ਔਰਤ ਨੇ ਨਹਿਰ ''ਚ ਮਾਰੀ ਛਾਲ, ਸੜਕ ਸੁਰੱਖਿਆ ਫੋਰਸ ਨੇ ਬਚਾਈ ਜਾਨ
Friday, May 30, 2025 - 10:58 AM (IST)

ਫਾਜ਼ਿਲਕਾ (ਸੁਨੀਲ ਨਾਗਪਾਲ) : ਇੱਥੇ ਮਲੋਟ-ਫਾਜ਼ਿਲਕਾ ਰੋਡ 'ਤੇ ਪੈਂਦੇ ਪਿੰਡ ਇਸਲਾਮਵਾਲਾ ਵਿਖੇ ਅੱਜ ਸਵੇਰੇ 9 ਵਜੇ ਇੱਕ ਔਰਤ ਨੇ ਨਹਿਰ 'ਚ ਛਾਲ ਮਾਰ ਦਿੱਤੀl ਔਰਤ ਨਾਲ ਲੱਗਦੇ ਪਿੰਡ ਦੀ ਰਹਿਣ ਵਾਲੀ ਸੀ, ਜਿਸ ਦੀ ਉਮਰ ਕਰੀਬ 22-23 ਸਾਲ ਦੱਸੀ ਜਾ ਰਹੀ ਹੈ। ਔਰਤ ਸਕੂਟੀ 'ਤੇ ਸਵਾਰ ਹੋ ਕੇ ਨਹਿਰ ਦੇ ਨੇੜੇ ਆਈ ਅਤੇ ਉਸਦੇ ਮਗਰ ਹੀ ਉਸ ਦਾ ਪਤੀ ਆ ਗਿਆ। ਔਰਤ ਨੇ ਤੁਰੰਤ ਨਹਿਰ 'ਚ ਛਾਲ ਮਾਰ ਦਿੱਤੀ, ਜਿਸ ਨੂੰ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਤੁਰੰਤ ਮੌਕੇ 'ਤੇ ਪੁੱਜ ਕੇ ਸੁਰੱਖਿਅਤ ਬਾਹਰ ਕੱਢਿਆ ਅਤੇ ਉਸਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ।
ਹਸਪਤਾਲ 'ਚ ਉਸ ਦੇ ਪੇਟ 'ਚ ਭਰੇ ਹੋਏ ਪਾਣੀ ਨੂੰ ਬਾਹਰ ਕੱਢਿਆ ਗਿਆl ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਡਾਕਟਰ ਨੇ ਕਿਹਾ ਕਿ ਉਸਦੀ ਹਾਲਤ ਠੀਕ ਹੈl ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਆਪਣੇ ਪਤੀ ਨਾਲ ਕਿਸੇ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਕਾਰਨ ਉਸ ਵਲੋਂ ਇੰਨਾ ਵੱਡਾ ਕਦਮ ਚੁੱਕਿਆ ਗਿਆ।