ਅਫ਼ਸਰਾਂ ਤੇ ‘ਆਪ’ ਆਗੂਆਂ ਤੋਂ ਤੰਗ ਆ ਕੇ ਮਹਿਲਾ ਸਰਪੰਚ ਨੇ ਪੀਤੀ ਸਪਰੇਅ, ਖੁਦਕੁਸ਼ੀ ਨੋਟ ''ਚ ਕਹੀ ਇਹ ਗੱਲ

Sunday, Dec 11, 2022 - 09:25 PM (IST)

ਮਾਨਸਾ/ਭੀਖੀ (ਜੱਸਲ, ਤਾਇਲ) : ਅਫਸਰਾਂ, ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਤੰਗ ਆ ਕੇ ਪਿੰਡ ਮੌਜੋ ਕਲਾਂ ਦੀ ਮਹਿਲਾ ਸਰਪੰਚ ਨੇ ਸਪਰੇਅ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਮਾਨਸਾ ਦਾਖ਼ਲ ਕਰਵਾਇਆ ਗਿਆ ਹੈ। ਮਹਿਲਾ ਸਰਪੰਚ ਵੱਲੋਂ ਸਪਰੇਅ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ ਅਤੇ ਮਜ਼ਦੂਰ ਮੁਕਤੀ ਮੋਰਚਾ ਖੁੱਲ੍ਹ ਕੇ ਉਸ ਦੀ ਹਮਾਇਤ ’ਤੇ ਆ ਗਿਆ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਵਾ ਕੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਮਹਿਲਾ ਸਰਪੰਚ ਵੱਲੋਂ ਸਪਰੇਅ ਪੀਣ ਤੋਂ ਪਹਿਲਾਂ ਇਕ ਨੋਟ ਵੀ ਲਿਖਿਆ ਗਿਆ, ਜਿਸ ਵਿਚ ਉਸ ਨੇ ਆਮ ਆਦਮੀ ਪਾਰਟੀ ਦੇ ਕੁੱਝ ਜ਼ਿਲ੍ਹਾ ਆਗੂਆਂ, ਵਿਭਾਗ ਦੇ ਕੁੱਝ ਅਫਸਰਾਂ ਵੱਲੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਮੜੇ ਗਏ ਹਨ। ਭੀਖੀ ਪੁਲਸ ਨੇ ਪੂਰੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਬੱਬੂ ਮਾਨ ਨੂੰ ਲੈ ਕੇ ਬੋਲੇ ​​ਸਿੱਧੂ ਮੂਸੇਵਾਲਾ ਦੇ ਪਿਤਾ, ਦਿੱਤੇ ਇਹ ਸੰਕੇਤ

ਸਪਰੇਅ ਪੀਣ ਵਾਲੀ ਪਿੰਡ ਮੌਜਦੀ ਮਹਿਲਾ ਸਰਪੰਚ ਰਾਜਦੀਪ ਕੌਰ ਨੇ ਨੋਟ ਵਿਚ ਲਿਖਿਆ ਹੈ ਕਿ ਉਸ ਨੇ ਕੁੱਝ ਸਮਾਂ ਪਹਿਲਾਂ ਪੰਚਾਇਤੀ ਤੌਰ ’ਤੇ ਮਜ਼ਦੂਰਾਂ ਦੇ ਹੱਕ ਵਿਚ ਕੁੱਝ ਫੈਸਲੇ ਲਏ ਸਨ ਅਤੇ ਮਜ਼ਦੂਰ ਪਰਿਵਾਰਾਂ ਦੀ ਹਮਾਇਤ ਕੀਤੀ ਸੀ। ਉਨ੍ਹਾਂ ਦੇ ਪੰਚਾਇਤੀ ਮਾਮਲਿਆਂ ਦੇ ਕੁੱਝ ਕੇਸ ਅਦਾਲਤ ਵਿਚ ਚੱਲ ਰਹੇ ਹਨ। ਪਰ ਕੁੱਝ ਅਫਸਰ ਅਤੇ ਸੱਤਾਧਾਰੀ ਪਾਰਟੀ ਦੇ ਨੇਤਾ ਧੱਕੇ ਨਾਲ ਉਨ੍ਹਾਂ ਦੀ ਸਰਪੰਚੀ ਖੋਹਣਾ ਚਾਹੁੰਦੇ ਹਨ ਅਤੇ ਮੀਟਿੰਗਾਂ ਆਦਿ ਦੇ ਬਹਾਨੇ ਉਨ੍ਹਾਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੇ ਹਨ, ਜਿਸ ਤੋਂ ਤੰਗ ਆ ਕੇ ਉਸ ਨੇ ਅੱਜ ਸਪਰੇਅ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਸ ਨੇ ਇਸ ਲਈ ਕੁੱਝ ਆਪ ਆਗੂਆਂ, ਪੰਚਾਇਤ ਵਿਭਾਗ ਦੇ ਕੁੱਝ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਿਆ। ਰਾਜਦੀਪ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਕਾਰਵਾਈ ਕੀਤੀ ਜਾਵੇ।

ਸਿਵਲ ਹਸਪਤਾਲ ਵਿਚ ਦਾਖਲ ਮਹਿਲਾ ਸਰਪੰਚ ਰਾਜਦੀਪ ਕੌਰ ਦਾ ਹਾਲ ਚਾਲ ਜਾਣਨ ਲਈ ਪਹੁੰਚੇ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਮਹਿਲਾ ਸਰਪੰਚ ਨੇ ਉਕਤ ਆਗੂਆਂ ਵੱਲੋਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਨੂੰ ਲੈ ਕੇ ਕਈ ਵਾਰ ਉਨ੍ਹਾਂ ਨੂੰ ਵੀ ਜਾਣੂ ਕਰਵਾਇਆ ਸੀ ਪਰ ਫਿਰ ਵੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰਵਾਏ ਅਤੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਥਾਣਾ ਭੀਖੀ ਮੁਖੀ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਮਾਮਲਾ ਹੁਣੇ ਹੀ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਉਹ ਇਸ ਦੀ ਜਾਂਚ ਪੜਤਾਲ ਕਰਵਾ ਰਹੇ ਹਨ।


Mandeep Singh

Content Editor

Related News