ਔਰਤਾਂ ਨੇ ਰੋਸ ਰੈਲੀ ਕਰਕੇ ਸਰਕਾਰ, ਬੈਂਕ ਅਤੇ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਵਿਰੁੱਧ ਕੀਤੀ ਨਾਅਰੇਬਾਜ਼ੀ

Monday, Aug 17, 2020 - 06:35 PM (IST)

ਭਵਾਨੀਗੜ੍ਹ(ਕਾਂਸਲ) - ਮਜ਼ਦੂਰ ਮੁਕਤੀ ਮੋਰਚਾ ਅਤੇ ਸੀ.ਪੀ.ਆਈ.ਐਮ. ਲਿਬਰੇਸ਼ਨ ਵੱਲੋਂ ਔਰਤ ਕਰਜ਼ਾ ਮੁਕਤੀ ਅੰਦੋਲਨ ਦੀ ਆਗੂ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਪਿੰਡ ਰੇਤਗੜ੍ਹ ਵਿਖੇ ਪਿੰਡ ਵਾਸੀਆਂ ਵੱਲੋਂ ਕੀਤੀ ਗਈ ਰੋਸ ਰੈਲੀ ਦੌਰਾਨ ਸਰਕਾਰ, ਬੈਂਕਾਂ ਅਤੇ ਫਾਇਨਾਂਸ ਕੰਪਨੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਆਪਣੇ ਸੰਬੋਧਨ 'ਚ ਆਗੂਆਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਲੋਕਾਂ ਲਈ ਸਰਕਾਰ ਦੀ ਕਾਰਗੁਜਾਰੀ ਬੇਹੱਦ ਹੀ ਨਿਰਾਸ਼ਾਯੋਗ ਸੀ। ਸੰਕਟ ਦੀ ਇਸ ਘੜੀ 'ਚ ਸਰਕਾਰ ਦੀ ਸਹਾਇਤਾ ਤੋਂ ਬੇਆਸ ਹੋਏ ਲੋਕ ਆਪ ਮੁਹਾਰੇ ਹੀ ਇਸ ਮਹਾਮਾਰੀ ਨਾਲ ਲੜੇ ਹਨ। ਉਨ੍ਹਾਂ ਕਿਹਾ ਕਿ ਇਸ ਸੰਕਟ ਦੌਰਾਨ ਸਰਕਾਰ ਵੱਲੋਂ ਫੋਕੀਆਂ ਇਸ਼ਤਿਹਾਰ ਬਾਜ਼ੀਆਂ ਤੋਂ ਇਲਾਵਾ ਗਰੀਬ ਲੋਕਾਂ ਦੀ ਆਰਥਿਕ ਅਤੇ ਸਿਹਤ ਸਹੂਲਤਾਂ ਸੰਬੰਧੀ ਕੋਈ ਵੀ ਮਦਦ ਨਹੀਂ ਕੀਤੀ ਗਈ। ਉਲਟਾ ਸਰਕਾਰ ਵੱਲੋਂ ਪੂਰੇ ਦੇਸ਼ ਅੰਦਰ ਕੰਮ ਕਰ ਰਹੇ ਵੱਖ-ਵੱਖ ਸੂਬਿਆਂ ਦੇ ਮਜ਼ਦੂਰਾਂ ਨੂੰ ਸਹੂਲਤਾਂ ਦੇ ਕੇ ਘਰ ਭੇਜਣ ਦੀ ਬਜਾਏ ਪ੍ਰਸ਼ਾਸਨ ਵੱਲੋਂ ਸੜਕਾਂ 'ਤੇ ਕੁੱਟਮਾਰ ਕਰਕੇ ਕ੍ਰਿਤੀ ਲੋਕਾਂ ਦਾ ਅਪਮਾਨ ਕੀਤਾ ਗਿਆ। 

ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੀ ਆੜ ਹੇਠ ਪੂੰਜੀਪਤੀ ਪਰਿਵਾਰਾਂ ਦਾ 68 ਹਜ਼ਾਰ ਕਰੋੜ ਰੁਪਇਆ ਦਾ ਕਰਜ਼ਾ ਮੁਆਫ ਕੀਤਾ ਗਿਆ। ਪਰ ਗਰੀਬ ਲੋਕਾਂ, ਛੋਟੇ ਦੁਕਾਨਦਾਰਾਂ ਅਤੇ ਕਿਸਾਨਾਂ ਲਈ ਕੋਈ ਵੀ ਆਰਥਿਕ ਸਹੂਲਤ ਨਹੀਂ ਦਿੱਤੀ ਗਈ। ਜਿਨ੍ਹਾਂ ਸਿਰ ਅੱਜ ਵੀ ਕਰਜ਼ੇ ਵਾਲੀ ਤਲਵਾਰ ਉਸੇ ਤਰ੍ਹਾਂ ਲਟਕ ਰਹੀ ਹੈ ਅਤੇ ਬੈਂਕਾਂ ਅਤੇ ਫਾਈਨਾਂਸ ਕੰਪਨੀਆਂ ਵੱਲੋਂ ਇਨ੍ਹਾਂ ਨੂੰ ਕਰਜ਼ੇ ਭਰਨ ਲਈ ਤੰਗ ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਹਾਮਾਰੀ ਦੌਰਾਨ ਠੱਪ ਹੋ ਚੁੱਕੇ ਕੰਮਕਾਰ ਦੌਰਾਨ ਬੈਂਕਾਂ ਅਤੇ ਪ੍ਰਾਈਵੇਟ ਫਾਈਨਾਂਸ ਕੰਪਨੀਆ ਦੇ ਮੱਕੜ ਜਾਲ 'ਚ ਫਸੀਆਂ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਰੀਬ ਵਰਗ ਦੀਆਂ ਔਰਤਾਂ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਰਜਿਆਂ ਉਪਰ ਲਕੀਰ ਫੇਰ ਕੇ ਇਨ੍ਹਾਂ ਕਰਜ਼ਿਆਂ ਨੂੰ ਮੁਆਫ ਕੀਤੇ ਜਾਣ। ਇਸ ਤੋਂ ਇਲਾਵਾ ਇਨ੍ਹਾਂ ਨੂੰ ਆਪਣੇ ਕਾਰੋਬਾਰ ਮੁੜ ਸ਼ੁਰੂ ਕਰਨ ਲਈ ਵੀ ਸਰਕਾਰ ਕੋਈ ਆਰਥਿਕ ਮਦਦ ਦੇਵੇ। ਜੱਥੇਬੰਦੀ ਵੱਲੋਂ ਮਜ਼ਦੂਰ ਮੁਕਤੀ ਮੋਰਚਾ ਔਰਤਾਂ ਦੇ ਚਲ ਰਹੇ ਕਰਜ਼ਾ ਮੁਕਤੀ ਅੰਦੋਲਨ ਦੌਰਾਨ ਔਰਤਾਂ ਸਿਰ ਚੜ੍ਹੇ ਕਰਜ਼ੇ ਭਰਨ ਦਾ ਮੁਕੰਮਲ ਬਾਈਕਾਟ ਕੀਤਾ ਗਿਆ। ਉਨ੍ਹਾ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਗਰੀਬਾਂ ਦੀ ਬਾਂਹ ਨਾ ਫੜ੍ਹੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਅਮਰਜੀਤ ਕੌਰ, ਰਾਜ ਕੌਰ, ਸ਼ੇਰੋ ਕੌਰ, ਗੁਰਦੀਪ ਕੌਰ, ਜਸਵੀਰ ਕੌਰ ਫੱਗੂਵਾਲਾ, ਰਣਜੀਤ ਸਿੰਘ, ਗਰੀਬ ਦਾਸ ਅਤੇ ਜਸਵੀਰ ਸਿੰਘ ਵੀ ਮੌਜੂਦ ਸਨ।


Harinder Kaur

Content Editor

Related News