵੀ ਪੜ੍ਹੋ : ਮੋਗਾ ਜ਼ਿਲ੍ਹਾ ਪ੍ਰਸ਼ਾਸਨ ਪਰਾਲੀ ਸਾੜਨ ਸਬੰਧੀ ਪੂਰੀ ਤਰ੍ਹਾਂ ਸਖ਼ਤ, 35 ਕਿਸਾਨਾਂ ''ਤੇ ਮਾਮਲੇ ਦਰਜ    

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News