ਭੇਤਭਰੀ ਹਾਲਤ ''ਚ ਔਰਤ ਦਾ ਕਤਲ

Tuesday, Jun 20, 2017 - 03:26 AM (IST)

ਅੰਮ੍ਰਿਤਸਰ,   (ਅਰੁਣ)- ਕੰਬੋਅ ਇਲਾਕੇ ਦੇ ਇਕ ਘਰ ਵਿਚ ਇਕੱਲੀ ਬਜ਼ੁਰਗ ਔਰਤ ਦਾ ਭੇਤਭਰੀ ਹਾਲਤ ਵਿਚ ਕਤਲ ਹੋ ਗਿਆ। ਮੌਕਾ-ਏ-ਵਾਰਦਾਤ ਮੁਤਾਬਿਕ ਇਸ ਵਾਰਦਾਤ ਨੂੰ ਚੋਰੀ ਦੀ ਨੀਅਤ ਨਾਲ ਘਰ 'ਚ ਵੜੇ ਲੁਟੇਰਿਆਂ ਵਲੋਂ ਅੰਜਾਮ ਦਿੱਤੇ ਜਾਣ ਦੇ ਸੰਕੇਤ ਮਿਲ ਰਹੇ ਹਨ। ਥਾਣਾ ਕੰਬੋਅ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੋਹਾਲੀ ਵਾਸੀ ਕੰਵਲਜੀਤ ਕੌਰ ਨੇ ਦੱਸਿਆ ਕਿ ਬੀਤੇ ਕੱਲ ਉਹ ਆਪਣੇ ਪੇਕੇ ਘਰ ਕੰਬੋਅ ਆਪਣੀ ਮਾਤਾ ਚੰਨਣ ਕੌਰ ਨੂੰ ਮਿਲਣ ਲਈ ਆਈ ਸੀ। ਮਿਲਣ ਤੋਂ ਬਾਅਦ ਉਹ ਖੰਡਵਾਲਾ ਸਥਿਤ ਕਿਸੇ ਰਿਸਤੇਦਾਰ ਵੱਲ ਚਲੇ ਗਏ। ਉਨ੍ਹਾਂ ਦੇ ਜਾਣ ਮਗਰੋਂ ਘਰ 'ਚ ਦਾਖਲ ਹੋਏ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਦੀ ਮਾਤਾ ਨੂੰ ਗਲਾ ਘੁਟ ਕੇ ਮਾਰ ਦਿੱਤਾ ਗਿਆ। ਸ਼ਾਮ ਨੂੰ ਵਾਪਿਸ ਘਰ ਪੁੱਜਣ 'ਤੇ ਦੇਖਿਆ ਤਾਂ ਘਰ ਦਾ ਦਰਵਾਜ਼ਾ ਖੁੱਲ੍ਹਾ ਅਤੇ ਸਾਮਾਨ ਖਿੱਲਰਿਆ ਪਿਆ ਸੀ। ਪੁਲਸ ਨੇ ਅੰਨ੍ਹੇ ਕਤਲ ਦਾ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। 
ਖਾਲੀ ਕਰਵਾਉਣ ਦੀ ਨੀਅਤ ਨਾਲ ਲਗਵਾਈ ਢਾਬੇ ਨੂੰ ਅੱਗ -ਕਿਰਾਏ ਲਈ ਇਮਾਰਤ ਵਿਚ ਚੱਲ ਰਹੇ ਢਾਬੇ ਨੂੰ ਖਾਲੀ ਕਰਵਾਉਣ ਦੀ ਨੀਅਤ ਨਾਲ ਰਕਮ ਖਰਚ ਦੇ ਢਾਬੇ ਨੂੰ ਅੱਗ ਲਗਵਾਉਣ ਸਬੰਧੀ ਸਿਵਲ ਲਾਈਨ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਵਿਚ ਰਾਜ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸ ਵੱਲੋਂ ਕਰੀਬ 40-45 ਸਾਲ ਪਹਿਲਾਂ ਰਾਮ ਚੰਦ ਨਾਮ ਦੇ ਵਿਅਕਤੀ ਕੋਲੋਂ ਦੁਕਾਨ ਕਿਰਾਏ 'ਤੇ ਲੈ ਕੇ ਢਾਬਾ ਸ਼ੁਰੂ ਕੀਤਾ ਗਿਆ ਸੀ। ਰਾਮ ਚੰਦ ਦੀ 35 ਸਾਲ ਪਹਿਲਾਂ ਮੌਤ ਹੋ ਗਈ ਅਤੇ ਬਾਅਦ ਵਿਚ ਇਸ ਦੁਕਾਨ ਦੇ ਕਈ ਮਾਲਕ ਬਣ ਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ। 18 ਜੂਨ ਦੀ ਸਵੇਰ 4 ਵਜੇ ਉਸ ਨੂੰ ਕਿਸੇ ਰਿਕਸ਼ੇ ਵਾਲੇ ਨੇ ਫੋਨ ਕਰਕੇ ਦੱਸਿਆ ਕਿ ਉਸ ਦੇ ਢਾਬੇ ਨੂੰ ਅੱਗ ਲੱਗੀ ਹੈ। ਮੌਕੇ 'ਤੇ ਪੁੱਜ ਕੇ ਦੇਖਿਆ ਤਾਂ ਉਸ ਦਾ ਢਾਬਾ ਸੜ ਚੁੱਕਿਆ ਸੀ, ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪੈਸੇ ਦੇ ਕੇ ਇਹ ਅੱਗ ਰਾਜੂ ਅਤੇ ਉਸ ਦੇ ਸਾਥੀਆਂ ਕੋਲੋਂ ਲਗਵਾਈ ਗਈ ਹੈ। ਪੁਲਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ। 
ਲਾਟਰੀ ਦੁਕਾਨ ਦੇ ਤਾਲੇ ਤੋੜ ਕੇ ਨਕਦੀ ਚੋਰੀ ਹਾਲ ਗੇਟ ਸਥਿਤ ਇਕ ਲਾਟਰੀ ਦੀ ਦੁਕਾਨ ਦੇ ਤਾਲੇ ਤੋੜਦਿਆਂ ਅਣਪਛਾਤੇ ਚੋਰਾਂ ਨੇ ਹਜ਼ਾਰਾਂ ਦੀ ਨਕਦੀ ਚੋਰੀ ਕਰ ਲਈ। ਦੁਕਾਨ ਮਾਲਕ ਪ੍ਰੇਮ ਨਾਥ ਦੀ ਸ਼ਿਕਾਇਤ 'ਤੇ ਉਸ ਦੀ ਲਾਟਰੀ ਦੀ ਦੁਕਾਨ ਦੇ ਤਾਲੇ ਤੋੜਦਿਆਂ ਅੰਦਰ ਪਈ 40-45 ਹਜ਼ਾਰ ਦੀ ਨਕਦੀ ਚੋਰੀ ਕਰਕੇ ਦੌੜੇ ਅਣਪਛਾਤੇ ਚੋਰਾਂ ਖਿਲਾਫ ਥਾਣਾ ਕੋਤਵਾਲੀ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ।
ਇਸੇ ਤਰ੍ਹਾਂ ਮੋਹਕਮਪੁਰਾ ਵਾਸੀ ਮੀਨੂੰ ਦੀ ਸ਼ਿਕਾਇਤ 'ਤੇ ਉਸ ਦੇ ਘਰ ਵਿਚ ਦਾਖਲ ਹੋ ਕਿਸੇ ਅਣਪਛਾਤੇ ਵਿਅਕਤੀ ਨੇ 20 ਹਜ਼ਾਰ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਜਾਣ ਸਬੰਧੀ ਥਾਣਾ ਰਾਮਬਾਗ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ। 


Related News